ਐੱਸ.ਡੀ.ਐੱਮ. ਨੇ ਕੈਂਪ 'ਚ ਲੋਕਾਂ ਦੀਆਂ ਸ਼ਿਕਾਇਤਾਂ ਹੱਲ ਕਰਨ ਦੇ ਦਿੱਤੇ ਹੁਕਮ
ਅਜੀਤ ਡੈਸਕ
21-11-2025
ਰਤੀਆ, 20 ਨਵੰਬਰ (ਬੇਅੰਤ ਕੌਰ ਮੰਡੇਰ)-ਐੱਸ. ਡੀ. ਐੱਮ. ਰਤੀਆ ਸੁਰੇਂਦਰ ਸਿੰਘ ਵਲੋਂ ਸਮਾਧਾਨ ਕੈਂਪ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਹੱਲ ਤੁਰੰਤ ਕੀਤਾ ਜਾਵੇ | ਉਨ੍ਹਾਂ ਸੁਖਦੇਵ ਸਿੰਘ ਵਿਲਾਸਪੁਰ ਦੀ ਬੁਢਾਪਾ ਪੈਨਸ਼ਨ ਮਨਜ਼ੂਰ ਕਰ ਕੇ ਸਰਟੀਫਿਕੇਟ ਜਾਰੀ ਕੀਤਾ | ਲੀਲੂ ਰਾਮ ਦੀ ਵਿਧਵਾ ਬਿਨੈਕਾਰ ਕਮਲਾ ਦੀ ਪੈਨਸ਼ਨ ਸੰਬੰਧੀ ਸ਼ਿਕਾਇਤ ਪ੍ਰਾਪਤ ਹੋਈ | ਐੱਸ.ਡੀ.ਐੱਮ. ਨੇ ਮਿੰਨੀ ਸਕੱਤਰੇਤ ਜਨਤਕ ਸੁਣਵਾਈ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸਾਰੇ ਵਿਭਾਗ ਜਨਤਕ ਸ਼ਿਕਾਇਤ ਨਿਵਾਰਨ ਪ੍ਰਣਾਲੀ ਨੂੰ ਵਧੇਰੇ ਜਵਾਬਦੇਹ, ਸੰਵੇਦਨਸ਼ੀਲ ਅਤੇ ਪਾਰਦਰਸ਼ੀ ਬਣਾਉਣ ਲਈ ਤਾਲਮੇਲ ਵਿਚ ਕੰਮ ਕਰਨ | ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਸਮਾਧਾਨ ਕੈਂਪ ਵਿਚ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਹੱਲ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ | ਹਰਿਆਣਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਪ੍ਰਸ਼ਾਸਨ ਨਾਗਰਿਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਹਰ ਹਫ਼ਤੇ, ਸੋਮਵਾਰ ਅਤੇ ਵੀਰਵਾਰ ਨੂੰ ਸਬ-ਡਿਵੀਜ਼ਨ ਪੱਧਰ 'ਤੇ ਸਮਾਧਾਨ ਕੈਂਪ ਲਗਾਇਆ ਜਾਂਦਾ ਹੈ | ਕੈਂਪਾਂ ਵਿਚ ਸਾਰੇ ਵਿਭਾਗਾਂ ਨਾਲ ਸਬੰਧਿਤ ਸ਼ਿਕਾਇਤਾਂ ਨੂੰ ਇੱਕ ਛੱਤ ਹੇਠ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ |
ਇਸ ਮੌਕੇ ਤਹਿਸੀਲ ਭਲਾਈ ਅਧਿਕਾਰੀ ਕੰਵਲ ਸਿੰਘ, ਬਿਜਲੀ ਵਿਭਾਗ ਤੋਂ ਬਿਜੇਂਦਰ ਸਿੰਘ, ਜੇ. ਈ. ਗੁਲਸ਼ਨ ਕੁਮਾਰ, ਚਮਕੋਰ ਸਿੰਘ, ਰੋਡਵੇਜ਼ ਤੋਂ ਮਦਨ ਲਾਲ, ਜੰਗਲਾਤ ਵਿਭਾਗ ਤੋਂ ਬਲਦੇਵ ਸਿੰਘ, ਸਿਹਤ ਵਿਭਾਗ ਤੋਂ ਵੀਰੇਂਦਰ ਸਿੰਘ, ਖੇਤੀਬਾੜੀ ਵਿਭਾਗ ਤੋਂ ਰੋਹਿਤ ਕੁਮਾਰ, ਗੁਰਮੀਤ ਸਿੰਘ, ਸੁਨੀਲ ਕੁਮਾਰ, ਸਤਿਆਵਾਨ, ਰਾਜੇਸ਼ ਸੈਣੀ, ਰਮਨ, ਬੰਟੀ ਰਾਮ, ਸੋਨਮ ਰਾਣੀ ਆਦਿ ਹਾਜ਼ਰ ਸਨ |