ਟੋਰਾਂਟੋ, 5 ਨਵੰਬਰ (ਹਰਜੀਤ ਸਿੰਘ ਬਾਜਵਾ)-ਬਰੈਂਪਟਨ ਸਿਟੀ ਵਲੋਂ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਨੂੰ ਸਿੱਖ ਨਸਲਕੁਸ਼ੀ ਵਜੋਂ ਐਲਾਨਿਆ ਗਿਆ ਹੈ | ਇਸ ਹਫਤੇ ਓਾਟਾਰੀਓ ਗੁਰਦੁਆਰਾ ਕਮੇਟੀ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਕੁਝ ਸਮਾਜਿਕ ਕਾਰਕੁੰਨਾ ਵਲੋਂ ਵਲੰਟੀਅਰਾਂ ਦੀ ਮਦਦ ਨਾਲ ਬਰੈਂਪਟਨ ਦੇ ਹਾਈਵੇਅ 50 ਤੇ ਕੈਸਲਮੋਰ ਦੇ ਲਾਗੇ ਇੱਕ ਚੋਣਵੀਂ ਜਗ੍ਹਾ 'ਤੇ 1984 ਬੂਟੇ ਲਾਏ ਗਏ | ਬੁਲਾਰਿਆਂ ਨੇ ਆਖਿਆ ਕਿ ਨਵੰਬਰ 1984 ਨੂੰ ਸਿੱਖਾਂ ਉੱਤੇ ਹੋਏ ਜ਼ੁਲਮਾਂ ਦੇ ਜ਼ਖ਼ਮ ਅਜੇ ਵੀ ਅੱਲੇ ਹਨ, ਜਿਨ੍ਹਾਂ ਦੀ ਚੀਸ ਅਜੇ ਵੀ ਹਰ ਇੱਕ ਸਿੱਖ ਦੇ ਮਨ 'ਚ ਹੈ | ਇਸ ਮੌਕੇ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ, ਰੀਜ਼ਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ, ਕੌਂਸਲਰ ਨਵਜੀਤ ਕੌਰ ਬਰਾੜ ਸਮੇਤ ਵੱਡੀ ਗਿਣਤੀ ਵਿਚ ਲੋਕ ਇਕੱਤਰ ਸਨ ਜਿਨ੍ਹਾਂ ਨੇ 'ਰੁੱਖ ਲਾਓ ਮੁਹਿੰਮ' ਵਿਚ ਪ੍ਰਬੰਧਕਾਂ ਦਾ ਸਾਥ ਦਿੱਤਾ | ਪ੍ਰਬੰਧਕਾਂ ਵਲੋਂ ਇਸ ਮੌਕੇ ਹਰ ਇੱਕ ਲਈ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ |