ਨਵੀਂ ਦਿੱਲੀ, 18 ਜੁਲਾਈ (ਮਿਸਰਦੀਪ ਭਾਟੀਆ)-ਸਾਹਿਤ ਅਕਾਦਮੀ ਵਿਚ 'ਸਾਹਿਤ ਮੰਚ' ਪ੍ਰੋਗਰਾਮ ਦੇ ਤਹਿਤ ਹਿੰਦੀ-ਅੰਗਰੇਜ਼ੀ ਦੇ ਉੱਘੇ ਕਵੀ ਆਸ਼ੂਤੋਸ਼ ਅਗਨੀਹੋਤਰੀ ਦੇ ਕਵਿਤਾ-ਪਾਠ ਦਾ ਆਯੋਜਨ ਕੀਤਾ ਗਿਆ | ਕਵਿਤਾਵਾਂ ਪੇਸ਼ ਕਰਨ ਤੋਂ ਪਹਿਲਾਂ ਅਗਨੀਹੋਤਰੀ ਨੇ ਆਪਣੀ ਲਿਖਣ-ਯਾਤਰਾ ਬਾਰੇ ਕਿਹਾ ਕਿ ਮੈਂ ਅਜੇ ਵੀ ਆਪਣੇ ਆਪ ਨੂੰ ਯਾਤਰਾ ਵਿਚ ਹੀ ਮੰਨਦਾ ਹਾਂ | ਸਾਹਿਤ ਮਨੁੱਖ ਨੂੰ ਮਨੁੱਖ ਬਣਾਈ ਰੱਖਣ ਦਾ ਸਭ ਤੋਂ ਉੱਤਮ ਜ਼ਰੀਆ ਹੈ | ਇਹ ਮੰਨ ਕੇ ਹੀ ਮੈਂ ਆਪਣਾ ਲੇਖਣ ਕਰਦਾ ਹਾਂ ਅਤੇ ਇਹ ਮੇਰੇ ਲਈ ਧਿਆਨ ਲਗਾਉਣ ਵਾਂਗ ਹੈ | ਆਪਣੇ ਕਾਵਿ-ਪਾਠ ਦੀ ਸ਼ੁਰੂਆਤ ਉਨ੍ਹਾਂ ਨੇ 2018 ਵਿਚ ਆਏ ਆਪਣੇ ਪਹਿਲੇ ਕਾਵਿ-ਸੰਗ੍ਰਹਿ 'ਸਪੰਦਨ' ਦੀਆਂ ਕਵਿਤਾਵਾਂ ਨਾਲ ਕੀਤੀ | ਪਹਿਲੀ ਕਵਿਤਾ ਸੀ 'ਮੈਂ ਗੀਤ ਬਨੂ, ਮੈਂ ਦੀਪ ਬਨੂ, ਯੇ ਮੇਰੀ ਅਭਿਲਾਸ਼ਾ ਹੈ |' ਇਸ ਤੋਂ ਬਾਅਦ ਉਨ੍ਹਾਂ ਨੇ ਇਕ ਦਰਜਨ ਤੋਂ ਵੱਧ ਕਵਿਤਾਵਾਂ ਪੇਸ਼ ਕੀਤੀਆਂ | ਭਾਰਤ 'ਤੇ ਲਿਖੀ ਕਵਿਤਾ 'ਭਰਤ ਅਤੇ ਚੱਕਰਵਿਊ' 'ਤੇ ਅਧਾਰਿਤ ਕਵਿਤਾ ਨੂੰ ਵੀ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ | ਕਵਿਤਾਵਾਂ ਦੇ ਬਾਅਦ ਸਰੋਤਿਆਂ ਅਤੇ ਕਵੀ ਵਿਚਕਾਰ ਹੋਏ ਸੰਵਾਦ ਵਿਚ ਉਨ੍ਹਾਂ ਨੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ | ਪੁੱਛੇ ਗਏ ਸਵਾਲਾਂ 'ਚ ਉਨ੍ਹਾਂ ਨੇ ਕਰਨ ਦੇ ਕਿਰਦਾਰ ਬਾਰੇ ਅਤੇ ਤੁਕਾਂਤਬੰਦ ਕਵਿਤਾ ਲਿਖਣ ਦੇ ਸੰਦਰਭ 'ਚ ਆਪਣੇ ਵਿਚਾਰ ਵਿਆਪਕ ਰੂਪ ਵਿਚ ਪੇਸ਼ ਕੀਤੇ | ਭਾਰਤੀ ਪ੍ਰਸ਼ਾਸਨਿਕ ਸੇਵਾ 1999 ਬੈਚ ਦੇ ਸੀਨੀਅਰ ਅਧਿਕਾਰੀ ਆਸ਼ੂਤੋਸ਼ ਅਗਨੀਹੋਤਰੀ ਦੇ 4 ਹਿੰਦੀ ਕਵਿਤਾ-ਸੰਗ੍ਰਹਿ ਅਤੇ ਇਕ ਅੰਗਰੇਜ਼ੀ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕਿਆ ਹੈ | ਪ੍ਰੋਗਰਾਮ ਦੀ ਸ਼ੁਰੂਆਤ 'ਚ ਆਸ਼ੂਤੋਸ਼ ਅਗਨੀਹੋਤਰੀ ਦਾ ਸਵਾਗਤ ਅਕਾਦਮੀ ਦੇ ਸਕੱਤਰ ਵਲੋਂ ਕਿਤਾਬਾਂ ਭੇਟ ਕਰ ਕੇ ਕੀਤਾ ਗਿਆ | ਪ੍ਰੋਗਰਾਮ 'ਚ ਉੱਘੇ ਸਾਹਿਤਕਾਰ, ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ, ਕਵੀ ਅਤੇ ਪੱਤਰਕਾਰ ਮੌਜੂਦ ਸਨ | ਪ੍ਰੋਗਰਾਮ ਦਾ ਸੰਚਾਲਨ ਅਕਾਦਮੀ ਦੇ ਡਿਪਟੀ ਸਕੱਤਰ ਦੇਵੇਂਦਰ ਕੁਮਾਰ ਦੇਵੇਸ਼ ਨੇ ਕੀਤਾ |