27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਯਮੁਨਾਨਗਰ ਦੇ ਐਸ. ਪੀ. ਵਲੋਂ ਪੁਲਿਸ ਥਾਣਿਆਂ/ਚੌਕੀਆਂ ਦਾ ਅਚਨਚੇਤ ਨਿਰੀਖਣ

ਅਜੀਤ ਡੈਸਕ 19-07-2025
ਯਮੁਨਾਨਗਰ, 18 ਜੁਲਾਈ (ਗੁਰਦਿਆਲ ਸਿੰਘ ਨਿਮਰ)-ਯਮੁਨਾਨਗਰ ਦੇ ਐਸ. ਪੀ. ਕਮਲਦੀਪ ਗੋਇਲ ਵਲੋਂ ਪੁਲਿਸ ਥਾਣਿਆਂ/ਚੌਕੀਆਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਇਸ ਮੌਕੇ ਉਨ੍ਹਾਂ ਜਿਥੇ ਪੁਲਿਸ ਅਧਿਕਾਰੀਆਂ/ ਕਰਮਚਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ, ਉਥੇ ਹੀ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੰਦਿਆਂ ਕਿਹਾ ਕਿ ਜੇਕਰ ਸਾਨੂੰ ਲੋੜ ਪਈ ਤਾਂ ਸਿੱਧੀ ਗੋਲੀਬਾਰੀ ਵੀ ਕੀਤੀ ਜਾ ਸਕਦੀ ਹੈ | ਇਸ ਨਿਰੀਖਣ ਦੌਰਾਨ ਐਸ. ਪੀ. ਦੇ ਨਾਲ ਡੀ. ਐਸ. ਪੀ. ਹੈੱਡਕੁਆਟਰ ਕੰਵਲਜੀਤ ਸਿੰਘ ਤੇ ਰਜਤ ਗੁਲੀਆ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ | ਉਨ੍ਹਾਂ ਮੌਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਡਿਊਟੀ ਸੰਬੰਧੀ ਜ਼ਰੂਰੀ ਹਦਾਇਤਾਂ ਦਿੱਤੀਆਂ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ. ਪੀ. ਕਮਲਦੀਪ ਗੋਇਲ ਨੇ ਕਿਹਾ ਕਿ ਸ਼ਹਿਰ 'ਚ ਅਪਰਾਧ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਨਾਕੇ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ 'ਚ ਜ਼ਿਲ੍ਹੇ 'ਚ ਸਾਹਮਣੇ ਆਈਆਂ ਅਪਰਾਧਿਕ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਪੂਰੇ ਜ਼ਿਲ੍ਹੇ 'ਚ ਚੈਕਿੰਗ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਉਹ ਖ਼ੁਦ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਹਰ ਚੈੱਕ ਪੋਸਟ 'ਤੇ ਤਾਇਨਾਤ ਪੁਲਿਸ ਕਰਮਚਾਰੀ ਪੂਰੀ ਤਰ੍ਹਾਂ ਸੁਚੇਤ ਹਨ ਜਾਂ ਨਹੀਂ | ਉਨ੍ਹਾਂ ਕਿਹਾ ਕਿ ਇਹ ਪੁਲਿਸ ਮੁਹਿੰਮ ਸਿਰਫ਼ ਇਕ ਰਸਮੀ ਕਾਰਵਾਈ ਨਹੀਂ ਹੈ, ਸਗੋਂ ਜਨਤਾ ਦੀ ਸੁਰੱਖਿਆ ਲਈ ਇਕ ਠੋਸ ਕਦਮ ਹੈ | ਉਨ੍ਹਾਂ ਸਾਰੇ ਅਧਿਕਾਰੀਆਂ/ਕਰਮਚਾਰੀਆਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਵਾਹਨ ਦਿਖਾਈ ਦਿੰਦਾ ਹੈ ਤਾਂ ਕੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ |
ਅਪਰਾਧੀਆਂ ਨੂੰ ਖੁੱਲ੍ਹ ਨਹੀਂ ਦਿੱਤੀ ਜਾਵੇਗੀ : ਐਸ. ਪੀ.
ਐਸ. ਪੀ. ਕਮਲਦੀਪ ਗੋਇਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਅਪਰਾਧੀ ਗੋਲੀ ਚਲਾਉਂਦਾ ਹੈ ਜਾਂ ਕੋਈ ਹੋਰ ਅਪਰਾਧ ਕਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹ ਪੁਲਿਸ ਚੌਕੀ ਦੇ ਸਾਹਮਣੇ ਤੋਂ ਲੰਘਦਾ ਹੈ ਤਾਂ ਪੁਲਿਸ ਨੂੰ ਅਜਿਹੇ ਅਪਰਾਧੀ 'ਤੇ ਸਿੱਧੀ ਗੋਲੀਬਾਰੀ ਕਰਨ ਦਾ ਪੂਰਾ ਅਧਿਕਾਰ ਹੈ | ਉਨ੍ਹਾਂ ਸਖ਼ਤ ਲਹਿਜੇ 'ਚ ਕਿਹਾ ਕਿ ਅਪਰਾਧੀਆਂ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ | ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੁਲਿਸ ਨੂੰ ਨਾ ਸਿਰਫ਼ ਚੌਕਸ ਰਹਿਣਾ ਪਵੇਗਾ, ਸਗੋਂ ਤੁਰੰਤ ਜਵਾਬੀ ਕਾਰਵਾਈ ਵੀ ਕਰਨੀ ਪਵੇਗੀ | ਉਨ੍ਹਾਂ ਕਿਹਾ ਕਿ ਜਨਤਕ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਅਤੇ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਿਆ ਨਹੀਂ ਜਾਵੇਗੀ |
ਪੁਲਿਸ ਕਰਮਚਾਰੀਆਂ ਨੂੰ ਦਿੱਤੀਆਂ ਗਈਆਂ ਵਿਸ਼ੇਸ਼ ਹਦਾਇਤਾਂ
ਨਿਰੀਖਣ ਦੌਰਾਨ ਐਸ. ਪੀ. ਕਮਲਦੀਪ ਗੋਇਲ ਨੇ ਮੌਕੇ 'ਤੇ ਮੌਜੂਦ ਪੁਲਿਸ ਕਰਮਚਾਰੀਆਂ ਨੂੰ ਬਿਨਾਂ ਕਿਸੇ ਡਰ ਜਾਂ ਦਬਾਅ ਤੋਂ ਆਪਣੀ ਡਿਊਟੀ ਨਿਭਾਉਣ ਦੇ ਨਿਰਦੇਸ਼ ਵੀ ਦਿੱਤੇ | ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਾਹਨ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ ਅਤੇ ਚੰਗੀ ਤਰ੍ਹਾਂ ਜਾਂਚ ਕੀਤੀ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਹਰੇਕ ਪੁਲਿਸ ਕਰਮਚਾਰੀ ਨੂੰ ਆਪਣੇ ਇਲਾਕੇ 'ਚ ਸ਼ਾਂਤੀ ਬਣਾਈ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਜੇਕਰ ਕੋਈ ਸਮਾਜ ਵਿਰੋਧੀ ਤੱਤ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ ਜਾਵੇ | ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਨੂੰ ਹਰ ਸਮੇਂ ਚੌਕਸ ਰਹਿਣਾ ਚਾਹੀਦਾ ਹੈ | ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਪੁਲਿਸ ਕਰਮਚਾਰੀ ਆਪਣੇ ਹਥਿਆਰਾਂ ਨੂੰ ਚੰਗੀ ਹਾਲਤ 'ਚ ਰੱਖਣ ਅਤੇ ਲਗਾਤਾਰ ਮੌਕ ਡਰਿੱਲ ਰਾਹੀਂ ਆਪਣੇ ਆਪ ਨੂੰ ਤਿਆਰ ਰੱਖਣ |
ਜਨਤਾ ਨੂੰ ਸਹਿਯੋਗ ਦੇਣ ਦੀ ਅਪੀਲ
ਐਸ. ਪੀ. ਕਮਲਦੀਪ ਗੋਇਲ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਕਿਸੇ ਵੀ ਇਲਾਕੇ 'ਚ ਕੋਈ ਸ਼ੱਕੀ ਗਤੀਵਿਧੀ ਦਿਖਾਈ ਦਿੰਦੀ ਹੈ ਜਾਂ ਕੋਈ ਅਣਜਾਣ ਵਿਅਕਤੀ ਜਾਂ ਵਾਹਨ ਘੁੰਮਦਾ ਦਿਖਾਈ ਦਿੰਦਾ ਹੈ ਤਾਂ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਕੰਟਰੋਲ ਰੂਮ ਦੇ ਨੰ. 112 'ਤੇ ਕਾਲ ਕਰਕੇ ਸੂਚਨਾ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਅਪਰਾਧ ਅਤੇ ਅਪਰਾਧੀਆਂ ਨਾਲ ਲੜਨ ਲਈ ਪੁਲਿਸ ਅਤੇ ਜਨਤਾ ਦੋਵਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ | ਉਨ੍ਹਾਂ ਭਰੋਸਾ ਦਿੱਤਾ ਕਿ ਯਮੁਨਾਨਗਰ ਪੁਲਿਸ ਸ਼ਹਿਰ 'ਚ ਸ਼ਾਂਤੀ ਬਣਾਈ ਰੱਖਣ ਲਈ ਹਰ ਸੰਭਵ ਯਤਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਅਚਨਚੇਤ ਨਿਰੀਖਣ ਜਾਰੀ ਰਹਿਣਗੇ |
ਪਿਛਲੀ ਖ਼ਬਰ ਕਿੱਲਿਆਂਵਾਲੀ ਵਾਸੀ ਅੰਤਰਰਾਜੀ ਨਸ਼ਾ ਤਸਕਰ ਹੈਰੋਇਨ ਸਣੇ ਕਾਬੂ ਅਗਲੀ ਖ਼ਬਰ ਸ਼ਹਿਰ ਦੀ ਸੁਰੱਖਿਆ ਤੇ ਟ੍ਰੈਫ਼ਿਕ ਵਿਵਸਥਾ ਸੰਬੰਧੀ ਮੇਅਰ ਸੁਮਨ ਬਾਹਮਣੀ ਵਲੋਂ ਐਸ. ਪੀ. ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।