21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਜ਼ਿਲ੍ਹੇ ਦੇ 8 ਪਿੰਡਾਂ 'ਚ ਮੀਂਹ ਨਾਲ ਨੁਕਸਾਨੀਆਂ ਦੋ ਹਜ਼ਾਰ ਏਕੜ ਫਸਲਾਂ ਕਿਸਾਨਾਂ ਨੇ ਵਾਹੀਆਂ

ਅਜੀਤ ਡੈਸਕ 22-07-2025

ਸਿਰਸਾ, 21 ਜੁਲਾਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹੇ ਦੇ 8 ਪਿੰਡਾਂ ਵਿੱਚ ਮੀਂਹ ਦੇ ਪਾਣੀ ਨਾਲ ਨੁਕਸਾਨੀਆ ਲਗਭਗ ਦੋ ਹਜ਼ਾਰ ਏਕੜ ਵਿੱਚ ਖੜ੍ਹੀਆਂ ਫ਼ਸਲਾਂ ਉੱਤੇ ਕਿਸਾਨਾਂ ਨੇ ਟਰੈਕਟਰ ਚਲਾ ਵਾਹ ਦਿੱਤੀਆਂ ਹਨ | ਚੇਤੇ ਰਹੇ ਕਿ ਹਾਲ ਹੀ ਵਿੱਚ ਪਏ ਭਾਰੀ ਮੀਂਹ ਨੇ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ | ਮੀਂਹ ਦੇ ਪਾਣੀ ਨਾਲ ਪ੍ਰਭਾਵਿਤ ਖੇਤਰ ਦੇ 8 ਪਿੰਡਾਂ ਵਿੱਚ ਲਗਭਗ 2000 ਏਕੜ ਵਿੱਚ ਉਗਾਈ ਗਈ ਕਪਾਹ, ਗੁਆਰ ਅਤੇ ਮੂੰਗਫਲੀ ਦੀਆਂ ਫ਼ਸਲਾਂ ਡੁੱਬ ਗਈਆਂ ਸਨ | ਇਸ ਕਾਰਨ ਕਿਸਾਨਾਂ ਨੂੰ ਟਰੈਕਟਰਾਂ ਨਾਲ ਵਾਹੁਣ ਲਈ ਮਜਬੂਰ ਹੋਣਾ ਪਿਆ | ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਨਾਥੂਸਰੀ ਚੋਪਟਾ ਬਲਾਕ ਦਾ ਹੈ | ਜਿਸ ਦੇ ਪਿੰਡ ਰੂਪਾਨਾ ਗੰਜਾ ਵਿੱਚ 400 ਏਕੜ, ਰੂਪਾਨਾ ਬਿਸਨੋਈਆਂ 300 ਏਕੜ ਅਤੇ ਸ਼ੱਕਰ ਮੰਦੋਰੀ ਵਿੱਚ ਲਗਭਗ 500 ਏਕੜ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ | ਇਸ ਤੋਂ ਇਲਾਵਾ, ਸ਼ਾਹਪੁਰੀਆ ਵਿੱਚ 150 ਏਕੜ, ਨਹਿਰਾਨਾ ਵਿੱਚ 150 ਏਕੜ, ਤਰਕਾਂਵਾਲੀ ਵਿੱਚ 100 ਏਕੜ ਅਤੇ ਚਾਹਰਵਾਲਾ ਵਿੱਚ 50 ਏਕੜ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ | ਕਿਸਾਨਾਂ ਨੇ ਕਿਹਾ ਕਿ ਦੋ ਤੋਂ ਤਿੰਨ ਸਾਲ ਪਹਿਲਾਂ ਵੀ ਪਾਣੀ ਭਰਨ ਕਾਰਨ ਫ਼ਸਲ ਨੂੰ ਨੁਕਸਾਨ ਪਹੁੰਚਿਆ ਸੀ | ਹੁਣ ਕਿਸਾਨ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵਿੱਤੀ ਨੁਕਸਾਨ ਹੋਇਆ ਹੈ | ਜੇਕਰ ਹਿਸਾਰ-ਘੱਗਰ ਡਰੇਨ ਟੁੱਟ ਜਾਂਦਾ ਹੈ ਤਾਂ ਹੋਰ ਵੀ ਨੁਕਸਾਨ ਹੋ ਸਕਦਾ ਹੈ | ਕਿਸਾਨਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਪ੍ਰਤੀ ਏਕੜ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ | ਇਸ ਮਾਮਲੇ 'ਚ ਪਿੰਡ ਸ਼ਕਰ ਮੰਦੋਰੀ ਦੇ ਕਿਸਾਨ ਅਸ਼ੋਕ ਕੁਮਾਰ ਕਾਸਨੀਆਂ ਨੇ ਦੱਸਿਆ ਕਿ ਉਨ੍ਹਾਂ ਦੀ 7 ਏਕੜ ਵਿੱਚ ਖੜ੍ਹੀ ਕਪਾਹ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ | ਪਾਣੀ ਕੱਢਣ ਲਈ ਮੋਟਰ ਪੰਪ ਦੀ ਵਰਤੋਂ ਕੀਤੀ ਜਾ ਰਹੀ ਹੈ | ਪਰ ਲਗਾਤਾਰ ਪਾਣੀ ਭਰਨ ਕਾਰਨ ਫ਼ਸਲ ਸੁੱਕਣੀ ਸ਼ੁਰੂ ਹੋ ਗਈ ਹੈ | ਇਸ ਤਰ੍ਹਾਂ ਹੀ ਪ੍ਰਦੀਪ ਕੁਮਾਰ ਦੀ 4 ਏਕੜ, ਮਨੀਸ਼ ਦੀ 2 ਏਕੜ, ਰਾਜੇਸ਼ ਸਹਾਰਨ ਦੀ 2 ਏਕੜ, ਮੁਕੇਸ਼ ਨੰਬਰਦਾਰ ਦੀ 4 ਏਕੜ ਅਤੇ ਭਰਤ ਸਿੰਘ ਦੀ 8 ਏਕੜ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ | ਇਸੇ ਪਿੰਡ ਦੇ ਹੋਰ ਕਿਸਾਨਾਂ ਦੀਆਂ ਫ਼ਸਲਾਂ ਵੀ ਵੱਡੀ ਮਾਤਰਾ ਵਿੱਚ ਪ੍ਰਭਾਵਿਤ ਹੋਈਆਂ ਹਨ | ਜਿਸ ਕਰਕੇ ਹੁਣ ਕਿਸਾਨ ਖਰਾਬ ਹੋਈ ਫ਼ਸਲ ਨੂੰ ਵਾਹੁਣ ਅਤੇ ਝੋਨਾ ਲਗਾਉਣ ਲਈ ਮਜਬੂਰ ਹਨ | ਸ਼ੱਕਰ ਮੰਦੋਰੀ, ਰੁਪਾਣਾ ਗੰਜਾ ਅਤੇ ਰੁਪਾਣਾ ਬਿਸ਼ਨੋਈਆ ਦੇ ਕਿਸਾਨਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ, ਜਿੱਥੇ ਲਗਭਗ 1200 ਏਕੜ ਕਪਾਹ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ |

ਪਿਛਲੀ ਖ਼ਬਰ ਸਿੰਜਾਈ ਭਵਨ ਵਿਖੇ ਡਾਇਰੈਕਟਰ ਜਨਰਲ ਫਾਇਰ ਸਰਵਿਸਿਜ਼ ਨਾਲ ਮੀਟਿੰਗ ਕੱਲ੍ਹ ਅਗਲੀ ਖ਼ਬਰ ਭੇਦਭਰੇ ਹਾਲਾਤ 'ਚ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।