ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਗੁਰੂ ਤੇਗ ਬਹਾਦਰ ਜੀ ਸੰਬੰਧੀ ਇਕ ਰੋਜ਼ਾ ਕੌਮਾਂਤਰੀ ਸੈਮੀਨਾਰ ਕਰਵਾਇਆ
ਮੰਚ 'ਤੇ ਬੈਠੇ ਪ੍ਰੋ. ਕੁਲਵੀਰ ਗੋਜਰਾ, ਡਾ. ਮਨਮੋਹਨ ਸਿੰਘ, ਜਥੇਦਾਰ ਪ੍ਰੋ. ਮਨਜੀਤ ਸਿੰਘ, ਪ੍ਰੋ. ਧਰਮ ਸਿੰਘ ਅਤੇ ਪ੍ਰੋ. ਮੁਹੰਮਦ ਇਦਰਿਸ |
<br/>
21-11-2025
ਦੂਜੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਕੀਤੀ | ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਗੁਰੂ ਸਾਹਿਬ ਦੀ ਮਹਾਨ ਕਰਨੀ ਨੂੰ ਚਿਤਵਦਿਆਂ ਸਦਨ ਵਲੋਂ ਹੋਏ ਅਜਿਹੇ ਅਕਾਦਮਿਕ ਉਪਰਾਲੇ ਦੀ ਸ਼ਲਾਘਾ ਕੀਤੀ | ਡਾ. ਮਨਮੋਹਨ ਨੇ ਆਪਣੇ ਪਰਚੇ ਵਿਚ ਗੁਰੂ ਸਾਹਿਬ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦੇ ਮੁਢਲੇ ਜੀਵਨ ਨਾਲ ਸਾਂਝ ਪਾਉਂਦਿਆਂ ਸ਼ਹਾਦਤ ਦੇ ਸੰਕਲਪ ਉਪਰ ਨਿੱਠ ਕੇ ਚਰਚਾ ਕੀਤੀ | ਪ੍ਰੋ. ਧਰਮ ਸਿੰਘ ਨੇ ਗੁਰੂ ਸਾਹਿਬ ਦਾ ਸੀਸ ਅਨੰਦਪੁਰ ਸਾਹਿਬ ਲੈ ਕੇ ਜਾਣ ਵਾਲੇ ਭਾਈ ਜੈਤਾ ਜੀ ਦੇ ਇਤਿਹਾਸਕ ਸਫ਼ਰ ਦਾ ਖੁਲਾਸਾ ਕੀਤਾ | ਪ੍ਰੋ. ਮੁਹੰਮਦ ਇਦਰਿਸ ਨੇ ਗੁਰੂ ਤੇਗ ਬਹਾਦਰ ਦੇ ਮੁਸਲਿਮ ਪ੍ਰਸੰਸਕਾਂ ਦਾ ਜ਼ਿਕਰ ਕਰਦੇ ਹੋਏ ਉਸ ਪੂਰਬਲੀ ਪਰੰਪਰਾ ਨੂੰ ਵੀ ਉਘਾੜਿਆ ਜਿਸ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਦੇ ਆਪਸੀ ਸੰਬੰਧਾਂ ਤੋਂ ਹੁੰਦੀ ਹੈ | ਇਸ ਸੈਸ਼ਨ ਦੇ ਸਹਾਇਕ ਪ੍ਰਧਾਨ ਅਤੇ ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ ਦੇ ਮੁਖੀ ਪ੍ਰੋ. ਕੁਲਵੀਰ ਗੋੋਜਰਾ ਨੇ ਗੁਰੂ ਤੋਂ ਕੁਰਬਾਨ ਹੋਣ ਵਾਲੇ ਪਿਆਰੇ ਸਿੱਖਾਂ ਉਪਰ ਪੜ੍ਹੇ ਗਏ ਇਨ੍ਹਾਂ ਪਰਚਿਆਂ ਦੀ ਸ਼ਲਾਘਾ ਕਰਦਿਆਂ ਇਤਿਹਾਸਕ ਗੁਰੂ-ਸਿੱਖ ਸਬੰਧਾਂ ਦੀ ਸਾਰਥਕਤਾ ਨੂੰ ਉਘਾੜਿਆ | ਤੀਜੇ ਸੈਸ਼ਨ ਦੀ ਪ੍ਰਧਾਨਗੀ ਇੰਡੀਅਨ ਐਕਸਪ੍ਰੈੱਸ ਦੇ ਰੈਜ਼ੀਡੈਂਟ ਐਡੀਟਰ ਮਨਰਾਜ ਗਰੇਵਾਲ ਨੇ ਕੀਤੀ , ਜਿਸ ਵਿਚ ਉਨ੍ਹਾਂ ਮਿਥਿਆ ਵਿਚਾਰ, ਵਿਹਾਰ ਦੇ ਸੰਕਲਪਾਂ ਤਹਿਤ ਗੁਰੂ ਸਾਹਿਬ ਦੀ ਦੇਣ ਦਾ ਅਵਲੋਕਨ ਕੀਤਾ | ਡਾ. ਰਕਸੰਦਾ ਜਲੀਲ ਨੇ ਆਪਣੇ ਪਰਚੇ ਵਿਚ ਸਿੱਖੀ ਦੇ ਬਹੁਲਵਾਦੀ ਸੰਕਲਪਾਂ ਦਾ ਜ਼ਿਕਰ ਕਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਨੂੰ ਅਦੁੱਤੀ ਕਿਹਾ, ਕਿਉਂਕਿ ਇਹ ਕੁਰਬਾਨੀ ਉਸ ਜੰਜੂ ਦੀ ਖਾਤਰ ਸੀ ਜਿਸ ਵਿਚ ਉਹ ਆਪ ਅਕੀਦਾ ਨਹੀਂ ਸਨ ਰੱਖਦੇ | ਪ੍ਰੋ. ਸੁਰਿੰਦਰ ਐਸ. ਜੋਧਕਾ ਨੇ ਆਪਣੇ ਸੰਬੋਧਨ ਵਿਚ ਵਿਅਕਤੀਗਤ ਅਤੇ ਸਮਾਜਿਕ ਪਰਿਪੇਖ ਵਿਚ ਮਨੁੱਖੀ ਅਧਿਕਾਰਾਂ ਦਾ ਖੁਲਾਸਾ ਕਰਦਿਆਂ ਸਿੱਖੀ ਦੀ ਬਹੁਵਾਦੀ ਪਹੁੰਚ ਦੇ ਦਾਇਰੇ 'ਚ ਇਸ ਦੀ ਪੜਚੋਲ ਕੀਤੀ | ਪ੍ਰੋ. ਰਵਿੰਦਰ ਕੁਮਾਰ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੇ ਜੀਵਨ 'ਚ ਪੈਦਾ ਹੋਏ ਵਿਚਾਰਧਾਰਕ ਪਹਿਲੂਆਂ 'ਤੇ ਰੌਸ਼ਨੀ ਪਾਈ, ਅਖੀਰ ਵਿਚ ਇਸ ਸੈਸ਼ਨ ਦੇ ਸਹਾਇਕ ਪ੍ਰਧਾਨ ਅਤੇ ਮਾਤਾ ਸੁੰਦਰੀ ਕਾਲਜ ਦੇ ਪਿ੍ੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਆਪਣੇ ਸੰਬੋਧਨ 'ਚ ਪੜ੍ਹੇ ਗਏ ਪਰਚਿਆਂ 'ਤੇ ਨਜ਼ਰਸਾਨੀ ਕਰਦਿਆਂ ਗਰੂ ਸਾਹਿਬ ਦੇ ਤਿਆਗ ਤੇ ਵੈਰਾਗ ਦੇ ਸੰਕਲਪਾਂ ਨੂੰ ਉਘਾੜਿਆ | ਅਖੀਰਲੇ ਸੈਸ਼ਨ ਵਿਚ ਪੰਜਾਬ ਦੇ ਸਾਬਕਾ ਚੀਫ਼ ਸਕੱਤਰ ਰਮੇਸ਼ਇੰਦਰ ਸਿੰਘ ਨੇ ਆਪਣੇ ਵਿਦਾਇਗੀ ਭਾਸ਼ਨ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਪੈਦਾ ਹੋਏ ਸੰਦੇਸ਼ ਨੂੰ ਅੱਜ ਦੇ ਪ੍ਰਸੰਗ ਵਿਚ ਉਘਾੜਦਿਆਂ ਉਨ੍ਹਾਂ ਦੇ ਜੀਵਨ ਸਿਧਾਂਤਾਂ 'ਤੇ ਰੌਸ਼ਨੀ ਪਾਈ | ਸੁਪਰੀਮ ਕੋਰਟ ਦੇ ਸਾਬਕਾ ਜੱਜ ਏ. ਕੇ. ਸੀਕਰੀ ਨੇ ਮਾਨਵੀ ਗਰਿਮਾ, ਮਾਨਵ ਅਧਿਕਾਰਾਂ, ਨਿਆਂ, ਵਰਤੋਂ, ਵਿਹਾਰ ਅਤੇ ਅਧਿਆਤਮ ਦੀ ਸੰਯੁਕਤ ਰੂਪ ਰੇਖਾ ਵਿਚੋਂ ਗੁਰੂ ਸਾਹਿਬ ਦੀ ਮਹਾਨ ਦੇਣ ਨੂੰ ਉਘਾੜਿਆ | ਅਖੀਰ ਵਿਚ ਸਦਨ ਦੇ ਡਾਇਰੈਕਟਰ ਡਾ. ਜਸਵਿੰਦਰ ਸਿੰਘ ਨੇ ਪੂਰੇ ਪ੍ਰੋਗਰਾਮ ਦੀ ਰਿਪੋਰਟ ਪੇਸ਼ ਕਰਦਿਆਂ ਪਹੁੰਚੇ ਸਭ ਬੁਲਾਰਿਆਂ, ਵਿਸ਼ੇਸ਼ ਵਿਅਕਤੀਆਂ ਅਤੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ,ਵਿਦਿਆਰਥੀਆਂ ਤੋਂ ਇਲਾਵਾ ਸਦਨ ਦੇ ਸਮੁੱਚੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ | ਸਦਨ ਦੇ ਸੀਨੀਅਰ ਮੀਤ ਪ੍ਰਧਾਨ ਜੀ. ਬੀ. ਐਸ. ਸਿੱਧੂ, ਸਦਨ ਦੇ ਮੀਤ ਪ੍ਰਧਾਨ ਹਰਚਰਨ ਸਿੰਘ ਨਾਗ, ਖਜ਼ਾਨਚੀ ਧਰਮਪਾਲ ਸਿੰਘ ਸੋਢੀ, ਸਰਦਾਰਨੀ ਮਨਜੀਤ ਕੌਰ ਨਾਗ, ਡਾ. ਰਾਕੇਸ਼ ਲਟਾਬਿਆਲ, ਡਾ. ਰੇਣੂਕਾ ਸਿੰਘ, ਡਾ. ਯਾਦਵਿੰਦਰ ਸਿੰਘ, ਡਾ. ਜਸਵਿੰਦਰ ਸਿੰਘ, ਐਡਵੋਕੇਟ ਗੁਰਨੇਕ ਸਿੰਘ ਗੁਰਾਇਆ ਸਮੇਤ ਵੱਡੀ ਗਿਣਤੀ ਵਿਚ ਯੂਨੀਵਰਸਿਟੀ ਅਤੇ ਕਾਲਜਾਂ ਦੇ ਅਧਿਆਪਕ ਤੇ ਵਿਦਿਆਰਥੀ-ਖੋਜਾਰਥੀਆਂ ਨੇ ਇਸ ਵਿਚ ਹਾਜ਼ਰੀ ਭਰੀ |