ਜਲੰਧਰ, 15 ਜੁਲਾਈ (ਸ਼ਿਵ)- ਸੰਤ ਵਿਹਾਰ ਕਾਲੋਨੀ ਦੇ ਨਾਲ ਕਰਤਾਰਪੁਰ ਦੀਆਂ ਦੋ ਕਾਲੋਨੀਆਂ ਉੱਤਮ ਕਾਲੋਨੀ ਤੇ ਗੁਲਮੋਹਰ ਕਾਲੋਨੀ ਦਾ ਸੀਵਰ ਜੋੜਨ ਕਰਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਅੱਜ ਭਾਜਪਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਕ੍ਰਿਸ਼ਨ ਦੇਵ ਭੰਡਾਰੀ ਦੀ ਅਗਵਾਈ ਵਿਚ ਇਲਾਕਾ ਵਾਸੀਆਂ ਨੇ ਨਿਗਮ ਕਮਿਸ਼ਨਰ ਗੌਤਮ ਜੈਨ ਨੂੰ ਮਿਲ ਕੇ ਇਹ ਗੈਰ ਕਾਨੂੰਨੀ ਸੀਵਰ ਜੋੜਨ ਦਾ ਕੰਮ ਬੰਦ ਕਰਵਾਉਣ ਦੀ ਮੰਗ ਕੀਤੀ ਹੈ | ਇਲਾਕਾ ਵਾਸੀਆਂ ਵਿਚ ਕੈਪਟਨ ਸਿੰਘ, ਸੁਰਜੀਤ ਚੰਦ, ਅਵਨੀਸ਼ ਕੁਮਾਰ ਤੇ ਹੋਰ ਵੀ ਲੋਕ ਸ਼ਾਮਿਲ ਸਨ | ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਉਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਕਰਤਾਰਪੁਰ ਇਲਾਕੇ ਦੀਆਂ ਦੋਵੇਂ ਕਾਲੋਨੀਆਂ ਦਾ ਜੇਕਰ ਸੀਵਰ ਨਿਗਮ ਨਾਲ ਜੋੜਿਆ ਗਿਆ ਤਾਂ ਉਨਾਂ ਦੇ ਇਲਾਕੇ ਨੂੰ ਦਿੱਕਤ ਆਵੇਗੀ | ਲੋਕਾਂ ਨੇ ਕਮਿਸ਼ਨਰ ਨੂੰ ਕਿਹਾ ਕਿ ਇਹ ਗੈਰ ਕਾਨੂੰਨੀ ਕੰਮ ਕਿਸੇ ਵੀ ਹਾਲਤ ਵਿਚ ਨਾ ਹੋਣ ਦਿੱਤਾ ਜਾਵੇ | ਇਸ ਤੋਂ ਇਲਾਵਾ ਨਿਗਮ ਕਮਿਸ਼ਨਰ ਕੋਲ ਬਾਈਪਾਸ ਦੇ ਕੋਲ ਇੱਕ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਉਨਾਂ ਦੀ ਕਾਲੋਨੀ ਵਿਚ ਨਾਜਾਇਜ ਤੌਰ 'ਤੇ ਜਲਨਸ਼ੀਲ ਪਦਾਰਥਾਂ ਨਾਲ ਭਰੀਆਂ ਗੱਡੀਆਂ ਨੂੰ ਪਾਰਕਿੰਗ ਬਣਾ ਕੇ ਖੜ੍ਹਾ ਕੀਤਾ ਗਿਆ ਹੈ ਜਿਸ ਕਰਕੇ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਹੈ ਕਿਉਂਕਿ ਇਕ ਤਾਂ ਜਲਨਸ਼ੀਲ ਪਦਾਰਥਾਂ ਕਰਕੇ ਲੋਕਾਂ ਨੂੰ ਖ਼ਤਰਾ ਹੈ ਦੂਜਾ ਇਸ ਜਗਾ 'ਤੇ ਗੱਡੀਆਂ ਦੇ ਖੜੇ ਹੋਣ ਕਰਕੇ ਰਹਿਣ ਵਾਲੇ ਲੋਕਾਂ, ਮਹਿਲਾਵਾਂ, ਬੱਚਿਆਂ ਨੂੰ ਵੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ |