ਸ਼ਾਹਕੋਟ, 18 ਜੁਲਾਈ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਬਲਾਕ 'ਚ ਸਰਪੰਚਾਂ ਤੇ ਪੰਚਾਂ ਦੀ ਉਪ ਚੋਣ ਸੰਬੰਧੀ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਤੱਕ 20 ਉਮੀਦਵਾਰਾਂ ਵਲੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ ਗਏ ਸਨ ਜਿਸ 'ਚੋਂ 9 ਉਮੀਦਵਾਰ ਸਰਪੰਚਾਂ ਲਈ ਅਤੇ 11 ਉਮੀਦਵਾਰ ਪੰਚਾਂ ਲਈ ਸਨ | ਅੱਜ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ ਪੰਚਾਂ ਦੇ 3 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ | ਚੋਣਾਂ ਸੰਬੰਧੀ ਦੋ ਰਿਟਰਨਿੰਗ ਅਫ਼ਸਰਾਂ ਨੂੰ ਪਿੰਡਾਂ ਦੀ ਵੰਡ ਕਰਕੇ ਦੋ ਨਾਮਜ਼ਦਗੀ ਕੇਂਦਰ ਬਣਾਏ ਗਏ ਸਨ | ਨਗਰ ਪੰਚਾਇਤ ਦਫ਼ਤਰ ਸ਼ਾਹਕੋਟ ਵਿਖੇ ਬਣੇ ਨਾਮਜ਼ਦਗੀ ਕੇਂਦਰ ਵਿਚ ਰਿਟਰਨਿੰਗ ਅਫ਼ਸਰ ਵਜੋਂ ਡਿਊਟੀ ਨਿਭਾ ਰਹੇ ਬੀ.ਪੀ.ਈ.ਓ. ਸ਼ਾਹਕੋਟ-2 ਵਿਜੈ ਕੁਮਾਰ ਨੇ ਦੱਸਿਆ ਕਿ ਨਾਮਜ਼ਦਗੀ ਦੇ ਆਖ਼ਰੀ ਦਿਨ ਤੱਕ ਪਿੰਡ ਕੁਲਾਰ 'ਚ ਸਰਪੰਚੀ ਦੀ ਚੋਣ ਲਈ 6 ਉਮੀਦਵਾਰਾਂ ਵਲੋਂ ਨਾਮਜ਼ਦਗੀ ਕਾਗ਼ਜ਼ ਭਰੇ ਗਏ ਸਨ | ਪਿੰਡ ਮਹਿਮਦਪੁਰ 'ਚ ਪੰਚੀ ਲਈ ਇਕ ਤੇ ਰਾਜੇਵਾਲ ਖੁਰਦ ਵਿਚ ਵੀ ਇਕ ਉਮੀਦਵਾਰ ਵਲੋਂ ਹੀ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ ਗਏ ਸਨ | ਨਾਮਜ਼ਦਗੀ ਕਾਗ਼ਜ਼ਾਂ ਦੀ ਪੜਤਾਲ ਦੌਰਾਨ ਸਾਰੇ ਉਮੀਦਵਾਰਾਂ ਦੇ ਕਾਗ਼ਜ਼ ਸਹੀ ਪਾਏ ਗਏ ਹਨ | ਇਸੇ ਹੀ ਤਰ੍ਹਾਂ ਮਾਰਕੀਟ ਕਮੇਟੀ ਦਫ਼ਤਰ ਸ਼ਾਹਕੋਟ 'ਚ ਬਣੇ ਨਾਮਜ਼ਦਗੀ ਕੇਂਦਰ 'ਚ ਰਿਟਰਨਿੰਗ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਐੱਸ.ਡੀ.ਓ. ਮੰਡੀ ਬੋਰਡ ਆਜ਼ਾਦ ਸਿੰਘ ਨੇ ਦੱਸਿਆ ਕਿ ਪਿੰਡ ਜਗਤਪੁਰ ਸੋਹਲ 'ਚ ਸਰਪੰਚੀ ਲਈ 3 ਤੇ ਪੰਚੀ ਲਈ 1 ਉਮੀਦਵਾਰ ਵਲੋਂ ਕਾਗ਼ਜ਼ ਦਾਖ਼ਲ ਕੀਤੇ ਗਏ ਸਨ | ਪਿੰਡ ਗੋਬਿੰਦ ਨਗਰ ਦੇ ਵਾਰਡ ਨੰਬਰ 1 ਤੋਂ ਪੰਚੀ ਲਈ ਦੋ ਉਮੀਦਵਾਰਾਂ ਤੇ ਵਾਰਡ ਨੰਬਰ 2 ਤੋਂ ਪੰਚੀ ਲਈ ਇਕ ਉਮੀਦਵਾਰ ਨੇ ਹੀ ਕਾਗ਼ਜ਼ ਭਰੇ ਸਨ | ਪਿੰਡ ਫਖਰੂਵਾਲ ਦੇ ਵਾਰਡ ਨੰਬਰ 2 ਤੋਂ ਪੰਚੀ ਲਈ ਇਕ, ਵਾਰਡ ਨੰਬਰ 3 ਤੋਂ ਵੀ ਇਕ, ਵਾਰਡ ਨੰਬਰ 4 ਤੋਂ ਦੋ ਤੇ ਵਾਰਡ ਨੰਬਰ 5 ਤੋਂ ਇਕ ਉਮੀਦਵਾਰ ਵਲੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਏ ਗਏ ਸਨ | ਨਾਮਜ਼ਦਗੀਆਂ ਦੀ ਪੜਤਾਲ ਦੌਰਾਨ ਪੰਚਾਂ ਦੇ ਤਿੰਨ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ | ਫਖਰੂਵਾਲ ਦੇ 2 ਪੰਚਾਂ ਦੇ ਉਮੀਦਵਾਰਾਂ ਤੇ ਗੋਬਿੰਦ ਨਗਰ ਦੇ ਇਕ ਪੰਚ ਦੇ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋਈ ਹੈ | ਰਿਟਰਨਿੰਗ ਅਫ਼ਸਰਾਂ ਨੇ ਦੱਸਿਆ ਕਿ ਮਿਤੀ 19 ਜੁਲਾਈ ਨੂੰ ਨਾਮਜ਼ਦਗੀ ਕਾਗ਼ਜ਼ਾਂ ਦੀ ਵਾਪਸੀ ਹੋਵੇਗੀ ਤੇ ਇਸੇ ਹੀ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ | 27 ਜੁਲਾਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ |