ਜਲੰਧਰ, 15 ਜੁਲਾਈ (ਐੱਮ. ਐੱਸ. ਲੋਹੀਆ)- ਸਥਾਨਕ ਮਾਡਲ ਟਾਊਨ ਦੇ ਖੇਤਰ 'ਚ ਰਾਤ 11 ਵਜੇ ਦੇ ਕਰੀਬ ਇਕ ਬੇਕਾਬੂ ਹੋਈ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਕੇ ਲਾਇਲਪੁਰ ਖ਼ਾਲਸਾ ਕਾਲਜ ਦੇ ਪਿ੍ੰਸੀਪਲ ਦੀ ਕੋਠੀ ਦਾ ਗੇਟ ਤੋੜ ਦਿੱਤਾ | ਟੱਕਰ ਇਨੀ ਭਿਆਨਕ ਸੀ ਕਿ ਜਿਸ ਦੇ ਧਮਾਕੇ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ | ਪਿ੍ੰਸੀਪਲ ਡਾ. ਸੁਮਨ ਚੋਪੜਾ ਨੇ ਜਾਣਕਾਰੀ ਦਿੱਤੀ ਕਿ ਰਾਤ ਸਮੇਂ ਉਹ ਆਪਣੇ ਪਰਿਵਾਰ ਨਾਲ ਘਰ ਅੰਦਰ ਮੌਜੂਦ ਸਨ ਅਚਾਨਕ ਇਕ ਜ਼ੋਰਦਾਰ ਧਮਾਕਾ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਘਰ ਦੇ ਬਾਹਰ ਜਾ ਕੇ ਦੇਖਿਆ ਤਾਂ ਇਕ ਕਾਰ ਉਨ੍ਹਾਂ ਦੇ ਗੇਟ 'ਚ ਟਕਰਾਈ ਹੋਈ ਸੀ, ਜਿਸ ਦੀ ਟੱਕਰ ਨਾਲ ਗੇਟ ਨੂੰ ਨੁਕਸਾਨ ਪਹੁੰਚਿਆ ਅਤੇ ਉਸ ਦਾ ਕੌਲਾ ਵੀ ਟੁੱਟ ਗਿਆ ਸੀ | ਡਾ. ਸੁਮਨ ਚੋਪੜਾ ਨੇ ਦੱਸਿਆ ਕਿ ਕਾਰ ਦੇ ਕੋਲ ਕੁਝ ਅਣਪਛਾਤੇ ਵਿਅਕਤੀ ਖੜੇ ਸਨ | ਸਾਰੇ ਹਾਲਾਤ ਦੇਖਣ ਤੋਂ ਬਾਅਦ ਉਨ੍ਹਾਂ ਵਲੋਂ ਘਟਨਾ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |