ਜਲੰਧਰ, 15 ਜੁਲਾਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਨੇ ਭਿ੍ਸ਼ਟਾਚਾਰ ਦੇ ਮਾਮਲੇ 'ਚ ਵਿਜੀਲੈਂਸ ਵੱਲੋਂ ਗਿ੍ਫ਼ਤਾਰ ਕੀਤੇ ਗਏ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੀ ਆਵਾਜ਼ ਅਤੇ ਸੁਖਦੇਵ ਵਸ਼ਿਸ਼ਟ ਦੀ ਲਿਖਾਈ ਦੇ ਸੈਂਪਲ ਲੈਣ ਸਬੰਧੀ ਵਿਜੀਲੈਂਸ ਵੱਲੋਂ ਲਗਾਈਆਂ ਗਈਆਂ ਦੋਵੇਂ ਅਰਜ਼ੀਆਂ ਮਨਜ਼ੂਰ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਸ ਕੇਸ 'ਚ ਬੀਤੇ ਦਿਨੀਂ ਯਸ਼ਪਾਲ ਖੰਨਾ ਨੇ ਪੇਸ਼ ਹੋ ਕੇ ਬਿਆਨ ਦਿੱਤਾ ਸੀ ਕਿ ਉਸ ਨੂੰ ਆਵਾਜ਼ ਦਾ ਸੈਂਪਲ ਦੇਣ ਲਈ ਕੋਈ ਇਤਰਾਜ਼ ਨਹੀਂ ਹੈ ਤੇ ਇਸੇ ਤਰ੍ਹਾਂ ਰਮਨ ਅਰੋੜਾ ਅਤੇ ਯਸ਼ਪਾਲ ਖੰਨਾ ਵਿਚਕਾਰ ਜੋ ਵੀ ਲੈਣ ਦੇਣ ਦੀ ਗੱਲਬਾਤ ਹੋਈ ਸੀ ਉਸ ਦੀ ਅਤੇ ਰਮਨ ਅਰੋੜਾ ਦੀ ਆਵਾਜ਼ ਦਾ ਸੈਂਪਲ ਲੈ ਕੇ ਇਸ ਨੂੰ ਮਿਲਾਇਆ ਜਾਵੇਗਾ | ਇਸੇ ਤਰ੍ਹਾਂ ਸੁਖਦੇਵ ਵਸ਼ਿਸ਼ਟ ਦੀ ਲਿਖਾਈ ਦੇ ਵੀ ਸੈਂਪਲ ਲਏ ਜਾਣਗੇ | ਅੱਜ ਰਮਨ ਅਰੋੜਾ ਵੀਡੀਓ ਕਾਨਫ਼ਰੰਸ ਰਾਹੀਂ ਪੇਸ਼ ਹੋਏ ਤੇ ਸੁਖਦੇਵ ਵਸ਼ਿਸ਼ਟ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਤੇ ਇਨ੍ਹਾਂ ਨੇ ਵੀ ਕਿਹਾ ਕਿ ਉਹ ਆਵਾਜ਼ ਅਤੇ ਲਿਖਾਈ ਦੇ ਸੈਂਪਲ ਦੇਣ ਲਈ ਤਿਆਰ ਹਨ | ਅੱਜ ਸੁਖਦੇਵ ਵਸ਼ਿਸ਼ਟ ਨੂੰ ਚਲਾਨ ਦੀਆਂ ਕਾਪੀਆਂ ਵੀ ਦਿੱਤੀਆਂ ਗਈਆਂ ਤੇ ਅਗਲੀ ਤਰੀਕ 28 ਜੁਲਾਈ ਦਿੱਤੀ ਗਈ | ਇਸ ਦੌਰਾਨ ਰਮਨ ਅਰੋੜਾ ਵੱਲੋਂ ਸੀਨੀਅਰ ਵਕੀਲ ਦਰਸ਼ਨ ਸਿੰਘ ਦਿਆਲ ਅਤੇ ਨਵੀਨ ਚੱਢਾ ਅਤੇ ਵਿਜੀਲੈਂਸ ਵੱਲੋਂ ਡਿਪਟੀ ਜ਼ਿਲ੍ਹਾ ਅਟਾਰਨੀ ਰਿਸ਼ੀ ਭਾਰਦਵਾਜ ਪੇਸ਼ ਹੋ ਰਹੇ ਹਨ |