ਕਾਲਾਂਵਾਲੀ/ਸਿਰਸਾ, 15 ਜੁਲਾਈ (ਭੁਪਿੰਦਰ ਪੰਨੀਵਾਲੀਆ)- ਇੱਥੋਂ ਦੇ ਡੀਐਸਪੀ ਦਫ਼ਤਰ ਆਰ-1 ਮਾਡਲ ਟਾਊਨ ਦੇ ਨੇੜੇ ਗਲੀ ਸਤੀਸ਼ ਬਿਜਲੀਵਾਲਾ ਦੇ ਵਸਨੀਕ ਲੰਬੇ ਸਮੇਂ ਤੋਂ ਬਿਜਲੀ ਦੀਆਂ ਨੀਵੀਆਂ ਤਾਰਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ | ਬਿਜਲੀ ਦੀਆਂ ਨੀਵੀਆਂ ਤਾਰਾਂ ਕਰਕੇ ਇੱਥੇ ਹਰ ਸਮੇਂ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਸੀ | ਗਲੀ ਵਾਸੀਆਂ ਨੇ ਇਸ ਸਮੱਸਿਆ ਬਾਰੇ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਨੂੰ ਕਈ ਵਾਰ ਅਪੀਲ ਕੀਤੀ ਸੀ | ਸਥਾਨਕ ਵਾਸੀਆਂ ਦੀ ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਾਰਡ 13 ਦੇ ਨਵੇਂ ਚੁਣੇ ਗਏ ਕੌਂਸਲਰ ਨਿਤਿਨ ਗਰਗ ਨੇ ਤੁਰੰਤ ਬਿਜਲੀ ਵਿਭਾਗ ਨਾਲ ਸੰਪਰਕ ਕੀਤਾ ਅਤੇ ਸਮੱਸਿਆ ਦੇ ਹੱਲ ਲਈ ਕਦਮ ਚੁੱਕੇ | ਉਨ੍ਹਾਂ ਬਿਜਲੀ ਨਿਗਮ ਦੇ ਉਪ-ਮੰਡਲ ਅਧਿਕਾਰੀ ਵਿਕਰਮ ਸਿੰਘ ਅਤੇ ਜੂਨੀਅਰ ਇੰਜੀਨੀਅਰ ਕੇਵਲ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਮੌਕੇ ਦਾ ਨਿਰੀਖਣ ਕੀਤਾ | ਬਿਜਲੀ ਵਿਭਾਗ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਇਲਾਕੇ ਵਿੱਚ ਨਵੇਂ ਬਿਜਲੀ ਦੇ ਖੰਭੇ ਲਾਏ ਤਾਂ ਜੋ ਤਾਰਾਂ ਦੀ ਉਚਾਈ ਨੂੰ ਸੁਰੱਖਿਅਤ ਪੱਧਰ 'ਤੇ ਲਿਆਂਦਾ ਜਾ ਸਕੇ | ਗਲੀ ਦੇ ਵਸਨੀਕਾਂ ਹੇਮ ਰਾਜ ਧੀਂਗੜ ਵਾਲੇ, ਇੰਦਰਜੀਤ, ਅਸ਼ੋਕ ਸਿੰਗਲਾ, ਰਾਮਗੋਪਾਲ ਵਸ਼ਿਸ਼ਟ, ਵਿਜੇ ਸਿੰਗਲਾ ਅਤੇ ਡਾ. ਵਿਮਲ ਵਰਮਾ ਸਮੇਤ ਹੋਰ ਸਥਾਨਕ ਨਾਗਰਿਕਾਂ ਨੇ ਇਸ ਉਪਰਾਲੇ ਦੀ ਨਗਰ ਕੌਂਸਲਰ ਨਿਤਿਨ ਗਰਗ ਦਾ ਧੰਨਵਾਦ ਕੀਤਾ ਹੈ |
ਬਿਜਲੀ ਦੀਆਂ ਤਾਰਾਂ ਨੂੰ ਉੱਚਾ ਕਰਨ ਲਈ ਲਗਾਏ ਖੰਭੇ <br/>
ਅਜੀਤ ਡੈਸਕ
16-07-2025