ਲਾਲੜੂ, 15 ਜੁਲਾਈ (ਰਾਜਬੀਰ ਸਿੰਘ)-ਦੁਨੀਆ ਦੀ ਦੂਜੀ ਸਭ ਤੋਂ ਵੱਡੀ ਪਹੀਏ (ਵ੍ਹੀਲ) ਬਣਾਉਣ ਵਾਲੀ ਕੰਪਨੀ ਸਟੀਲ ਸਟ੍ਰੀਪਜ਼ ਵ੍ਹੀਲਜ਼ ਲਿਮਟਿਡ ਨੇ ਇਕ ਨਿਵੇਕਲੀ ਪਹਿਲ ਕਰਦਿਆਂ ਕੰਪਨੀ 'ਚ ਵਧੀਆ ਤੇ ਨਿਰੰਤਰ ਕੰਮ ਕਰਨ ਵਾਲੇ 318 ਵਰਕਰਾਂ ਨੂੰ ਉਨ੍ਹਾਂ ਦੀ ਬਿਹਤਰੀਨ ਕਾਰਗੁਜਾਰੀ ਲਈ ਸਾਈਕਲ ਭੇਟ ਕਰਕੇ ਸਨਮਾਨਿਤ ਕੀਤਾ | ਕੰਪਨੀ ਨੇ ਸਾਈਕਲ ਦੇਣ ਦੀ ਪ੍ਰਕਿਰਿਆ ਨੂੰ ਜ਼ਮੀਨੀ ਪੱਧਰ 'ਤੇ ਮਿਹਨਤਕੱਸ਼ ਕਾਮਿਆਂ ਨੂੰ ਸਨਮਾਨ ਦੇਣਾ ਦੱਸਿਆ ਹੈ | ਕੰਪਨੀ ਵਲੋਂ ਇਸ ਸੰਬੰਧੀ ਕਰਵਾਏ ਗਏ ਸਮਾਗਮ 'ਚ ਕੰਪਨੀ ਦੇ ਪਲਾਂਟ ਹੈੱਡ ਰਾਜੁਲ ਜੈਨ, ਜੀ. ਐਮ. ਪ੍ਰੋਡਕਸ਼ਨ ਰਾਜੀਵ ਮਹਿਤਾ, ਏ. ਜੀ. ਐਮ. ਨਰੇਸ਼ ਕਪਿਲ, ਬੀ. ਜੀ. ਐਮ. ਆਰ. ਕੇ. ਜੈਨ, ਭੋਲਾ ਭਾਰਦਵਾਜ, ਵਰਿੰਦਰ ਕੁਮਾਰ, ਡੀ. ਜੀ. ਐਮ. (ਸੁਰੱਖਿਆ) ਲੋਕੇਸ਼ ਕੁਮਾਰ, ਐਚ. ਆਰ. ਮੈਨੇਜਰ ਅਮਿਤ ਕੁਮਾਰ, ਨਰੇਸ਼ ਕਟੋਚ, ਜਸਮੇਰ ਸਿੰਘ, ਜੈ ਪ੍ਰਕਾਸ਼, ਕਰਮ ਚੰਦ, ਸੀ. ਐਸ. ਆਰ. ਤੋਂ ਅਨੂਪ ਕੁਮਾਰ, ਦੇਵਿੰਦਰ ਕੁਮਾਰ , ਰਮੇਸ਼ ਕੁਮਾਰ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ | ਸਾਈਕਲ ਵੰਡਣ ਮੌਕੇ ਉਕਤ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ 'ਚ ਕਰੀਬ 2200 ਮੁਲਾਜ਼ਮ ਹਨ ਅਤੇ ਕੰਪਨੀ ਇਸ ਤੋਂ ਪਹਿਲਾਂ ਇਲਾਕੇ ਦੇ ਵੱਖ-ਵੱਖ ਸਕੂਲਾਂ, ਆਈ. ਟੀ. ਆਈ. ਤੇ ਟੋਭਿਆਂ ਦੇ ਸੁਧਾਰ ਸੰਬੰਧੀ ਕੰਮ ਕਰ ਚੁੱਕੀ ਹੈ ਅਤੇ ਹੁਣ ਕੰਪਨੀ ਨੇ ਆਪਣੇ ਵਰਕਰਾਂ ਨੂੰ ਕੰਮ ਪ੍ਰਤੀ ਉਤਸ਼ਾਹਿਤ ਕਰਨ ਲਈ ਸਾਈਕਲ ਵੰਡਣ ਦਾ ਫ਼ੈਸਲਾ ਲਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਕੰਪਨੀ ਮਹੀਨੇ 'ਚ 26 ਦਿਨ ਕੰਮ ਕਰਨ ਵਾਲੇ ਕਾਮਿਆਂ ਨੂੰ ਤਨਖ਼ਾਹ ਤੋਂ ਇਲਾਵਾ 2400 ਰੁ. ਅਤੇ 25 ਦਿਨ ਕੰਮ ਕਰਨ ਵਾਲਿਆਂ ਨੂੰ 2000 ਰੁ. ਪ੍ਰਤੀ ਮਹੀਨਾ ਵਾਧੂ ਭੱਤਾ ਦਿੰਦੀ ਹੈ | ਉਨ੍ਹਾਂ ਦੱਸਿਆ ਕਿ ਸਾਈਕਲ ਹਾਸਲ ਕਰਨ ਵਾਲੇ ਕਰਮਚਾਰੀਆਂ 'ਚ 4 ਔਰਤਾਂ ਵੀ ਸ਼ਾਮਿਲ ਹਨ | ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਈਕਲ ਪ੍ਰਾਪਤ ਕਰਨ ਵਾਲੇ ਵਧੇਰੇ ਮੁਲਾਜ਼ਮ ਲੋਕਲ ਹਨ ਤੇ ਕੰਪਨੀ ਨੇ ਵਾਤਾਵਰਨ ਨੂੰ ਧਿਆਨ 'ਚ ਰੱਖਦਿਆਂ ਹੀ ਸਾਈਕਲ ਵਰਗੇ ਸਾਧਨ ਦੇਣ ਨੂੰ ਪਹਿਲ ਦਿੱਤੀ ਹੈ |