ਜਲੰਧਰ, 19 ਜੁਲਾਈ (ਸ਼ਿਵ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਵਿਕਾਸ ਸੇਂਗਰ ਨੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੋਂ ਸਵਾਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਦਲਿਤ ਸਮਾਜ ਦੀ ਹੁਣ ਜ਼ਿਆਦਾ ਚਿੰਤਾ ਕਿਉਂ ਹੋਣ ਲੱਗ ਪਈ ਹੈ | ਉਨ੍ਹਾਂ ਕਿਹਾ ਕਿ ਇਹ ਤਾਂ ਜਨਤਕ ਹੋ ਗਿਆ ਹੈ ਕਿ ਮੌਜੂਦਾ ਸਰਕਾਰ ਵੀ ਦਲਿਤ ਵਿਰੋਧੀ ਹੈ ਪਰ ਭਾਜਪਾ ਸਰਕਾਰਾਂ ਦੇ ਕਾਰਜਕਾਲ 'ਚ ਵੀ ਦਲਿਤ ਸਮਾਜ ਦੇ ਲੋਕਾਂ ਦੇ ਉੱਪਰ ਕੋਈ ਘੱਟ ਅੱਤਿਆਚਾਰ ਨਹੀਂ ਹੋਏ ਹਨ | ਵਿਕਾਸ ਸੇਂਗਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਵੀ ਦਲਿਤ ਸਮਾਜ ਦੀ ਧੀ 'ਤੇ ਕੀਤਾ ਗਿਆ ਤਸ਼ੱਦਦ ਕਿਸੇ ਤੋਂ ਛੁਪਿਆ ਨਹੀਂ ਹੈ ਤੇ ਇਸ ਤੋਂ ਬਾਅਦ, ਸ੍ਰੀ ਗੁਰੂ ਰਵਿਦਾਸ ਦੇ ਪ੍ਰਾਚੀਨ ਮੰਦਰ ਨੂੰ ਕੇਂਦਰੀ ਸਰਕਾਰੀ ਏਜੰਸੀ ਡੀ.ਡੀ.ਏ. ਦੁਆਰਾ ਦਿੱਲੀ ਦੇ ਤੁਗਲਕਾਬਾਦ 'ਚ ਢਾਹ ਦਿੱਤਾ ਗਿਆ, ਉਸ ਵੇਲੇ ਭਾਜਪਾ ਨੇ ਇਨ੍ਹਾਂ ਬਾਰੇ ਆਵਾਜ਼ ਕਿਉਂ ਨਹੀਂ ਉਠਾਈ ਸੀ |