ਸਿਰਸਾ, 17 ਜੁਲਾਈ (ਭੁਪਿੰਦਰ ਪੰਨੀਵਾਲੀਆ)-ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਦੇ ਬੈਨਰ ਹੇਠ ਆਂਗਣਵਾੜੀ ਵਰਕਰਾਂ ਨੇ ਆਪਣੀ ਲੰਮੇ ਸਮੇਂ ਤੋਂ ਲੰਮਕਦੀਆਂ ਮੰਗਾਂ ਦੀ ਪੂਰਤੀ ਲਈ ਮਿੰਨੀ ਸਕੱਤਰੇਤ ਦੇ ਬਾਹਰ ਜੋਰਦਾਰ ਪ੍ਰਦਰਸ਼ਨ ਕਰਕੇ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨਕਾਰੀ ਵਰਕਰਾਂ ਨੇ ਚਿਤਾਵਨੀ ਦਿੱਤੀ ਕਿ ਜੇ ਜਲਦ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਤਿੱਖਾ ਅੰਦੋਲਨ ਕਰਨ ਲਈ ਮਜ਼ਬੂਰ ਹੋਣਗੀਆਂ | ਸਿਰਸਾ ਦੇ ਮਿੰਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਆਗੂ ਵੀਰਾਂ ਬਾਈ ਨੇ ਕਿਹਾ ਕਿ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਲਈ ਹਰ ਰੋਜ਼ ਨਵੇਂ ਨੀਯਮ ਲਾਗੂ ਕੀਤੇ ਜਾ ਰਹੇ ਹਨ, ਪਰ ਉਨ੍ਹਾਂ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ | ਉਨ੍ਹਾਂ ਨੇ ਕਿਹਾ ਕਿ ਜੋ ਨਵੇਂ ਸਿਸਟਮ ਦੇ ਜਰੀਏ ਮੋਬਾਈਲ ਰਾਹੀਂ ਕੰਮ ਕਰਨਾ ਹੁੰਦਾ ਹੈ, ਪਰ ਆਂਗਣਵਾੜੀ ਵਰਕਰਾਂ ਨੂੰ ਨਾ ਤਾਂ ਅਤਿ ਆਧੁਨਿਕ ਮੋਬਾਈਲ ਦਿੱਤੇ ਗਏ ਹਨ ਅਤੇ ਨਾ ਹੀ ਪਿੰਡਾਂ ਵਿੱਚ ਨੈਟਵਰਕ ਹੁੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਪਿੰਡਾਂ ਵਿੱਚ ਆਨਲਾਈਨ ਕੰਮ ਕਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹੋਰ ਮੰਗਾਂ ਦਾ ਜਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਆਡਿਟ ਦੇ ਲਈ ਵਰਕਰਾਂ ਕੋਲੋਂ ਕਥਿਤ ਤੌਰ 'ਤੇ ਪੰਜ ਸੌ ਰੁਪਏ ਲਏ ਜਾ ਰਹੇ ਹਨ ਪਰ ਉਨ੍ਹਾਂ ਦੀ ਰਸ਼ੀਦ ਨਹੀਂ ਦਿੱਤੀ ਜਾ ਰਹੀ | ਟੀਏਡੀਏ 2018 ਤੋਂ 340 ਰੁਪਏ ਦੇ ਹਿਸਾਬ ਨਾਲ ਦਿੱਤਾ ਜਾਵੇ | ਮੋਬਾਈਲ ਰਿਚਾਰਜ ਖਰਚਾ ਤੇ ਪੰਜ ਜੀਬੀ ਮੋਬਾਈਲ ਦਿੱਤਾ ਜਾਵੇ | ਆਂਗਣਵਾੜੀ ਕੇਂਦਰਾਂ 'ਚ ਰਾਸ਼ਨ ਰੱਖਣ ਲਈ ਬਰਤਨ ਦਿੱਤੇ ਜਾਣ | ਬੱਚਿਆਂ ਲਈ ਖਿਲੋਨੇ ਦਿੱਤੇ ਜਾਣ | ਪੌਸ਼ਣ ਟਰੈਕਰ ਦਾ ਬਕਾਇਆ ਪੈਸਾ ਦਿੱਤਾ ਜਾਵੇ | ਸੀ.ਬੀ.ਸੀ. ਦੀ ਬਕਾਇਆ ਰਾਸ਼ੀ ਤੁਰੰਤ ਦਿੱਤੀ ਜਾਵੇ | ਇਸ ਮੌਕੇ ਵੱਡੀ ਗਿਣਤੀ 'ਚ ਆਂਗਣਵਾੜੀ ਵਰਕਰ ਤੇ ਹੈਲਪਰ ਮੌਜੂਦ ਸਨ |