25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਮੈਕਡੋਨਲਡ ਬਾਈਪਾਸ 'ਤੇ ਨਾਜਾਇਜ਼ ਉਸਾਰੀਆਂ ਬਣੀਆਂ ਲੋਕਾਂ ਦੀ ਜਾਨ ਦਾ ਖੌਅ

ਅਜੀਤ ਡੈਸਕ 19-07-2025
ਜਲੰਧਰ, 18 ਜੁਲਾਈ (ਜਸਪਾਲ ਸਿੰਘ)- ਨਗਰ ਨਿਗਮ ਦੇ ਅਧੀਨ ਆਉਂਦੇ ਮੈਕਡੋਨਲਡ (ਪਰਾਗਪੁਰ) ਤੋਂ ਖੇੜਾ-ਜਮਸ਼ੇਰ ਰੋਡ 'ਤੇ ਲਗਾਤਾਰ ਹੋ ਰਹੀਆਂ ਨਾਜਾਇਜ਼ ਉਸਾਰੀਆਂ ਹੁਣ ਖਤਰਨਾਕ ਹੁੰਦੀਆਂ ਜਾ ਰਹੀਆਂ ਹਨ ਤੇ ਇਨ੍ਹਾਂ ਉਸਾਰੀਆਂ ਕਾਰਨ ਇਹ ਬਾਈਪਾਸ ਨਾ ਕੇਵਲ ਇਕ ਤੰਗ ਸੜਕ ਬਣਦਾ ਜਾ ਰਿਹਾ ਹੈ ਬਲਕਿ ਇੱਥੇ ਨਿੱਤ ਵਾਪਰਨ ਵਾਲੇ ਹਾਦਸੇ ਲੋਕਾਂ ਦੀਆਂ ਕੀਮਤੀ ਜਾਨਾਂ ਦਾ ਖੌਅ ਬਣੇ ਹੋਏ ਹਨ | ਇਸ ਮਾਰਗ 'ਤੇ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਉਸਾਰੀਆਂ ਦਾ ਗੋਰਖਧੰਦਾ ਨਗਰ ਨਿਗਮ ਦੇ ਕੁੱਝ ਭਿ੍ਸ਼ਟ ਅਧਿਕਾਰੀਆਂ ਦੀ ਸ਼ਹਿ 'ਤੇ ਲਗਾਤਾਰ ਵਧਦਾ ਫੁੱਲਦਾ ਜਾ ਰਿਹਾ ਹੈ ਤੇ ਲੋਕਾਂ ਨੇ ਆਪਣੇ ਨਾਜਾਇਜ਼ ਕਬਜ਼ੇ ਸੜਕ ਤੱਕ ਵਧਾ ਲਏ ਹਨ | ਹਾਲਾਂਕਿ ਇਹ ਮਾਰਗ ਸਰਕਾਰ ਵਲੋਂ ਬਣਾਏ ਗਏ ਮਾਸਟਰ ਪਲਾਨ ਦਾ ਹਿੱਸਾ ਹੈ ਤੇ ਇਸ ਦੇ 100 ਫੁੱਟ ਤੱਕ ਕੋਈ ਉਸਾਰੀ ਨਹੀਂ ਕੀਤੀ ਜਾ ਸਕਦੀ ਪਰ ਇਸ ਦੇ ਬਾਵਜੂਦ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਲੋਕਾਂ ਵਲੋਂ ਸ਼ਰੇਆਮ ਨਿਯਮਾਂ ਦੀ ਉਲੰਘਣਾ ਕਰਕੇ ਬਹੁਮੰਜ਼ਿਲਾ ਵਪਾਰਕ ਤੇ ਰਿਹਾਇਸ਼ੀ ਇਮਾਰਤਾਂ ਉਸਾਰੀਆਂ ਜਾ ਰਹੀਆਂ ਹਨ | ਕਈਆਂ ਨੇ ਤਾਂ ਇੱਥੇ ਬੇਸਮੈਂਟਾਂ ਤੱਕ ਵੀ ਬਣਾ ਲਈਆਂ ਹਨ | ਲੋਕਾਂ ਵਲੋਂ ਇਸ ਮਾਰਗ 'ਤੇ ਧੜਾ-ਧੜ ਨਾਜਾਇਜ਼ ਉਸਾਰੀਆਂ ਨੂੰ ਅੰਜ਼ਾਮ ਦੇ ਕੇ ਨਾ ਕੇਵਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ, ਬਲਕਿ ਨਿਯਮਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ ਤੇ ਸਭ ਤੋਂ ਅਹਿਮ ਸੂਬੇ ਦੀ ਆਮ ਆਦਮੀ ਪਾਰਟੀ ਵਲੋਂ ਭਿ੍ਸ਼ਟਾਚਾਰ ਵਿਰੁੱਧ ਆਰੰਭੀ ਮੁਹਿੰਮ ਨੂੰ ਵੀ ਟਿੱਚ ਜਾਣਿਆ ਜਾ ਰਿਹਾ ਹੈ | ਇਕ ਪਾਸੇ ਪੰਜਾਬ ਸਰਕਾਰ ਨੇ ਭਿ੍ਸ਼ਟਾਚਾਰ ਦੇ ਖਿਲਾਫ ਵੱਡੀ ਮੁਹਿੰਮ ਚਲਾਈ ਹੋਈ ਹੈ ਤੇ ਇਸ ਸੰਬੰਧੀ ਸਖਤ ਕਾਰਵਾਈ ਕਰਦੇ ਹੋਏ ਆਪਣੇ ਹੀ ਵਿਧਾਇਕ ਤੇ ਨਿਗਮ ਦੇ ਇਕ ਅਧਿਕਾਰੀ ਨੂੰ ਗਿ੍ਫਤਾਰ ਕੀਤਾ ਹੈ, ਜਦਕਿ ਦੂਸਰੇ ਪਾਸੇ ਨਗਰ ਨਿਗਮ ਦੇ ਕੁੱਝ ਭਿ੍ਸ਼ਟ ਅਧਿਕਾਰੀ ਅਜੇ ਵੀ ਸਰਕਾਰ ਨੂੰ ਲੱਗ ਰਹੇ ਚੂਨੇ ਨੂੰ ਰੋਕਣ 'ਚ ਕੋਈ ਵੀ ਕਦਮ ਨਹੀਂ ਚੁੱਕ ਰਹੇ | ਓਧਰ ਲੋਕਾਂ ਵਲੋਂ ਮਾਸਟਰ ਪਲਾਨ ਸੜਕ 'ਤੇ ਨਾਜਾਇਜ਼ ਉਸਾਰੀਆਂ ਕੀਤੇ ਜਾਣ ਕਾਰਨ ਇਹ ਬਾਈਪਾਸ ਇਨਾਂ ਤੰਗ ਹੁੰਦਾ ਜਾ ਰਿਹਾ ਹੈ ਕਿ ਆਏ ਦਿਨ ਹਾਦਸੇ ਵਾਪਰਨ ਲੱਗੇ ਹਨ | ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਬਾਈਪਾਸ ਨੂੰ ਇਕ ਦਰਜਨ ਨਾਲ ਲੱਗਦੇ ਪਿੰਡਾਂ ਦੀਆਂ ਇਕ ਦਰਜਨ ਤੋਂ ਵੱਧ ਸੜਕਾਂ ਮਿਲਦੀਆਂ ਹਨ ਤੇ ਇਕ ਪਾਸੇ ਜਿੱਥੇ ਤੇਜ਼ ਰਫਤਾਰ ਵਾਹਨ ਇਨ੍ਹਾਂ ਸੰਪਰਕ ਸੜਕਾਂ ਤੋਂ ਆਉਣ ਵਾਲੇ ਵਾਹਨਾਂ ਨਾਲ ਟਕਰਾ ਜਾਂਦੇ ਹਨ ਉੱਥੇ ਨਾਜਾਇਜ਼ ਉਸਾਰੀਆਂ ਕਾਰਨ ਲੋਕਾਂ ਨੂੰ ਬਾਈਪਾਸ 'ਤੇ ਤੇਜ਼ ਰਫਤਾਰ ਆਉਂਦੇ ਵਾਹਨਾਂ ਤੋਂ ਬਚਣ ਲਈ ਥਾਂ ਹੀ ਨਹੀਂ ਮਿਲਦੀ | ਅਜੇ ਕੁੱਝ ਮਹੀਨੇ ਪਹਿਲਾਂ ਜਿੱਥੇ ਖੁਸਰੋਪੁਰ ਵਿਖੇ ਸਵੇਰ ਸਮੇਂ ਵਾਪਰੇ ਭਿਆਨਕ ਹਾਦਸੇ 'ਚ ਇਕੋ ਸਮੇਂ 4-5 ਵਿਅਕਤੀਆਂ ਦੀ ਮੌਤ ਹੋ ਗਈ ਸੀ ਉੱਥੇ ਇਸ ਤੋਂ ਪਹਿਲਾਂ ਵੀ ਕਈ ਲੋਕ ਹਾਦਸਿਆਂ 'ਚ ਆਪਣੀਆਂ ਜਾਨਾਂ ਗੁਆ ਚੁੱਕੇ ਹਨ | ਇਸ ਬਾਈਪਾਸ 'ਤੇ ਬੀਤੇ ਦਿਨੀਂ ਵਾਪਰੇ ਇਕ ਹੋਰ ਭਿਆਨਕ ਹਾਦਸੇ ਨੇ ਲੋਕਾਂ ਦਾ ਧਿਆਨ ਇਸ ਮਾਰਗ 'ਤੇ ਹੋ ਰਹੀਆਂ ਨਾਜਾਇਜ਼ ਉਸਾਰੀਆਂ ਵੱਲ ਖਿਚਿਆ ਹੈ |
ਹਾਲਾਂਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਸ ਤਰ੍ਹਾਂ ਇਕ ਵੱਡਾ ਟਰਾਲਾ, ਕਾਰ ਨੂੰ ਬਚਾਉਂਦੇ ਹੋਏ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਡਿਵਾਈਡਰ 'ਤੇ ਚੜ੍ਹ ਗਿਆ, ਉਸ ਨਾਲ ਲੋਕਾਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਹੈ | ਇਲਾਕੇ ਦੇ ਲੋਕਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਦੇ ਕਮਿਸ਼ਨਰ ਕੋਲੋਂ ਮੰਗ ਕੀਤੀ ਹੈ ਕਿ ਮਾਸਟਰ ਪਲਾਨ 'ਚ ਆਏ ਇਸ ਮਾਰਗ 'ਤੇ ਹੋ ਰਹੀਆਂ ਨਾਜਾਇਜ਼ ਉਸਾਰੀਆਂ ਤੁਰੰਤ ਰੋਕਿਆ ਜਾਵੇ |
ਪਿਛਲੀ ਖ਼ਬਰ ਖੋਹਬਾਜ਼ੀ ਦੇ ਕੇਸਾਂ 'ਚੋਂ ਦੋ ਬਰੀ ਅਗਲੀ ਖ਼ਬਰ ਬਰਲਟਨ ਪਾਰਕ 'ਚ ਲੱਗੇ ਕਾਰਨੀਵਲ ਲਈ ਨਿਗਮ ਵਲੋਂ ਕੀਤੀ ਜਾ ਰਹੀ ਫ਼ੀਸ ਵਸੂਲੀ ਨੂੰ ਲੈ ਕੇ ਉੱਠੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।