ਯਮੁਨਾਨਗਰ, 21 ਜੁਲਾਈ (ਗੁਰਦਿਆਲ ਸਿੰਘ ਨਿਮਰ)-ਡਿਊਟੀ ਦੌਰਾਨ ਮੌਤ ਜਾਂ ਕਿਸੇ ਵੀ ਤਰ੍ਹਾਂ ਦੀ ਅਪੰਗਤਾ ਦੀ ਸਥਿਤੀ 'ਚ ਸੂਬੇ ਦੇ ਫਾਇਰ ਵਿਭਾਗ 'ਚ ਤਨਖਾਹ 'ਤੇ ਕੰਮ ਕਰਦੇ ਕਰਮਚਾਰੀਆਂ ਅਤੇ ਫਾਇਰ ਬਿ੍ਗੇਡ ਕਰਮਚਾਰੀਆਂ ਦੇ ਪਰਿਵਾਰ ਨੂੰ ਵਿੱਤੀ ਮੁਆਵਜ਼ਾ ਪ੍ਰਦਾਨ ਕਰਨ ਦੇ ਸੰਬੰਧ 'ਚ ਡਾਇਰੈਕਟਰ ਜਨਰਲ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਪੰਚਕੂਲਾ ਹਰਿਆਣਾ ਨੇ ਮਿਊਾਸੀਪਲ ਕਰਮਚਾਰੀ ਯੂਨੀਅਨ ਹਰਿਆਣਾ ਦੇ ਸੂਬਾ ਪ੍ਰਧਾਨ ਨਰੇਸ਼ ਸ਼ਾਸਤਰੀ, ਹਰਿਆਣਾ ਫਾਇਰ ਡਿਪਾਰਟਮੈਂਟ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਧ ਅਤੇ ਹੋਰ ਯੂਨੀਅਨ ਪ੍ਰਤੀਨਿਧੀਆਂ ਨੂੰ ਈਮੇਲ ਰਾਹੀਂ 18 ਜੁਲਾਈ ਨੂੰ ਸਿੰਚਾਈ ਭਵਨ ਪੰਚਕੂਲਾ ਦੀ ਚੌਥੀ ਮੰਜ਼ਿਲ 'ਤੇ ਦੁਪਹਿਰ 3 ਵਜੇ ਇਕ ਮੀਟਿੰਗ ਕਰਨ ਲਈ ਸੱਦਾ ਭੇਜਿਆ ਹੈ | ਇਸ ਸੰਬੰਧ 'ਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮਿਊਾਸੀਪਲ ਕਰਮਚਾਰੀ ਯੂਨੀਅਨ ਹਰਿਆਣਾ ਦੇ ਸੂਬਾ ਪ੍ਰਧਾਨ ਨਰੇਸ਼ ਕੁਮਾਰ ਸ਼ਾਸਤਰੀ, ਹਰਿਆਣਾ ਫਾਇਰ ਡਿਪਾਰਟਮੈਂਟ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਧ ਅਤੇ ਮੁੱਖ ਪ੍ਰਬੰਧਕ ਗੁਲਸ਼ਨ ਭਾਰਦਵਾਜ ਨੇ ਕਿਹਾ ਕਿ ਫਾਇਰ ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਦਾ ਕੋਈ ਹੱਲ ਨਾ ਹੋਣ ਕਾਰਨ ਮਿਊਾਸੀਪਲ ਕਰਮਚਾਰੀ ਯੂਨੀਅਨ ਹਰਿਆਣਾ ਦੀ ਇਕ ਰਾਜ ਪੱਧਰੀ ਮੀਟਿੰਗ 26 ਜੁਲਾਈ ਨੂੰ ਫਰੀਦਾਬਾਦ 'ਚ ਬੁਲਾਈ ਗਈ ਹੈ | ਇਸ ਮੀਟਿੰਗ 'ਚ ਨਗਰ ਪਾਲਿਕਾ ਅਤੇ ਫਾਇਰ ਕਰਮਚਾਰੀਆਂ ਦੀਆਂ ਮੰਗਾਂ ਅਤੇ ਸਮੱਸਿਆਵਾਂ 'ਤੇ ਚਰਚਾ ਕਰਕੇ ਭਵਿੱਖ ਦੀ ਰਣਨੀਤੀ ਬਣਾਈ ਜਾਵੇਗੀ | ਇਸ ਤੋਂ ਇਲਾਵਾ, ਉਨ੍ਹਾਂ ਦੱਸਿਆ ਕਿ 4 ਅਪ੍ਰੈਲ ਨੂੰ ਮਾਲੀਆ ਅਤੇ ਆਫ਼ਤ ਪ੍ਰਬੰਧਨ ਮੰਤਰੀ ਵਿਪੁਲ ਗੋਇਲ ਨੇ ਫਾਇਰ ਸਰਵਿਸਿਜ਼ ਦੇ ਡਾਇਰੈਕਟਰ ਜਨਰਲ ਦੀ ਪ੍ਰਧਾਨਗੀ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਯੂਨੀਅਨ ਦੇ ਨੁਮਾਇੰਦਿਆਂ ਦੀ ਇਕ 8 ਮੈਂਬਰੀ ਕਮੇਟੀ ਬਣਾਈ ਸੀ ਅਤੇ ਇਕ ਮਹੀਨੇ ਦੇ ਅੰਦਰ ਮੰਗਾਂ ਦਾ ਹੱਲ ਕਰਨ ਦੇ ਆਦੇਸ਼ ਜਾਰੀ ਕੀਤੇ ਸਨ | ਇਸ ਤੋਂ ਬਾਅਦ, ਲਗਾਤਾਰ 5 ਮੀਟਿੰਗਾਂ ਕਰਨ ਤੋਂ ਬਾਅਦ, ਫਾਇਰ ਸਰਵਿਸਿਜ਼ ਦੇ ਡਾਇਰੈਕਟਰ ਜਨਰਲ ਨੇ 12 ਜੂਨ ਨੂੰ ਯੂਨੀਅਨ ਦੇ ਵਫ਼ਦ ਨਾਲ ਮੀਟਿੰਗ ਕੀਤੀ ਅਤੇ ਸਾਰੀਆਂ ਮੰਗਾਂ ਦੀ ਕਾਰਵਾਈ ਤਿਆਰ ਕਰਕੇ ਮੰਤਰੀ ਨੂੰ ਭੇਜਣ ਦਾ ਭਰੋਸਾ ਦਿੱਤਾ | ਪਰ 29 ਜੂਨ ਨੂੰ ਫਰੀਦਾਬਾਦ 'ਚ ਹੋਏ ਪ੍ਰਦਰਸ਼ਨ ਦੌਰਾਨ ਮੰਤਰੀ ਨੇ ਖੁਦ ਕਿਹਾ ਕਿ ਫਾਇਰ ਕਰਮਚਾਰੀਆਂ ਦੀਆਂ ਮੰਗਾਂ ਦੀ ਕਾਰਵਾਈ ਵਾਲੀ ਫਾਈਲ ਅਜੇ ਤੱਕ ਮੇਰੇ ਤੱਕ ਨਹੀਂ ਪਹੁੰਚੀ | ਉਨ੍ਹਾਂ ਕਿਹਾ ਕਿ ਫਾਇਰ ਅਧਿਕਾਰੀਆਂ ਦਾ ਫਾਇਰ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਇਹ ਟਾਲ-ਮਟੋਲ ਵਾਲਾ ਰਵੱਈਆ ਜਾਇਜ਼ ਨਹੀਂ ਹੈ | ਜੇਕਰ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਸੰਬੰਧੀ ਪੱਤਰ ਜਲਦੀ ਜਾਰੀ ਨਾ ਕੀਤੇ ਗਏ ਤਾਂ ਜਲਦੀ ਹੀ ਸੂਬਾ ਕਮੇਟੀ ਬੁਲਾ ਕੇ ਦੁਬਾਰਾ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ | ਇਸ ਆਉਣ ਵਾਲੇ ਅੰਦੋਲਨ 'ਚ ਸਾਨੂੰ ਇਕ ਵਾਰ ਫਿਰ ਫਰੀਦਾਬਾਦ 'ਚ ਮੰਤਰੀ ਦੇ ਨਿਵਾਸ ਸਥਾਨ 'ਤੇ ਪ੍ਰਦਰਸ਼ਨ ਦਾ ਸੱਦਾ ਦੇਣ ਲਈ ਮਜਬੂਰ ਕੀਤਾ ਜਾ ਸਕਦਾ ਹੈ, ਜਿਸ ਦੀ ਸਾਰੀ ਜ਼ਿੰਮੇਵਾਰੀ ਅਧਿਕਾਰੀਆਂ ਦੀ ਹੋਵੇਗੀ |