ਜਲੰਧਰ, 19 ਜੁਲਾਈ (ਐੱਮ. ਐੱਸ. ਲੋਹੀਆ) - ਸਿੱਖ ਤਾਲਮੇਲ ਕਮੇਟੀ ਨੇ ਇਕ ਬਿਆਨ ਜਾਰੀ ਕਰਕੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਬ-ਸਾਂਝੇ ਅਸਥਾਨ, ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਤਸਰ ਨੂੰ ਈ-ਮੇਲ ਰਾਹੀਂ ਧਮਕੀ ਦੇਣ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਸ਼ੁਭਮ ਦੂਬੇ 'ਤੇ ਤੁਰੰਤ ਨੈਸ਼ਨਲ ਸਕਿਓਰਟੀ ਐਕਟ (ਐਨ.ਐਸ.ਏ.) ਲਗਾਈ ਜਾਵੇ ਤੇ ਉਸ ਨੂੰ ਡਿਬੜੂਗੜ੍ਹ ਜੇਲ੍ਹ ਭੇਜਿਆ ਜਾਵੇ | ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਤੇ ਵਿੱਕੀ ਸਿੰਘ ਖ਼ਾਲਸਾ ਨੇ ਇਕ ਸਾਂਝੇ ਬਿਆਨ 'ਚ ਕਿਹਾ ਹੈ ਕਿ ਜਿਹੜੇ ਵੀ ਸਿੱਖ ਆਪਣੇ ਧਰਮ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਹਨ | ਉਨ੍ਹਾਂ 'ਤੇ ਮੌਕੇ ਦੀਆਂ ਸਰਕਾਰਾਂ ਵਲੋਂ ਐਨ.ਐਸ.ਏ. ਲਗਾ ਕੇ, ਉਨ੍ਹਾਂ ਨੂੰ ਡਿੱਬੜੂਗੜ੍ਹ ਜੇਲ੍ਹ 'ਚ ਭੇਜ ਦਿੱਤਾ ਜਾਂਦਾ ਹੈ ਪਰ ਸ਼ੁਭਮ ਦੂਬੇ, ਜੋ ਸਿੱਖਾਂ ਦੇ ਸਰਬ ਉੱਚ ਅਸਥਾਨ ਨੂੰ ਬੰਬਾਂ ਨਾਲ ਉਡਾਣ ਦੀਆਂ ਧਮਕੀਆਂ ਦੇ ਰਿਹਾ ਹੈ | ਉਸ 'ਤੇ ਜੇਕਰ ਦੇਸ਼ ਵਿਰੋਧੀ, ਧਰਮਾਂ 'ਚ ਪਾੜਾ ਪਾਉਣ ਤੇ ਅਤਿਵਾਦ ਵਿਰੋਧੀ ਧਰਾਵਾਂ ਹੇਠ ਪਰਚਾ ਦਰਜ ਕਰਕੇ ਐਨ.ਐਸ.ਏ. ਅਧੀਨ ਨਜ਼ਰਬੰਦ ਨਾ ਕੀਤਾ ਗਿਆ ਤਾਂ ਇਹ ਸਮਝਿਆ ਜਾਵੇਗਾ ਕਿ ਇਸ ਦੇਸ਼ 'ਚ ਜੋ ਕਾਨੂੰਨ ਲਾਗੂ ਹਨ, ਉਹ ਸਿੱਖ ਨੌਜਵਾਨਾਂ ਲਈ ਹੋਰ ਅਤੇ ਵੱਖਵਾਦੀ ਤਾਕਤਾਂ ਲਈ ਉਹ ਕਾਨੂੰਨ ਹੋਰ ਹਨ | ਆਗੂਆਂ ਨੇ ਕਿਹਾ ਕਿ ਉਹ ਸਮੁੱਚੇ ਸਿੱਖ ਪੰਥ ਨੂੰ ਅਪੀਲ ਕਰਦੇ ਹਨ ਕਿ ਅਜਿਹੀਆਂ ਤਾਕਤਾਂ ਵਿਰੁੱਧ ਸੁਚੇਤ ਹੋ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਸਮਾਜ ਵਿਰੋਧੀ, ਧਰਮ ਵਿਰੋਧੀ, ਦੇਸ਼ ਵਿਰੋਧੀ, ਤਾਕਤਾਂ ਦੇ ਗੰਦੇ ਮਨਸੂਬੇ ਕਦੇ ਪੂਰਨ ਨਾ ਹੋ ਸਕਣ | ਉਨ੍ਹਾਂ ਕਿਹਾ ਕਿ ਅਜਿਹਾ ਮਹਿਸੂਸ ਹੁੰਦਾ ਹੈ ਕਿ ਅਜਿਹੀਆਂ ਹਰਕਤਾਂ ਪਿੱਛੇ ਕੋਈ ਹੋਰ ਵੱਡੀ ਸਾਜਿਸ਼ ਵੀ ਹੋ ਸਕਦੀ ਹੈ ਜੋ ਕਿ ਸਾਂਝੀਵਾਲਤਾ ਦੇ ਅਸਥਾਨ 'ਤੇ ਆਉਣ ਵਾਲੀ ਸੰਗਤ ਦੇ ਦਿਲਾਂ 'ਚ ਡਰ ਪੈਦ ਕਰਨ ਲਈ ਰਚੀ ਗਈ ਹੋਵੇ ਪਰ ਸੰਗਤ ਅਜਿਹੇ ਡਰ ਤੋਂ ਉੱਪਰ ਉੱਠ ਕੇ ਗੁਰੂ ਘਰ ਦੇ ਚਰਨਾਂ 'ਚ ਆਉਂਦੀ ਰਹੇਗੀ ਹੈ |