ਜਲੰਧਰ, 14 ਜੁਲਾਈ (ਐੱਮ.ਐੱਸ. ਲੋਹੀਆ) - ਟਰੱਕ ਚਾਲਕ ਸਾਬਕਾ ਫੌਜੀ ਤੇ ਉਸ ਦੇ ਵੈਲਡਰ ਸਾਥੀ ਦੇ ਕਬਜ਼ੇ 'ਚੋਂ 260 ਗਰਾਮ ਹੈਰੋਇਨ ਬਰਾਮਦ ਕਰਕੇ, ਜ਼ਿਲ੍ਹਾ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਪਿੰਡ ਲੱਖੋਰਾਹ, ਬਟਾਲਾ ਦੇ ਰਹਿਣ ਵਾਲੇ ਹਰਿੰਦਰ ਸਿੰਘ ਉਰਫ਼ ਗਾਮਾ ਪੁੱਤਰ ਪਾਲ ਸਿੰਘ ਤੇ ਗੁਰਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਜੋਂ ਦੱਸੀ ਗਈ ਹੈ | ਡੀ.ਐਸ.ਪੀ. ਜਾਂਚ ਇੰਦਰਜੀਤ ਸਿੰਘ ਸੈਣੀ ਨੇ ਜਾਣਕਾਰੀ ਦਿੱਤੀ ਕਿ ਸੀ.ਆਈ.ਏ. ਸਟਾਫ਼ ਮੁਖੀ ਪੁਸ਼ਪ ਬਾਲੀ ਦੀ ਅਗਵਾਈ ਹੇਠ ਐਸ.ਆਈ. ਨਿਰਮਲ ਸਿੰਘ ਦੀ ਪੁਲਿਸ ਪਾਰਟੀ ਨੇ ਕਰਤਾਰਪੁਰ ਦੇ ਖੇਤਰ 'ਚ ਕਾਰਵਾਈ ਕਰਦੇ ਹੋਏ ਹਾਈਵੇ 'ਤੇ ਲਿੰਕ ਰੋਡ ਦੇ ਵਿਚਕਾਰ ਖੜ੍ਹੀ ਇਕ ਕਾਰ ਦੇ ਕੋਲ ਖੜ੍ਹੇ ਹਰਿੰਦਰ ਸਿੰਘ ਉਰਫ਼ ਗਾਮਾ ਤੇ ਗੁਰਦੀਪ ਸਿੰਘ ਦੇ ਕਬਜ਼ੇ 'ਚੋਂ 260 ਗ੍ਰਾਮ ਹੈਰੋਇਨ, ਇਕ .32 ਬੋਰ ਦਾ ਲਾਇਸੈਂਸੀ ਰਿਵਾਲਵਰ ਤੇ ਜ਼ਿੰਦਾ ਰੌਂਦ ਬਰਾਮਦ ਕਰਕੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ | ਮੁੱਢਲੀ ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਹਰਿੰਦਰ ਸਿੰਘ ਉਰਫ਼ ਗਾਮਾ ਸਾਬਕਾ ਫੌਜੀ ਹੈ ਤੇ ਉਹ ਟਰੱਕ ਚਲਾਉਂਦਾ ਹੈ ਜਦਕਿ ਉਸ ਦਾ ਸਾਥੀ ਗੁਰਦੀਪ ਸਿੰਘ ਸਟੀਲ ਵੈਲਡਿੰਗ ਦੀ ਦੁਕਾਨ ਚਲਾਉਂਦਾ ਹੈ | ਦੋਵੇਂ ਮਿਲ ਕੇ ਨਸ਼ਾ ਤਸਕਰੀ ਕਰਦੇ ਸਨ | ਡੀ.ਐਸ.ਪੀ. ਸੈਣੀ ਨੇ ਦੱਸਿਆ ਕਿ ਮੁਲਜ਼ਮ ਦੇ ਰਿਵਾਲਵਰ ਦਾ ਲਾਇਸੈਂਸ ਰੱਦ ਕਰਵਾਉਣ ਸੰਬੰਧੀ ਤੇ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕਰਨ ਲਈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |