ਲੈਸਟਰ (ਇੰਗਲੈਂਡ), 6 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਇਕ ਵਿਅਕਤੀ, ਜੋ ਆਪਣੇ ਆਪ ਨੂੰ ਲੇਖਾਕਾਰ ਦੱਸਦਾ ਸੀ, ਦਾ ਕੁੱਝ ਪੱਤਰਕਾਰਾਂ ਵਲੋਂ ਪਰਦਾਫਾਸ਼ ਕੀਤਾ ਗਿਆ ਹੈ | ਖੁਫੀਆ ਰਿਪੋਰਟਿੰਗ ਤੋਂ ਪਤਾ ਲੱਗਾ ਹੈ ਕਿ ਇਹ ਵਿਅਕਤੀ ਯੂ.ਕੇ. ਭਰ 'ਚ ਛੋਟੀਆਂ ਦੁਕਾਨਾਂ, ਸੈਲੂਨ ਤੇ ਕਾਰ ਵਾਸ਼ ਸੈਂਟਰਾਂ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਗੈਰਕਾਨੂੰਨੀ ਤੌਰ 'ਤੇ ਕੰਮ ਤੇ ਰੱਖਣ ਵਾਲੇ ਮਾਲਕਾਂ ਦੇ 60,000 ਪਾਉਂਡ ਤੱਕ ਦੇ ਜੁਰਮਾਨੇ ਮਿਟਾਉਣ ਦੀ ਪੇਸ਼ਕਸ਼ ਕਰ ਰਿਹਾ ਸੀ | ਉਸ ਵਿਅਕਤੀ ਨੇ ਖੁਲਾਸਾ ਕੀਤਾ ਕਿ ਉਹ ਸਰਕਾਰੀ ਏਜੰਸੀਆਂ ਨੂੰ ਉਲਝਾ ਮਾਲਕਾਂ 'ਤੇ ਲੱਗੇ ਜੁਰਮਾਨੇ ਹਟਾ ਸਕਦਾ ਹੈ | ਇਸ ਗੈਰਕਾਨੂੰਨੀ ਕਾਰੋਬਾਰ 'ਚ ਕੰਪਨੀਆਂ ਤੇ ਝੂਠੇ ਕਾਗਜ਼ਾਤ ਦੀ ਵਰਤੋਂ ਕੀਤੀ ਜਾਂਦੀ ਹੈ | ਯੂ.ਕੇ. ਸਰਕਾਰ ਮੁਤਾਬਕ, ਕਿਸੇ ਵੀ ਗੈਰਕਾਨੂੰਨੀ ਮਜ਼ਦੂਰ ਨੂੰ ਰੱਖਣ 'ਤੇ ਮਾਲਕ 'ਤੇ ਪ੍ਰਤੀ ਮਜ਼ਦੂਰ 60,000 ਪਾਉਂਡ ਦਾ ਜੁਰਮਾਨਾ ਲੱਗਦਾ ਹੈ | ਇਸ ਖੁਲਾਸੇ ਨਾਲ ਸਾਬਤ ਹੋਇਆ ਕਿ ਪ੍ਰਵਾਸੀ ਮਜ਼ਦੂਰਾਂ ਦੀ ਸ਼ੋਸ਼ਣ ਕਰਨ ਵਾਲੀਆਂ ਗੈਰਕਾਨੂੰਨੀ ਲੇਬਰ ਚੇਨਾਂ ਹਾਲੇ ਵੀ ਸਰਗਰਮ ਹਨ | ਸਰਕਾਰੀ ਏਜੰਸੀਆਂ ਨੇ ਖ਼ਬਰ ਆਉਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਇਸ ਵਿਅਕਤੀ ਜਾਂ ਇਸ ਦੇ ਨੈੱਟਵਰਕ ਖਿਲਾਫ਼ ਅਜੇ ਤੱਕ ਕਿਸੇ ਗਿ੍ਫ਼ਤਾਰੀ ਜਾਂ ਮੁਕੱਦਮੇ ਦੀ ਪੁਸ਼ਟੀ ਨਹੀਂ ਹੋਈ | ਇਹ ਖੁਲਾਸਾ ਯੂ.ਕੇ. 'ਚ ਪ੍ਰਵਾਸੀ ਮਜ਼ਦੂਰਾਂ ਦੀ ਹਾਲਤ ਤੇ ਸਰਕਾਰੀ ਨਿਯਮਾਂ ਦੀ ਪ੍ਰਭਾਵਸ਼ੀਲਤਾ 'ਤੇ ਚਿੰਤਾ ਦਾ ਇਸ਼ਾਰਾ ਦਿੰਦਾ ਹੈ |