26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਵਿਧਾਨ ਸਭਾ ਹਲਕੇ ਦੇ ਬੀ. ਐਲ. ਓਜ਼ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 16-07-2025
ਨਾਰਾਇਣਗੜ੍ਹ, 15 ਜੁਲਾਈ (ਪੀ ਸਿੰਘ)-ਵਿਧਾਨ ਸਭਾ ਹਲਕਾ-03 ਨਾਰਾਇਣਗੜ੍ਹ ਦੇ ਬੂਥ ਲੈਵਲ ਅਫ਼ਸਰਾਂ (ਬੀ. ਐਲ. ਓਜ਼) ਲਈ ਅੱਜ ਇਕ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ਬੀ. ਐਲ. ਓਜ਼. ਨੂੰ ਉਨ੍ਹਾਂ ਦੇ ਫਰਜ਼ਾਂ, ਜ਼ਿੰਮੇਵਾਰੀਆਂ ਅਤੇ ਆਧੁਨਿਕ ਤਕਨੀਕੀ ਸ੍ਰੋਤਾਂ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਸਿਖਲਾਈ ਪ੍ਰੋਗਰਾਮ ਦੀ ਪ੍ਰਧਾਨਗੀ ਵਿਧਾਨ ਸਭਾ ਹਲਕਾ-03 ਦੇ ਚੋਣ ਰਜਿਸਟ੍ਰੇਸ਼ਨ ਅਫ਼ਸਰ-ਕਮ-ਐੱਸ. ਡੀ. ਐੱਮ. ਸ਼ਿਵਜੀਤ ਭਾਰਤੀ ਨੇ ਕੀਤੀ | ਉਨ੍ਹਾਂ ਬੀ. ਐਲ. ਓਜ਼ ਨੂੰ ਕਿਹਾ ਕਿ ਉਹ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕਰਨ | ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਚੋਣ ਪ੍ਰਕਿਰਿਆ 'ਚ ਨਿਰਪੱਖਤਾ ਅਤੇ ਪਾਰਦਰਸ਼ਤਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਬੀ. ਐਲ. ਓਜ਼ ਨੂੰ ਕਿਹਾ ਕਿ ਉਹ ਆਪਣੇ ਖੇਤਰ ਦੇ ਸਾਰੇ ਯੋਗ ਨਾਗਰਿਕਾਂ ਨੂੰ ਆਪਣੀਆਂ ਵੋਟਾਂ ਮਿਲਣ ਨੂੰ ਯਕੀਨੀ ਬਣਾ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ 'ਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ | ਐੱਸ. ਡੀ. ਐੱਮ. ਸ਼ਿਵਜੀਤ ਭਾਰਤੀ ਨੇ ਅੱਗੇ ਕਿਹਾ ਕਿ ਬੀ. ਐਲ. ਓ. ਦੀ ਮੁੱਖ ਜ਼ਿੰਮੇਵਾਰੀ ਇਹ ਯਕੀਨੀ ਬਣਾਉਣਾ ਹੈ ਕਿ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਸਾਰੇ ਯੋਗ ਨੌਜਵਾਨਾਂ ਦੇ ਨਾਂਅ ਵੋਟਰ ਸੂਚੀ 'ਚ ਦਰਜ ਹੋਣ | ਉਨ੍ਹਾਂ ਕਿਹਾ ਕਿ ਬੀ. ਐਲ. ਓ. ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਵੀ ਯੋਗ ਵੋਟਰ ਲਿਸਟ ਤੋਂ ਵਾਂਝਾ ਨਾ ਰਹੇ | ਕਿਸੇ ਵੀ ਸਮੱਸਿਆ ਦੀ ਸੂਰਤ 'ਚ ਉਨ੍ਹਾਂ ਨੂੰ ਤੁਰੰਤ ਆਪਣੇ ਖੇਤਰ ਦੇ ਸੁਪਰਵਾਈਜ਼ਰ ਜਾਂ ਚੋਣ ਦਫ਼ਤਰ ਨਾਲ ਸੰਪਰਕ ਕਰਨਾ ਚਾਹੀਦਾ ਹੈ | ਉਨ੍ਹਾਂ ਬੀ. ਐਲ. ਓ. ਐਪ ਦੀ ਵਰਤੋਂ 'ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਹੁਣ ਵੋਟਰ ਸੂਚੀ 'ਚ ਨਾਂਅ ਸ਼ਾਮਿਲ ਕਰਨ, ਕੱਟਣ ਅਤੇ ਸੋਧਣ ਵਰਗੀਆਂ ਪ੍ਰਕਿਰਿਆਵਾਂ ਡਿਜ਼ੀਟਲ ਰੂਪ 'ਚ ਕੀਤੀਆਂ ਜਾਣੀਆਂ ਚਾਹੀਦੀਆਂ ਹਨ | ਬੀ. ਐਲ. ਓ. ਐਪ ਰਾਹੀਂ ਵੋਟਰ ਫਾਰਮ ਅੱਪਲੋਡ ਕਰਨਾ, ਘਰ-ਘਰ ਸਰਵੇਖਣ ਦੀ ਡੇਟਾ ਐਂਟਰੀ ਅਤੇ ਕੰਮ ਦੀ ਨਿਗਰਾਨੀ ਕਰਨਾ ਆਸਾਨ ਹੋ ਗਿਆ ਹੈ | ਐੱਸ. ਡੀ. ਐੱਮ. ਨੇ ਨਿਰਦੇਸ਼ ਦਿੱਤੇ ਕਿ ਸਾਰੇ ਬੀ. ਐਲ. ਓਜ਼ ਐਪ ਦੀ ਕੁਸ਼ਲਤਾ ਨਾਲ ਵਰਤੋਂ ਕਰਨਾ ਸਿੱਖਣ ਅਤੇ ਆਪਣਾ ਕੰਮ ਸਮੇਂ ਸਿਰ ਅਤੇ ਸਹੀ ਢੰਗ ਨਾਲ ਪੂਰਾ ਕਰਨ | ਸਿਖਲਾਈ ਉਪਰੰਤ ਬੀ. ਐਲ. ਓਜ਼ ਦਾ ਟੈਸਟ ਵੀ ਲਿਆ ਗਿਆ ਤਾਂ ਜੋ ਉਨ੍ਹਾਂ ਦੀ ਸਮਝ ਅਤੇ ਗਿਆਨ ਦਾ ਮੁਲਾਂਕਣ ਕੀਤਾ ਜਾ ਸਕੇ | ਇਸ ਮੌਕੇ ਸੁਪਰਵਾਈਜ਼ਰ ਸੁਰੇਸ਼ ਕੁਮਾਰ ਸ਼ਰਮਾ ਨੇ ਬੀ. ਐਲ. ਓਜ਼ ਨੂੰ ਉਨ੍ਹਾਂ ਦੇ ਕੰਮ, ਵੋਟਰ ਸੂਚੀ ਨੂੰ ਅੱਪਡੇਟ ਕਰਨ, ਵੋਟਰ ਆਈ. ਡੀ. ਕਾਰਡ, ਬੀ. ਐਲ. ਓ. ਐਪ ਦੇ ਕੰਮਕਾਜ ਅਤੇ ਪੀ. ਪੀ. ਟੀ. ਰਾਹੀਂ ਵੋਟਰ ਜਾਗਰੂਕਤਾ ਮੁਹਿੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਬੀ. ਐਲ. ਓ. ਐਪ ਰਾਹੀਂ ਫਾਰਮ ਦੀ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਜਾਂਦੀ ਹੈ, ਜਿਸ ਨਾਲ ਵੋਟਰ ਸੇਵਾਵਾਂ ਦੀ ਗੁਣਵੱਤਾ 'ਚ ਸੁਧਾਰ ਹੁੰਦਾ ਹੈ | ਇਸ ਮੌਕੇ ਚੋਣ ਦਫ਼ਤਰ ਤੋਂ ਸਰਤਾਜ ਅਤੇ ਨੀਲਮ ਵੀ ਮੌਜੂਦ ਸਨ | ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਨਾਰਾਇਣਗੜ੍ਹ ਦੇ 219 ਬੂਥਾਂ ਦੇ ਬੀ. ਐਲ. ਓਜ਼. ਲਈ ਪੜਾਅਵਾਰ ਸਿਖਲਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਬੂਥ ਨੰਬਰ 1 ਤੋਂ ਲੈ ਕੇ 150 ਦੇ ਬੀ. ਐਲ. ਓਜ਼ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ 16 ਜੁਲਾਈ ਨੂੰ 151 ਤੋਂ 219 ਤੱਕ ਦੇ ਬੀ. ਐਲ. ਓਜ਼ ਨੂੰ ਸਿਖਲਾਈ ਦਿੱਤੀ ਜਾਵੇਗੀ |
ਪਿਛਲੀ ਖ਼ਬਰ ਸੇਵਾ-ਮੁਕਤ ਕਰਮਚਾਰੀਆਂ ਵਲੋਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਨਵੀਨ ਜਿੰਦਲ ਫਾਊਾਡੇਸ਼ਨ ਨੇ ਵਿਸ਼ਵ ਯੁਵਾ ਹੁਨਰ ਦਿਵਸ 'ਤੇ ਵਰਚੂਅਲ ਪੈਨਲ ਚਰਚਾ ਦਾ ਕੀਤਾ ਆਯੋਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।