19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਅਮਰੀਕਾ 'ਚ ਸਵਰਨਜੀਤ ਸਿੰਘ ਖ਼ਾਲਸਾ ਦੇ ਮੇਅਰ ਬਣਨ 'ਤੇ ਪੰਥ ਅਤੇ ਪੰਜਾਬ ਨੂੰ ਮਾਣ <br/>

ਅਜੀਤ ਡੈਸਕ 06-11-2025
ਜਲੰਧਰ, 5 ਨਵੰਬਰ (ਅਜੀਤ ਬਿਊਰੋ)-ਕਨੈਕਟੀਕਟ ਰਾਜ ਵਿਚ ਹੋਈਆਂ ਮਿਊਾਸੀਪਲ ਚੋਣਾਂ ਵਿਚ ਸਵਰਨਜੀਤ ਸਿੰਘ ਖਾਲਸਾ ਜਿੱਤ ਹਾਸਲ ਕਰਦਿਆਂ ਇਤਿਹਾਸ ਦੇ ਪੰਨੇ ਉੱਤੇ ਖਾਲਸਾ ਪੰਥ ਤੇ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ | ਉਨ੍ਹਾਂ ਨਵੇਂ ਬਿ੍ਟੇਨ, ਨੌਰਵਿਚ, ਬ੍ਰੈਨਫੋਰਡ ਤੇ ਵੈਸਟਪੋਰਟ ਵਰਗੀਆਂ ਥਾਵਾਂ ਉੱਤੇ ਡੈਮੋਕਰੈਟਾਂ ਦੀ ਜਿੱਤ ਦਾ ਝੰਡਾ ਝੁਲਾ ਦਿੱਤਾ | ਪਰ ਸਭ ਤੋਂ ਵੱਡੀ ਗੱਲ ਉਹ ਕਨੈਕਟੀਕਟ ਵਿਚ ਪਹਿਲੇ ਸਿੱਖ ਮੇਅਰ ਬਣੇ | ਪੰਥਕ ਆਗੂ ਗੁਰਪੁਰਵਾਸੀ ਜਥੇਦਾਰ ਇੰਦਰਪਾਲ ਸਿੰਘ ਦੇ ਪੋਤਰੇ, ਜਥੇਦਾਰ ਪਰਮਿੰਦਰਪਾਲ ਸਿੰਘ ਖਾਲਸਾ ਦੇ ਹੋਣਹਾਰ ਬੇਟੇ ਸਵਰਨਜੀਤ ਸਿੰਘ ਖਾਲਸਾ ਦਾ ਜਨਮ ਅਤੇ ਉਹਨਾਂ ਦਾ ਸਫ਼ਰ ਇਕ ਲੋਕ ਗੀਤ ਵਾਂਗ ਏ ਜੋ ਗੁਜਰਾਤੀਆਂ, ਗੋਰਿਆਂ, ਚੀਨੀਆਂ, ਪੰਜਾਬੀਆਂ ਵਿਚ ਗੂੰਜਿਆ | ਨਵੰਬਰ 1984 ਦੀ ਸਿੱਖ ਨਸਲਕੁਸ਼ੀ ਵਿਚ ਉਨ੍ਹਾਂ ਦਾ ਪਰਿਵਾਰ ਉਜੜ ਗਿਆ ਸੀ | ਪੰਜਾਬ 'ਚ ਪਰਿਵਾਰ ਨੇ ਮੁੜ ਆਪਣੇ ਪੈਰ ਬੰਨ੍ਹੇ ਤੇ ਅੰਤ ਵਿਚ ਇਸ ਪਰਿਵਾਰ ਦਾ ਚਿਰਾਗ ਸਵਰਨਜੀਤ ਸਿੰਘ ਖਾਲਸਾ ਅਮਰੀਕਾ ਦੇ ਖੁੱਲ੍ਹੇ ਅਸਮਾਨ ਹੇਠ ਰੌਸ਼ਨ ਹੋਇਆ | ਸਵਰਨਜੀਤ ਸਿੰਘ ਖਾਲਸਾ 2007 ਵਿਚ ਨੌਰਵਿਚ ਪਹੁੰਚਿਆ | ਉਥੇ ਗੈਸ ਸਟੇਸ਼ਨ ਚਲਾਇਆ, ਰੀਅਲ ਅਸਟੇਟ ਵਿਚ ਨਾਮ ਕਮਾਇਆ | 2021 ਵਿਚ ਉਹ ਨੌਰਵਿਚ ਸਿਟੀ ਕੌਂਸਲ ਵਿਚ ਚੁਣੇ ਗਏ | ਕਨੈਕਟੀਕਟ ਵਿਚ ਪਹਿਲੇ ਸਿੱਖ | ਹੁਣ, 2025 ਵਿਚ, ਰਿਪਬਲੀਕਨ ਪੀਟਰ ਨਾਈਸਟ੍ਰੌਮ ਦੀ ਜਗ੍ਹਾ ਲੈ ਕੇ, ਉਹ ਮੇਅਰ ਬਣੇ | ਚੋਣਾਂ ਵਿਚ ਡੈਮੋਕਰੈਟ ਸਵਰਨਜੀਤ ਨੇ 2458 ਵੋਟਾਂ ਨਾਲ ਜਿੱਤ ਹਾਸਲ ਕੀਤੀ, ਜਦਕਿ ਰਿਪਬਲੀਕਨ ਟ੍ਰੇਸੀ ਗੋਲਡ ਨੂੰ 2250 ਅਤੇ ਅਣਗਿਣਤੀ ਮਾਰਸ਼ੀਆ ਵਿਲਬਰ ਨੂੰ ਸਿਰਫ਼ 110 ਵੋਟ ਪਏ | ਨੌਰਵਿਚ ਇੱਕ ਅਜਿਹਾ ਨਗਰ ਏ ਜਿੱਥੇ ਡੈਮੋਕਰੈਟਸ ਦੀ ਗਿਣਤੀ ਰਿਪਬਲੀਕਨਾਂ ਤੋਂ ਦੁੱਗਣੀ ਏ 2:1 ਦਾ ਅੰਕੜਾ | ਪਰ ਪਿਛਲੇ ਸਾਲਾਂ ਵਿਚ ਰਿਪਬਲੀਕਨ ਨਾਈਸਟੌਮ ਨੇ ਇਸ ਨਗਰ ਨੂੰ ਆਪਣੇ ਹੱਥਾਂ ਵਿਚ ਰੱਖਿਆ ਸੀ | ਇਸ ਵਾਰ ਖੁੱਲ੍ਹੀ ਸੀਟ, ਮਜ਼ਬੂਤ ਵੋਟਰ ਟਰਨਆਊਟ ਤੇ ਡੈਮੋਕਰੈਟਿਕ ਪਾਰਟੀ ਦਾ ਸਮਰਥਨ ਇਹ ਸਭ ਸਵਰਨਜੀਤ ਸਿੰਘ ਦੇ ਹੱਕ ਵਿਚ ਭੁਗਤਿਆ | ਅੰਮਿ੍ਤਧਾਰੀ ਸਵਰਨਜੀਤ ਸਿੰਘ ਖਾਲਸਾ ਦੀ ਇਹ ਜਿੱਤ ਸਿੱਖੀ ਨੂੰ ਅਮਰੀਕੀ ਡੈਮੋਕਰੇਸੀ ਦੇ ਮੰਚ ਉੱਤੇ ਇੱਕ ਨਵੀਂ ਚਮਕ ਦਿੰਦੀ ਏ | ਸਵਰਨਜੀਤ ਨੇ ਨਾ ਸਿਰਫ਼ ਆਪਣਾ ਨਾਮ ਰੌਸ਼ਨ ਕੀਤਾ, ਸਗੋਂ ਸਾਰੇ ਸਿੱਖ ਪੰਥ ਨੂੰ ਇੱਕ ਨਵੀਂ ਰੌਸ਼ਨੀ ਦਿੱਤੀ ਕਿ ਸਰਬਤ ਦੇ ਭਲੇ ਦੇ ਸ਼ਸ਼ਤਰ ਰਾਹੀਂ ਸਿਖ ਸੰਸਾਰ ਦੀ ਅਗਵਾਈ ਕਰ ਸਕਦਾ ਹੈ |

ਪਿਛਲੀ ਖ਼ਬਰ ਕਾਬੁਲ ਦੇ ਗੁਰਦੁਆਰਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਖੇ ਸਜਾਇਆ ਗਿਆ ਨਗਰ ਕੀਰਤਨ <br/> ਅਗਲੀ ਖ਼ਬਰ ਸਲਮਾਨ ਖਾਨ ਨੂੰ ਪਾਨ ਮਸਾਲਾ ਇਸ਼ਤਿਹਾਰਾਂ ਨੂੰ 'ਗੁਮਰਾਹਕੁੰਨ' ਬਣਾਉਣ ਲਈ ਨੋਟਿਸ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।