ਕਾਲਾਂਵਾਲੀ/ਸਿਰਸਾ, 20 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸ਼ਹੀਦ ਭਗਤ ਸਿੰਘ ਆਈ.ਟੀ.ਓ.ਟੀ. (ਸੀ.ਟੀ.ਆਈ.) ਕਾਲਾਂਵਾਲੀ ਵਿਖੇ ਗਿਆਨ, ਤਤਪਰਤਾ ਅਤੇ ਟੀਮ ਵਰਕ ਤੋਂ ਪ੍ਰੇਰਿਤ ਹੋ ਕੇ ਇੱਕ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਵੱਖ-ਵੱਖ ਟਰੇਡਾਂ ਦੇ ਵਿਦਿਆਰਥੀਆਂ ਨੇ ਇਸ ਕੁਇਜ਼ ਮੁਕਾਬਲੇ ਵਿੱਚ ਹਿੱਸਾ ਲਿਆ | ਵਿਦਿਆਰਥੀਆਂ ਆਪਣੇ ਹੁਨਰ, ਤਰਕ ਅਤੇ ਵਿਸ਼ੇ ਨਾਲ ਸਬੰਧਤ ਗਿਆਨ ਦਾ ਪ੍ਰਦਰਸ਼ਨ ਕੀਤਾ | ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਤੇਜ਼ੀ ਅਤੇ ਵਿਸ਼ਵਾਸ ਨਾਲ ਸਵਾਲਾਂ ਦੇ ਜਵਾਬ ਦੇ ਕੇ ਆਪਣੇ-ਆਪਣੇ ਟਰੇਡਾਂ ਦੀ ਸਾਖ ਵਧਾਈ | ਇਲੈਕਟਰੀਸ਼ੀਅਨ ਟਰੇਡ ਦੀ ਟੀਮ ਸਚਿਨ ਅਤੇ ਵਿਜੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ | ਦੂਜਾ ਇਨਾਮ ਪੇਂਟਿੰਗ ਟੈਕਨਾਲੋਜੀ ਟਰੇਡ ਦੇ ਵਿਦਿਆਰਥੀਆਂ ਸ਼ਿਵ ਕੁਮਾਰ ਅਤੇ ਸਚਿਨ ਨੂੰ ਮਿਲਿਆ, ਜਦੋਂ ਕਿ ਤੀਜਾ ਇਨਾਮ ਡੀ.ਐਮ.ਸੀ ਟਰੇਡ ਦੇ ਭਾਗੀਦਾਰਾਂ ਅਨੁਜ ਅਤੇ ਪਿਊਸ਼ ਨੂੰ ਮਿਲਿਆ | ਇਸ ਮੌਕੇ 'ਤੇ ਇੰਸਟੀਚਿਊਟ ਦੇ ਡਾਇਰੈਕਟਰ ਅਸ਼ੋਕ ਸਿੰਗਲਾ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕੁਇਜ਼ ਵਰਗੇ ਮੁਕਾਬਲੇ ਵਿਦਿਆਰਥੀਆਂ ਦੇ ਗਿਆਨ, ਤਰਕ ਅਤੇ ਜਲਦੀ ਫੈਸਲਾ ਲੈਣ ਦੀਆਂ ਯੋਗਤਾਵਾਂ ਨੂੰ ਵਧਾਉਂਦੇ ਹਨ | ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਸੀ.ਟੀ.ਆਈ. ਇੰਸਟੀਚਿਊਟ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਪ੍ਰਦਾਨ ਕਰੇਗਾ ਜੋ ਉਨ੍ਹਾਂ ਦੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ | ਪਿ੍ੰਸੀਪਲ ਇੰਜੀਨੀਅਰ ਰਵਿੰਦਰ ਕੁਮਾਰ ਨੇ ਸਾਰੇ ਭਾਗੀਦਾਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਅਤੇ ਮੁਕਾਬਲੇ ਦੀ ਭਾਵਨਾ ਨੂੰ ਵਧਾਉਂਦੇ ਹਨ | ਇਸ ਸਮਾਗਮ ਵਿੱਚ ਸੁਪਰਡੈਂਟ ਨਵਦੀਪ ਸਿੰਘ, ਇੰਸਟਰਕਟਰ ਰਾਕੇਸ਼ ਸ਼ੇਰਦੀਆ, ਚੰਦਰ ਸ਼ੇਖਰ, ਸੁਨੀਲ ਬੈਨੀਵਾਲ, ਨਰਸੀ, ਸੰਗੀਤਾ, ਨੇਹਾ, ਆਰਤੀ ਸ਼ਰਮਾ, ਮੀਨਾ, ਸਰਵਜੀਤ ਕੌਰ, ਪੁਸ਼ਪਾ, ਅੰਕਿਤਾ ਅਤੇ ਸਾਰੇ ਸਟਾਫ਼ ਮੈਂਬਰ ਮੌਜੂਦ ਸਨ |