ਨਾਰਾਇਣਗੜ੍ਹ, 17 ਜੁਲਾਈ (ਪੀ ਸਿੰਘ)-ਵਣ-ਮਹਾਂਉਤਸਵ ਹਫ਼ਤੇ ਤਹਿਤ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ. ਟੀ. ਆਈ.) ਭਾਰਾਪੁਰ ਵਿਖੇ ਬੂਟੇ ਲਗਾਉਣ ਦਾ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਭਾਜਪਾ ਆਗੂ ਅਸ਼ਵਨੀ ਅਗਰਵਾਲ ਸਨ, ਜਦਕਿ ਵਿਸ਼ੇਸ਼ ਮਹਿਮਾਨਾਂ 'ਚ ਭਾਜਪਾ ਜ਼ਿਲ੍ਹਾ ਅੰਬਾਲਾ ਦੇ ਜਨਰਲ ਸਕੱਤਰ ਵਿਵੇਕ ਗੁਪਤਾ ਅਤੇ ਭਾਜਪਾ ਮੰਡਲ ਸ਼ਹਿਜ਼ਾਦਪੁਰ ਦੇ ਜਨਰਲ ਸਕੱਤਰ ਰਾਜੇਸ਼ ਸ਼ਰਮਾ ਸ਼ਾਮਿਲ ਸਨ | ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾ ਦੇ ਵਿਹੜੇ 'ਚ ਬੂਟੇ ਲਗਾਉਣ ਨਾਲ ਹੋਈ, ਜਿਥੇ ਕਿ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੇ ਖ਼ੁਦ ਬੂਟੇ ਲਗਾਏ ਅਤੇ ਵਾਤਾਵਰਨ ਸੁਰੱਖਿਆ ਦਾ ਸੁਨੇਹਾ ਦਿੱਤਾ | ਇਸ ਤੋਂ ਪਹਿਲਾਂ ਸੰਸਥਾ ਦੇ ਪਿ੍ੰ. ਵਿਨੋਦ ਸਿੰਘ ਸ਼ੇਖਾਵਤ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਦਿਰਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਉਨ੍ਹਾਂ ਦੱਸਿਆ ਕਿ ਸੰਸਥਾ ਦੇ ਵਿਹੜੇ 'ਚ 1500 ਤੋਂ ਵੱਧ ਛੋਟੇ-ਵੱਡੇ ਬੂਟੇ ਤੇ ਦਰੱਖ਼ਤ ਹਨ, ਜਿਨ੍ਹਾਂ ਦੀ ਨਿਯਮਿਤ ਤੌਰ 'ਤੇ ਦੇਖਭਾਲ ਕੀਤੀ ਜਾਂਦੀ ਹੈ | ਇਹ ਹਰਿਆਲੀ ਨਾ ਸਿਰਫ਼ ਵਾਤਾਵਰਨ ਨੂੰ ਸਾਫ਼ ਰੱਖਣ 'ਚ ਮਦਦਗਾਰ ਸਾਬਤ ਹੁੰਦੀ ਹੈ, ਸਗੋਂ ਸਿਖਿਆਰਥੀਆਂ ਲਈ ਕੁਦਰਤ ਨਾਲ ਜੁੜਨ ਦਾ ਪ੍ਰੇਰਨਾ ਸ੍ਰੋਤ ਵੀ ਹਨ | ਇਸ ਮੌਕੇ ਮੁੱਖ ਮਹਿਮਾਨ ਅਸ਼ਵਨੀ ਅਗਰਵਾਲ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ 'ਚ 'ਇਕ ਪੇੜ ਮਾਂ ਕੇ ਨਾਮ' ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਰਾਜ 'ਚ ਅੱਗੇ ਵਧਾਉਣ ਲਈ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾਿ ਕ ਬੂਟੇ ਲਗਾਉਣਾ ਸਿਰਫ਼ ਇਕ ਰਸਮੀ ਕਾਰਵਾਈ ਨਹੀਂ ਹੈ, ਸਗੋਂ ਇਹ ਭਵਿੱਖ ਨੂੰ ਸੁਰੱਖਿਅਤ ਰੱਖਣ ਦਾ ਇਕ ਸੰਕਲਪ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ 'ਚ ਵਾਤਾਵਰਨ ਪ੍ਰਤੀ ਜਾਗਰੂਕਤਾ ਦੇ ਬੀਜ ਬੀਜਦੇ ਹਨ | ਇਸੇ ਦੌਰਾਨ ਵਿਸ਼ੇਸ਼ ਮਹਿਮਾਨ ਵਿਵੇਕ ਗੁਪਤਾ ਨੇ ਕਿਹਾ ਕਿ ਹਰੇਕ ਸਿਖਿਆਰਥੀ ਨੂੰ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਉਸ ਦੀ ਦੇਖਭਾਲ ਕਰਨੀ ਚਾਹੀਦੀ ਹੈ | ਇਸ ਮੌਕੇ ਦਫ਼ਤਰ ਸੁਪਰਡੈਂਟ ਕੁਲਦੀਪ ਸਿੰਘ, ਕਲਾਸ ਇੰਸਟਰੱਕਟਰ ਮਹੇਸ਼ ਚੰਦਰ, ਅਸ਼ੋਕ ਕੁਮਾਰ, ਰਾਕੇਸ਼ ਕੁਮਾਰ, ਇੰਸਟਰੱਕਟਰ ਆਰਤੀ, ਸੀਮਾ ਰਾਣੀ, ਅੰਜੂ ਬਾਲਾ, ਇੰਸਟਰੱਕਟਰ ਸਤੀਸ਼ ਸੈਣੀ, ਅਜੀਤ, ਸੁਰੇਸ਼ ਸ਼ਰਮਾ, ਵਿਨੋਦ ਬਖਸ਼ੀ ਸਮੇਤ ਸੰਸਥਾ ਦੇ ਹੋਰ ਕਰਮਚਾਰੀ ਅਤੇ ਸੈਂਕੜੇ ਸਿਖਿਆਰਥੀ ਹਾਜ਼ਰ ਸਨ |