ਕਾਲਾਂਵਾਲੀ/ਸਿਰਸਾ, 15 ਜੁਲਾਈ (ਭੁਪਿੰਦਰ ਪੰਨੀਵਾਲੀਆ)- ਮੰਡੀ ਕਾਲਾਂਵਾਲੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪੈਦਾ ਹੋਈ ਸਥਿਤੀ ਨੂੰ ਦੇਖਦੇ ਹੋਏ ਕਾਲਾਂਵਾਲੀ ਦੇ ਐਸਡੀਐਮ ਮੋਹਿਤ ਕੁਮਾਰ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ | ਉਹਨਾਂ ਸ਼ਹਿਰ ਦੇ ਬਰਸਾਤੀ ਪਾਣੀ ਭਰਨ ਵਾਲੇ ਪ੍ਰਭਾਵਿਤ ਖੇਤਰਾਂ ਦਾ ਨਿਰੀਖਣ ਕੀਤਾ | ਇਸ ਮੌਕੇ 'ਤੇ ਨਗਰ ਪਾਲਿਕਾ ਪ੍ਰਧਾਨ ਮਹੇਸ਼ ਝੋਰੜ, ਨਾਇਬ ਤਹਿਸੀਲਦਾਰ ਕੁੰਵਰਜੀਤ ਸਿੰਘ, ਐਸਡੀਐਮ ਦਫ਼ਤਰ ਦੇ ਡਿਪਟੀ ਸੁਪਰਡੈਂਟ ਦਲੀਪ ਯਾਦਵ, ਨਗਰ ਸਕੱਤਰ ਗਿਰਧਾਰੀ ਲਾਲ ਵੀ ਉਨ੍ਹਾਂ ਨਾਲ ਮੌਜੂਦ ਸਨ | ਇਸ ਨਿਰੀਖਣ ਦੌਰਾਨ ਐਸਡੀਐਮ ਨੇ ਅਧਿਕਾਰੀਆਂ ਨੂੰ ਬਰਸਾਤੀ ਪਾਣੀ ਭਰਨ ਵਾਲੀ ਸਥਿਤੀ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਅਤੇ ਪਾਣੀ ਦੀ ਨਿਕਾਸੀ ਨੂੰ ਤੁਰੰਤ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ | ਚੇਤੇ ਰਹੇ ਕਿ ਨਵੀਂ ਅਨਾਜ ਮੰਡੀ, ਟੈਲੀਫੋਨ ਐਕਸਚੇਂਜ ਰੋਡ, ਦੇਸੂ ਮਲਕਾਣਾ ਰੋਡ, ਬੱਸ ਸਟੈਂਡ ਰੋਡ, ਦਾਦੂ ਰੋਡ, ਪੰਜਾਬ ਬੱਸ ਸਟੈਂਡ, ਡਾਕਟਰ ਮਾਰਕੀਟ, ਮੋਬਾਈਲ ਮਾਰਕੀਟ ਅਤੇ ਬਾਈਪਾਸ ਰੋਡ ਸਮੇਤ ਹੇਠਲੇ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤਾ ਪ੍ਰਭਾਵਿਤ ਖੇਤਰਾਂ ਦਾ ਨਿਰੀਖਣ <br/>
ਅਜੀਤ ਡੈਸਕ
16-07-2025