ਜਲੰਧਰ, 15 ਜੁਲਾਈ (ਸ਼ਿਵ ਸ਼ਰਮਾ)-ਵਿਜੀਲੈਂਸ ਬਿਊਰੋ ਵਲੋਂ ਕੁੱਝ ਸਮਾਂ ਪਹਿਲਾਂ ਨਾਜਾਇਜ਼ ਉਸਾਰੀਆਂ 'ਚ ਹੋਏ ਭਿ੍ਸ਼ਟਾਚਾਰ ਦੀ ਜਾਂਚ ਕਰਕੇ ਕਈਆਂ ਨੂੰ ਗਿ੍ਫ਼ਤਾਰ ਕਰ ਲਿਆ ਸੀ ਤਾਂ ਅੱਜ ਵਿਜੀਲੈਂਸ ਬਿਊਰੋ ਦੀ ਇਕ ਟੀਮ ਨੇ 66 ਫੁੱਟੀ ਰੋਡ 'ਤੇ ਜਾ ਕੇ ਉਨ੍ਹਾਂ ਬਣੀਆਂ ਕਈ ਕਾਲੋਨੀਆਂ ਦੀ ਜਾਂਚ ਕੀਤੀ ਹੈ ਜਿਨ੍ਹਾਂ ਬਾਰੇ ਸਟੇਟ ਵਿਜੀਲੈਂਸ ਕੋਲ ਸ਼ਿਕਾਇਤ ਪੁੱਜੀ ਸੀ ਕਿ ਇਸ ਰੋਡ 'ਤੇ 16 ਤੋਂ ਜ਼ਿਆਦਾ ਕਾਲੋਨੀਆਂ ਵਲੋਂ ਨਿਗਮ ਦੇ ਫੋਲੜੀਵਾਲ ਨਾਲ ਸੀਵਰ ਜੋੜਿਆ ਗਿਆ ਹੈ ਪਰ ਨਿਗਮ ਨੂੰ ਅਜੇ ਤੱਕ ਉਸ ਮਾਮਲੇ ਵਿਚ ਪੂਰੀ ਫ਼ੀਸ ਨਹੀਂ ਮਿਲੀ ਹੈ | ਇਸ ਬਾਰੇ ਵਿਜੀਲੈਂਸ ਵਲੋਂ ਪਹਿਲਾਂ ਹੀ ਜਾਂਚ ਕੀਤੀ ਜਾ ਰਹੀ ਸੀ ਪਰ ਹੁਣ ਅਚਾਨਕ ਹੀ ਵਿਜੀਲੈਂਸ ਨੇ ਇਸ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ ਜਿਸ ਨਾਲ ਨਿਗਮ ਵਿਚ ਹੜਕੰਪ ਪਾਇਆ ਜਾ ਰਿਹਾ ਹੈ | ਇਕ ਜਾਣਕਾਰੀ ਮੁਤਾਬਿਕ ਇਸ ਮਾਮਲੇ ਵਿਚ ਵਿਜੀਲੈਂਸ ਬਿਊਰੋ ਨੂੰ ਜਿਹੜੀ ਸ਼ਿਕਾਇਤ ਕੀਤੀ ਗਈ ਸੀ, ਉਸ ਵਿਚ ਕਿਹਾ ਗਿਆ ਸੀ ਕਿ ਨਿਗਮ ਦੇ ਸੀਵਰ ਨਾਲ ਕਿਸੇ ਵੀ ਕਾਲੋਨੀ ਦਾ ਸੀਵਰ ਜੋੜਿਆ ਜਾਂਦਾ ਹੈ ਤਾਂ ਨਿਗਮ ਨੂੰ ਬਣਦੇ ਸ਼ੇਅਰਿੰਗ ਚਾਰਜਿਜ਼ ਜਮ੍ਹਾਂ ਕਰਵਾਉਣੇ ਹੁੰਦੇ ਹਨ ਪਰ ਦੋਸ਼ ਲਗਾਏ ਸੀ ਕਿ ਉਕਤ ਰਕਮ ਹੀ ਨਿਗਮ ਨੂੰ ਜਮ੍ਹਾਂ ਨਹੀਂ ਕਰਵਾਈ ਗਈ ਸੀ ਜਦਕਿ ਇਸ ਦੀ ਰਕਮ ਕਰੋੜਾਂ ਰੁਪਏ ਦੇ ਕਰੀਬ ਬਣਦੀ ਸੀ | ਨਿਗਮ ਦੇ ਓ. ਐਂਡ. ਐਮ. ਬਰਾਂਚ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਸੀ ਸਗੋਂ ਇਨ੍ਹਾਂ ਕਾਲੋਨੀਆਂ ਨੂੰ ਜੇ. ਡੀ. ਏ. ਨੇ ਪਾਸ ਕੀਤਾ ਸੀ ਤਾਂ ਉਸ ਕੋਲੋਂ 23 ਕਰੋੜ ਰੁਪਏ ਈ. ਡੀ. ਸੀ. ਚਾਰਜਿਜ਼ ਦੀ ਰਕਮ ਦਾ ਡਿਮਾਂਡ ਨਿਗਮ ਨੇ ਕੱਢ ਦਿੱਤੀ ਸੀ | ਇਹ ਰਕਮ ਤਾਂ ਜੇ. ਡੀ. ਏ. ਨੇ ਪਹਿਲਾਂ ਹੀ ਲਈ ਹੋਈ ਸੀ ਤਾਂ ਨਿਗਮ ਦਾ ਇਹ ਰਕਮ ਲੈਣਾ ਨਹੀਂ ਬਣਦਾ ਸੀ | ਨਿਗਮ ਨੂੰ ਇਸ ਮਾਮਲੇ ਵਿਚ ਸਿਰਫ਼ 1 ਕਰੋੜ ਦੀ ਫ਼ੀਸ ਜਮ੍ਹਾਂ ਕਰਵਾਈ ਗਈ ਸੀ | ਸਾਰੀਆਂ ਕਾਲੋਨੀਆਂ ਦੇ ਸੀਵਰ ਟਰੀਟਮੈਂਟ ਪਲਾਂਟ ਨਾਲ ਜੋੜਨ ਦੀ ਕਿੰਨੀ ਫ਼ੀਸ ਬਣਦੀ ਹੈ, ਅਜੇ ਤੱਕ ਇਸ ਦਾ ਹਿਸਾਬ ਨਹੀਂ ਲਗਾਇਆ ਗਿਆ | ਦੱਸਿਆ ਜਾਂਦਾ ਹੈ ਕਿ ਨਿਗਮ ਪ੍ਰਸ਼ਾਸਨ ਨੂੰ ਸਮਝ ਨਹੀਂ ਆਈ ਕਿ ਜੇਕਰ ਉਨ੍ਹਾਂ ਦੇ ਟਰੀਟਮੈਂਟ ਪਲਾਂਟ ਨਾਲ ਕਿਸੇ ਕਾਲੋਨੀ ਨੇ ਸੀਵਰ ਕੁਨੈਕਸ਼ਨ ਜੋੜਿਆ ਹੈ ਤਾਂ ਉਸ ਦੀ ਰਕਮ ਨਿਗਮ ਨੇ ਲੈਣੀ ਹੈ ਜਿਹੜਾ ਕਿ ਸ਼ੇਅਰਿੰਗ ਚਾਰਜਿਜ਼ ਵਜੋਂ ਵਸੂਲੀ ਜਾਂਦੀ ਹੈ | ਇਕ ਜਾਣਕਾਰੀ ਮੁਤਾਬਿਕ ਵਿਜੀਲੈਂਸ ਦੀ ਟੀਮ ਜਦੋਂ 66 ਫੁੱਟੀ ਰੋਡ 'ਤੇ ਜਾਂਚ ਕਰਨ ਲਈ ਗਈ ਸੀ ਤਾਂ ਉਨ੍ਹਾਂ ਨੇ ਮੌਕੇ 'ਤੇ ਹੀ ਨਿਗਮ ਦੇ ਅਫ਼ਸਰ ਨੂੰ ਵੀ ਸੱਦ ਲਿਆ ਸੀ ਤਾਂ ਨਾਲ ਰਿਕਾਰਡ ਦੀ ਜਾਂਚ ਵੀ ਕੀਤੀ ਦੱਸੀ ਜਾਂਦੀ ਹੈ | ਦੱਸਿਆ ਜਾਂਦਾ ਹੈ ਕਿ ਪਹਿਲਾਂ ਇਹ 16 ਕਾਲੋਨੀਆਂ ਨਾਲ ਮਾਮਲਾ ਜੁੜਿਆ ਸੀ ਜਦਕਿ ਹੁਣ ਇਨ੍ਹਾਂ ਦੀ ਗਿਣਤੀ 25 ਤੱਕ ਪੁੱਜ ਗਈ ਹੈ | ਇਹ ਵੀ ਕਿਹਾ ਜਾਂਦਾ ਹੈ ਕਿ ਨਿਗਮ ਵਲੋਂ ਅਜੇ ਤੱਕ ਉਕਤ ਕਾਲੋਨੀਆਂ ਤੋਂ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਦੀ ਵਸੂਲੀ ਨਹੀਂ ਕੀਤੀ ਜਾ ਰਹੀ ਹੈ | ਨਿਗਮ ਪ੍ਰਸ਼ਾਸਨ ਇਸ ਮਾਮਲੇ ਨੂੰ ਕਈ ਸਾਲਾਂ ਤੋਂ ਹੱਲ ਨਹੀਂ ਕਰ ਰਿਹਾ ਹੈ ਜਿਸ ਕਰਕੇ ਉਸ ਨੂੰ ਕਰੋੜਾਂ ਦੀ ਵਸੂਲੀ ਨਹੀਂ ਮਿਲ ਰਹੀ ਹੈ ਤੇ ਦੂਜੇ ਪਾਸੇ ਉਕਤ ਕਾਲੋਨੀਆਂ ਦਾ ਸੀਵਰ ਨਿਗਮ ਦੇ ਫੋਲੜੀਵਾਲ ਟਰੀਟਮੈਂਟ ਪਲਾਂਟ ਨਾਲ ਜੋੜਿਆ ਗਿਆ ਹੈ ਜਿਸ ਦਾ ਹਰ ਸਾਲ ਕਰੋੜਾਂ ਰੁਪਏ ਖਰਚਾ ਕੀਤਾ ਜਾਂਦਾ ਹੈ | ਵਿਜੀਲੈਂਸ ਬਿਊਰੋ ਨੇ ਜਿਸ ਤੇਜ਼ੀ ਨਾਲ ਆਪਣੀ ਜਾਂਚ ਨੂੰ ਅੱਗੇ ਵਧਾਇਆ ਹੈ ਤਾਂ ਉਸ ਨਾਲ ਇਹ ਵੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਵਿਜੀਲੈਂਸ ਵਲੋਂ ਹੁਣ ਨਿਗਮ ਨੂੰ ਚੂਨਾ ਲਗਾਉਣ ਵਾਲੇ ਮਾਮਲੇ ਵਿਚ ਹੁਣ ਸ਼ਿਕੰਜਾ ਕੱਸਿਆ ਜਾ ਰਿਹਾ ਹੈ | ਪੰਜਾਬ ਸਰਕਾਰ ਵਲੋਂ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਸਨ |