ਯਮੁਨਾਨਗਰ, 18 ਜੁਲਾਈ (ਗੁਰਦਿਆਲ ਸਿੰਘ ਨਿਮਰ)-ਨਗਰ ਨਿਗਮ ਦੀ ਮੇਅਰ ਸੁਮਨ ਬਾਹਮਣੀ ਵਲੋਂ ਅੱਜ ਐਸ. ਪੀ. ਕਮਲਦੀਪ ਗੋਇਲ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ ਗਈ | ਇਸ ਦੌਰਾਨ ਕਾਂਵੜ ਯਾਤਰਾ, ਸ਼ਹਿਰ ਦੀ ਕਾਨੂੰਨ ਵਿਵਸਥਾ ਅਤੇ ਟ੍ਰੈਫ਼ਿਕ ਪ੍ਰਬੰਧਨ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ | ਇਸ ਮੌਕੇ ਮੇਅਰ ਸੁਮਨ ਬਾਹਮਣੀ ਨੇ ਸਭ ਤੋਂ ਪਹਿਲਾਂ ਐਸ. ਪੀ. ਕਮਲਦੀਪ ਗੋਇਲ ਨੂੰ ਅਹੁਦਾ ਸੰਭਾਲਣ 'ਤੇ ਵਧਾਈ ਦਿੱਤੀ, ਉਪਰੰਤ ਸ਼ਹਿਰ 'ਚ ਚੱਲ ਰਹੀਆਂ ਵੱਡੀਆਂ ਚੁਣੌਤੀਆਂ 'ਤੇ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਅਕਸਰ ਤਿਉਹਾਰਾਂ ਦੌਰਾਨ ਨਾਜਾਇਜ਼ ਕਬਜ਼ਿਆਂ ਤੇ ਟ੍ਰੈਫ਼ਿਕ ਜਾਮ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਮਸਲੇ ਨੂੰ ਆਪਸੀ ਤਾਲਮੇਲ ਅਤੇ ਠੋਸ ਕਾਰਜ ਯੋਜਨਾ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ | ਇਸ ਮੌਕੇ ਸਾਊਣ ਮਹੀਨੇ 'ਚ ਚੱਲਣ ਵਾਲੀ ਕਾਂਵੜ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਆਵਾਜਾਈ ਬਾਰੇ ਕੀਤੇ ਗਏ ਪ੍ਰਬੰਧਾਂ ਬਾਰੇ ਵੀ ਚਰਚਾ ਕੀਤੀ ਗਈ | ਮੇਅਰ ਨੇ ਕਿਹਾ ਕਿ ਕਾਂਵੜ ਯਾਤਰਾ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਰੌਸ਼ਨੀ, ਸਫ਼ਾਈ, ਪਾਣੀ ਅਤੇ ਪਖਾਨਿਆਂ ਆਦਿ ਦੀਆਂ ਸਹੂਲਤਾਂ ਨੂੰ ਯਕੀਨੀ ਬਣਾ ਰਹੀ ਹੈ | ਇਸ ਮੌਕੇ ਸ਼ਹਿਰ 'ਚ ਟ੍ਰੈਫ਼ਿਕ ਸੁਧਾਰ ਅਤੇ ਸ਼ਹਿਰ ਦੀ ਆਮ ਆਵਾਜਾਈ ਪ੍ਰਣਾਲੀ ਬਾਰੇ ਵੀ ਵਿਚਾਰ-ਚਰਚਾ ਹੋਈ | ਮੇਅਰ ਨਾਲ ਗੱਲਬਾਤ ਦੌਰਾਨ ਐਸ. ਪੀ. ਕਮਲਦੀਪ ਗੋਇਲ ਨੇ ਕਿਹਾ ਕਿ ਟ੍ਰੈਫ਼ਿਕ ਜਾਮ, ਗ਼ੈਰਕਾਨੂੰਨੀ ਪਾਰਕਿੰਗ ਅਤੇ ਨਾਜਾਇਜ਼ ਕਬਜ਼ੇ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਨਗਰ ਨਿਗਮ ਅਤੇ ਪੁਲਿਸ ਮਿਲ ਕੇ ਇਕ ਵਿਸ਼ੇਸ਼ ਮੁਹਿੰਮ ਚਲਾਉਣਗੇ | ਉਨ੍ਹਾਂ ਕਿਹਾ ਕਿ ਸ਼ਹਿਰ ਦੀ ਕਾਨੂੰਨ ਵਿਵਸਥਾ ਅਤੇ ਆਵਾਜਾਈ ਪ੍ਰਣਾਲੀ 'ਚ ਸੁਧਾਰ ਉਨ੍ਹਾਂ ਦੀਆਂ ਪ੍ਰਮੁੱਖ ਤਰਜੀਹਾਂ 'ਚੋਂ ਇਕ ਹੈ | ਉਨ੍ਹਾਂ ਕਿਹਾ ਕਿ ਮੇਅਰ ਵਲੋਂ ਦੱਸੇ ਗਏ ਸਾਰੇ ਮੁੱਦਿਆਂ 'ਤੇ ਗੰਭੀਰਤਾ ਨਾਲ ਕੰਮ ਕੀਤਾ ਜਾਵੇਗਾ | ਟ੍ਰੈਫਿਕ ਨੂੰ ਸੁਚਾਰੂ ਬਣਾਉਣ ਅਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਪੁਲਿਸ ਵਿਭਾਗ ਤੇ ਨਗਰ ਨਿਗਮ ਇਕ ਸਾਂਝੀ ਮੁਹਿੰਮ ਚਲਾਏਗੀ | ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ 'ਚ ਨਗਰ ਨਿਗਮ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਫ਼ੀਲਡ 'ਚ ਜਾ ਕੇ ਸਮੱਸਿਆ ਵਾਲੇ ਸਥਾਨਾਂ ਦਾ ਨਿਰੀਖਣ ਕਰਨਗੀਆਂ ਅਤੇ ਜੇਕਰ ਲੋੜ ਪਈ ਤਾਂ ਰੂਟ ਪਲਾਨਿੰਗ, ਬੈਰੀਕੇਡਿੰਗ ਅਤੇ ਵਿਸ਼ੇਸ਼ ਕੰਟਰੋਲ ਸਿਸਟਮ ਵੀ ਲਾਗੂ ਕੀਤਾ ਜਾਵੇਗਾ | ਅੰਤ 'ਚ ਮੇਅਰ ਸੁਮਨ ਬਾਹਮਣੀ ਅਤੇ ਐਸ. ਪੀ. ਕਮਲਦੀਪ ਗੋਇਲ ਨੇ ਲੋਕਾਂ ਨੂੰ ਸ਼ਹਿਰ ਨੂੰ ਸੁੰਦਰ, ਸੰਗਠਿਤ ਅਤੇ ਸੁਰੱਖਿਅਤ ਬਣਾਉਣ 'ਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ |