29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸ਼ਾਹਕੋਟ ਦੇ ਸਬਜ਼ੀ ਮੰਡੀ ਬਾਜ਼ਾਰ ਤੇ ਸ਼ਮਸ਼ਾਨਘਾਟ ਰੋਡ 'ਤੇ ਸੀਵਰੇਜ ਬੰਦ ਹੋਣ ਕਾਰਨ ਅਕਸਰ ਖੜ੍ਹ ਜਾਂਦੈ ਗੰਦਾ ਪਾਣੀ

ਅਜੀਤ ਡੈਸਕ 18-07-2025
ਸ਼ਾਹਕੋਟ, 17 ਜੁਲਾਈ (ਬਾਂਸਲ)- ਸ਼ਾਹਕੋਟ ਦੇ ਵੱਖ ਵੱਖ ਹਿੱਸਿਆਂ ਵਿਚ ਸੀਵਰੇਜ ਬੰਦ ਹੋਣ ਕਾਰਨ ਅਕਸਰ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਵਿਚ ਖੜ੍ਹਾ ਹੋ ਜਾਂਦਾ ਹੈ ਜਿਸ ਨਾਲ ਇਥੋਂ ਲੰਘਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਮੀਂਹ ਪੈਣ ਤੋਂ ਬਾਅਦ ਹਾਲਾਤ ਬਦ ਤੋਂ ਬਦਤਰ ਹੋ ਜਾਂਦੇ ਹਨ | ਸ਼ਾਹਕੋਟ ਵਿਚ ਪਿਛਲੇ ਦਿਨ ਪਏ ਮੀਂਹ ਉਪਰੰਤ ਸਬਜ਼ੀ ਮੰਡੀ ਬਾਜ਼ਾਰ ਵਿਚ ਸੀਵਰੇਜ ਓਵਰਫਲੋ ਹੋਣ ਕਾਰਨ ਗੰਦਗੀ ਭਰਿਆ ਪਾਣੀ ਖੜ੍ਹਾ ਹੋਣ ਕਾਰਨ ਇਥੋਂ ਲੰਘਣ ਵਾਲਿਆਂ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਇਹੀ ਨਹੀਂ, ਇਸ ਬਾਜ਼ਾਰ ਵਿਚ ਸਥਿਤ ਦੁਕਾਨਦਾਰਾਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੁੰਦਾ ਹੈ | ਸ਼ਾਹਕੋਟ ਵਿਚ ਸੀਵਰੇਜ ਸਿਸਟਮ ਪਏ ਨੂੰ ਕਾਫ਼ੀ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਇਸ ਨੂੰ ਸਹੀ ਢੰਗ ਨਾਲ ਚਾਲੂ ਨਹੀਂ ਕੀਤਾ ਜਾ ਸਕਿਆ | ਹਾਲ ਇਹ ਹੈ ਕਿ ਸ਼ਹਿਰ ਵਿਚ ਸੀਵਰੇਜ ਸਿਸਟਮ ਦੇ ਨਾਲ-ਨਾਲ ਗਲੀਆਂ ਵਿਚ ਨਾਲੀਆਂ ਵੀ ਪਹਿਲਾਂ ਵਾਂਗ ਹੀ ਮੌਜੂਦ ਹਨ | ਸੀਵਰੇਜ ਸਿਸਟਮ ਨੂੰ ਪੂਰੀ ਤਰ੍ਹਾਂ ਚਾਲੂ ਕਰਨ ਵਿਚ ਅੜਿੱਕਾ ਕਿੱਥੇ ਹੈ ਇਹ ਤਾਂ ਨਗਰ ਪੰਚਾਇਤ ਦੇ ਅਧਿਕਾਰੀ ਹੀ ਦੱਸ ਸਕਦੇ ਹਨ | ਉਂਝ ਸ਼ਹਿਰ ਵਾਸੀ ਵੀ ਸ਼ਹਿਰ ਦੀ ਸਾਫ਼ ਸਫ਼ਾਈ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ | ਸ਼ਹਿਰ ਵਾਸੀਆਂ ਵਲੋਂ ਘਰਾਂ ਦਾ ਕੂੜਾ ਨਾਲੀਆਂ ਵਿਚ ਸੁੱਟਣ ਦੇ ਰੁਝਾਨ ਕਾਰਨ ਨਾਲੀਆਂ ਅਕਸਰ ਬੰਦ ਹੋ ਜਾਂਦੀਆਂ ਹਨ ਤੇ ਨਾਲੀਆਂ ਦਾ ਗੰਦਾ ਪਾਣੀ ਗਲੀਆਂ ਵਿਚ ਫ਼ੈਲ ਜਾਂਦਾ ਹੈ | ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਪ੍ਰਤੀ ਜਿਥੇ ਪ੍ਰਸ਼ਾਸਨ ਨੂੰ ਚੁਸਤ ਹੋਣ ਦੀ ਲੋੜ ਹੈ ਉਥੇ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਾ ਚਾਹੀਦਾ ਹੈ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ |
ਪਿਛਲੀ ਖ਼ਬਰ ਬਲਾਕ ਆਦਮਪੁਰ ਦੀ ਪੰਚਾਇਤੀ ਉਪ ਚੋਣ ਲਈ ਪੰਜ ਉਮੀਦਵਾਰਾਂ ਨੇ ਕਾਗਜ਼ ਭਰੇ ਅਗਲੀ ਖ਼ਬਰ ਪਵਨ ਟੀਨੂੰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।