29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹਾ ਯਮੁਨਾਨਗਰ ਦੀ ਹੱਦ ਅੰਦਰ ਪੈਂਦੀਆਂ ਨਦੀਆਂ, ਨਹਿਰਾਂ ਤੇ ਤਲਾਬਾਂ 'ਚ ਨਹਾਉਣ 'ਤੇ ਪਾਬੰਦੀ ਲਗਾਈ

ਅਜੀਤ ਡੈਸਕ 20-07-2025
ਯਮੁਨਾਨਗਰ, 19 ਜੁਲਾਈ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਮੈਜਿਸਟ੍ਰੇਟ ਪਾਰਥ ਗੁਪਤਾ ਨੇ ਭਾਰਤੀ ਸਿਵਲ ਰੱਖਿਆ ਕੋਡ 2023 ਦੀ ਧਾਰਾ 163 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ 'ਚ ਐਮਰਜੈਂਸੀ ਸਥਿਤੀ 'ਚ ਕਾਨੂੰਨ-ਵਿਵਸਥਾ ਅਤੇ ਸ਼ਾਂਤੀ ਬਣਾਈ ਰੱਖਣ ਲਈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਜ਼ਿਲ੍ਹਾ ਯਮੁਨਾਨਗਰ ਦੀ ਹੱਦ 'ਚ ਪੈਂਦੀਆਂ ਨਦੀਆਂ, ਨਹਿਰਾਂ ਅਤੇ ਤਲਾਬਾਂ 'ਚ ਨਹਾਉਣ 'ਤੇ ਪਾਬੰਦੀ ਲਗਾਈ ਹੈ | ਉਨ੍ਹਾਂ ਕਿਹਾ ਕਿ ਗਰਮੀਆਂ ਦੇ ਮੌਸਮ 'ਚ ਨੌਜਵਾਨ ਅਤੇ ਹੋਰ ਲੋਕ ਨਹਿਰਾਂ 'ਚ ਨਹਾਉਣ ਜਾਂਦੇ ਹਨ, ਪਰ ਅਕਸਰ ਪਾਣੀ ਦੇ ਤੇਜ਼ ਵਹਾਅ ਅਤੇ ਡੂੰਘਾਈ ਕਾਰਨ ਉਨ੍ਹਾਂ ਦੇ ਡੁੱਬਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਅਜਿਹੀ ਸਥਿਤੀ 'ਚ ਇਹ ਹੁਕਮ ਆਮ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਬਣਾਈ ਰੱਖਣ ਲਈ ਜਾਰੀ ਕੀਤੇ ਗਏ ਹਨ, ਜਿਸ ਤਹਿਤ ਨਦੀਆਂ, ਨਹਿਰਾਂ ਅਤੇ ਤਲਾਬਾਂ 'ਚ ਨਹਾਉਣ ਅਤੇ ਤੈਰਾਕੀ ਕਰਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ | ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ 'ਚ ਦਰਿਆ, ਨਹਿਰਾਂ ਅਤੇ ਤਲਾਬਾਂ ਦੇ ਨਾਲ ਪੈਂਦੇ ਸ਼ਹਿਰੀ ਖੇਤਰਾਂ 'ਚ ਕਮਿਸ਼ਨਰ, ਨਗਰ ਨਿਗਮ ਯਮੁਨਾਨਗਰ-ਜਗਾਧਾਰੀ ਅਤੇ ਪੇਂਡੂ ਖੇਤਰਾਂ 'ਚ ਸੰਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ, ਸੰਬੰਧਤ ਪੁਲਿਸ ਥਾਣਿਆਂ ਦੇ ਮੁੱਖੀਆਂ, ਸਰਪੰਚਾਂ, ਨੰਬਰਦਾਰਾਂ ਅਤੇ ਚੌਕੀਦਾਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਕਾਰਜ ਖੇਤਰ ਵਾਲੇ ਪਿੰਡਾਂ 'ਚ ਇਸ ਸੰਬੰਧ 'ਚ ਜਾਰੀ ਹੁਕਮਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦੇਣ ਅਤੇ ਇਸ ਦੀ ਪਾਲਣਾ ਨੂੰ ਯਕੀਨੀ ਬਣਾਉਣ | ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਮਿਸ਼ਨਰ, ਨਗਰ ਨਿਗਮ ਯਮੁਨਾਨਗਰ-ਜਗਾਧਾਰੀ, ਸਿੰਚਾਈ ਵਿਭਾਗ ਦੇ ਅਧਿਕਾਰੀਆਂ, ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਅਤੇ ਸਕੱਤਰ ਨਗਰ ਕੌਂਸਲਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਦਰਿਆ, ਨਹਿਰਾਂ ਅਤੇ ਤਲਾਬਾਂ ਦੇ ਨੇੜੇ ਇਨ੍ਹਾਂ ਹੁਕਮਾਂ ਵਾਲੇ ਬੋਰਡ ਲਗਾ ਕੇ ਆਮ ਲੋਕਾਂ ਨੂੰ ਜਾਗਰੂਕ ਕਰਨ | ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤੀ ਦੰਡ ਸੰਹਿਤਾ 2023 ਦੀ ਧਾਰਾ 223 ਤਹਿਤ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਨਗਰ ਕੌਂਸਲ ਰਾਦੌਰ ਸਫ਼ਾਈ ਦਰਜਾਬੰਦੀ 'ਚ ਸੂਬੇ 'ਚ ਨੌਵੇਂ ਸਥਾਨ 'ਤੇ ਰਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।