27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਗਲੀ 'ਚੋਂ ਲੰਘਦਿਆਂ ਹੋਏ ਵਿਵਾਦ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ਦੀ ਹੱਤਿਆ, 2 ਗੰਭੀਰ ਜ਼ਖ਼ਮੀ

ਅਜੀਤ ਡੈਸਕ 15-07-2025
ਜਲੰਧਰ, 14 ਜੁਲਾਈ (ਐੱਮ. ਐੱਸ. ਲੋਹੀਆ) - ਸਥਾਨਕ ਮੁਹੱਲਾ ਭਾਰਗੋ ਕੈਂਪ ਵਿਖੇ ਬੀਤੀ ਰਾਤ ਤੇਜ਼ਧਾਰ ਹੱਥਿਆਰਾਂ ਨਾਲ ਲੈਸ ਕੁਝ ਨੌਜਵਾਨਾਂ ਨੇ ਬੜੀ ਹੀ ਬੇਰਹਿਮੀ ਨਾਲ ਇਕ ਨੌਜਵਾਨ 'ਤੇ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ, ਜਦਕਿ ਉਸ ਦੇ ਦੋ ਹੋਰ ਸਾਥੀਆਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਜਿਸ ਨਾਲ ਸ਼ਹਿਰ 'ਚ ਸੰਨਸਨੀ ਫੈਲ ਗਈ ਹੈ | ਮਿ੍ਤਕ ਦੀ ਪਛਾਣ ਵਰੁਣ (22) ਪੁੱਤਰ ਵਿਪਨ ਕੁਮਾਰ ਵਾਸੀ ਟਾਹਲੀ ਵਾਲਾ ਚੌਕ, ਜਲੰਧਰ ਵਜੋਂ ਹੋਈ ਹੈ, ਜਦਕਿ ਉਸ ਦੇ ਦੋ ਸਾਥੀਆਂ ਦੀ ਪਛਾਣ ਲੋਕੇਸ਼ ਅਤੇ ਵਿਸ਼ਾਲ ਪੁੱਤਰ ਮਨਜੀਤ ਸਿੰਘ ਵਾਸੀ ਭਾਰਗੋ ਕੈਂਪ, ਜਲੰਧਰ ਵਜੋਂ ਦੱਸੀ ਗਈ ਹੈ ਜਿਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ | ਪੁਲਿਸ ਨੇ ਮਾਮਲੇ ਦੇ ਮੁੱਖ ਮੁਲਜ਼ਮਾਂ ਧਰੁਵ ਕੁਮਾਰ (18) ਪੁੱਤਰ ਪਰਸ਼ੋਤਮ ਲਾਲ ਵਾਸੀ ਭਾਰਗੋ ਕੈਂਪ, ਜਲੰਧਰ ਅਤੇ ਸੁਨੀਲ ਕੁਮਾਰ ਉਰਫ਼ ਭਿੰਡੀ (25) ਪੁੱਤਰ ਰਾਜ ਕੁਮਾਰ ਵਾਸੀ ਚਪਲੀ ਚੌਕ, ਭਾਰਗੋ ਕੈਂਪ, ਜਲੰਧਰ ਨੂੰ ਵਾਰਦਾਤ 'ਚ ਇਸਤੇਮਾਲ ਕੀਤੇ ਦੋ ਤੇਜ਼ਧਾਰ ਹੱਥਿਆਰਾਂ ਸਮੇਤ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਇਸ ਮਾਮਲੇ 'ਚ ਸ਼ਾਮਲ ਇਕ ਹੋਰ ਮੁਲਜ਼ਮ ਸੋਨੂੰ ਪੰਡਿਤ ਵਾਸੀ ਭਾਰਗੋ ਕੈਂਪ, ਜਲੰਧਰ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ | ਮਿ੍ਤਕ ਦੇ ਪਿਤਾ ਵਿਪਨ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਸ ਦਾ ਪੁੱਤਰ ਵਰੁਣ ਅਤੇ ਉਸ ਦੇ ਭਾਣਜੇ ਲੋਕੇਸ਼ ਅਤੇ ਵਿਸ਼ਾਲ ਘਰੋਂ ਕਿਸੇ ਕੰਮ ਨਿਕਲੇ ਸਨ, ਜਦੋਂ ਉਹ ਮਹਿੰਗਾ ਡੀਪੂ ਦੀ ਗਲੀ 'ਚੋਂ ਲੰਘ ਰਿਹਾ ਸੀ ਤਾਂ ਕੁਝ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਹਮਲੇ ਦੌਰਾਨ ਵਰੁਣ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਕਰਾਰ ਦੇ ਦਿੱਤਾ | ਏ.ਡੀ.ਸੀ.ਪੀ. (ਸਿਟੀ-2) ਹਰਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਕਿ ਬੀਤੀ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਭਾਰਗੋ ਕੈਂਪ ਦੇ ਖੇਤਰ 'ਚ ਕੋਈ ਝਗੜਾ ਹੋਇਆ ਹੈ, ਜਿਸ 'ਤੇ ਏ.ਸੀ.ਪੀ. (ਸਥਾਨਕ) ਮਨਮੋਹਨ ਸਿੰਘ ਅਤੇ ਏ.ਸੀ.ਪੀ. (ਪੱਛਮੀ) ਸਰਵਣਜੀਤ ਸਿੰਘ ਦੀ ਨਿਗਰਾਨੀ ਹੇਠ ਥਾਣਾ ਭਾਰਗੋ ਕੈਂਪ ਦੇ ਮੁਖੀ ਸੁਖਜੀਤ ਸਿੰਘ ਦੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਉਨ੍ਹਾਂ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ, ਜਿਸ ਦੀ ਫੁਟੇਜ ਤੋਂ ਧਰੁਵ ਕੁਮਾਰ, ਸੁਨੀਲ ਕੁਮਾਰ ਉਰਫ਼ ਭਿੰਡੀ ਅਤੇ ਸੋਨੂੰ ਪੰਡਿਤ ਦੀ ਪਛਾਣ ਹੋਈ | ਏ.ਡੀ.ਸੀ.ਪੀ. ਗਿੱਲ ਨੇ ਦੱਸਿਆ ਕਿ ਪੁਲਿਸ ਨੇ ਵਿਪਨ ਕੁਮਾਰ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰਕੇ ਧਰੁਵ ਕੁਮਾਰ ਅਤੇ ਸੁਨੀਲ ਕੁਮਾਰ ਉਰਫ਼ ਭਿੰਡੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਸੋਨੂੰ ਪੰਡਿਤ ਨੂੰ ਗਿ੍ਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ | ਏ.ਡੀ.ਸੀ.ਪੀ. ਨੇ ਕਿਹਾ ਕਿ ਮੁੱਢਲੀ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਧਰੁਵ ਕੁਮਾਰ ਵਿਰੁੱਧ ਪਹਿਲਾਂ ਹੀ ਥਾਣਾ ਭਾਰਗੋ ਕੈਂਪ 'ਚ ਇਕ ਮੁਕੱਦਮਾ ਦਰਜ ਹੈ ਜਦਕਿ ਮੁਲਜ਼ਮ ਸੁਨੀਲ ਕੁਮਾਰ ਉਰਫ਼ ਭਿੰਡੀ ਵਿਰੁੱਧ ਦੋ ਮੁਕੱਦਮੇ (ਇਕ ਥਾਣਾ ਡਿਵੀਜ਼ਨ ਨੰਬਰ 6 ਅਤੇ ਥਾਣਾ ਭਾਰਗੋ ਕੈਂਪ 'ਚ) ਦਰਜ ਹਨ |
ਪਿਛਲੀ ਖ਼ਬਰ ਵਿਕਾਸ ਦੇ ਕੰਮਾਂ ਵਿਚ ਦੇਰੀ ਕਰਨ ਵਾਲੇ ਠੇਕੇਦਾਰਾਂ ਨੂੰ ਲੱਗੇਗਾ ਜੁਰਮਾਨਾ ਅਗਲੀ ਖ਼ਬਰ ਵਿਜੀਲੈਂਸ ਜਾਂਚ 'ਚ ਆਈਆਂ ਨਾਜਾਇਜ਼ ਉਸਾਰੀਆਂ ਦੇ ਮਾਮਲੇ ਸੰਬੰਧੀ ਉੱਠੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।