ਅੰਮਿ੍ਤਸਰ, 5 ਨਵੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੀ ਆਬਾਦੀ ਕਰਤਾ-ਏ-ਪਰਵਾਨ ਵਿਖੇ ਸਥਾਪਤ ਗੁਰਦੁਆਰਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿਖੇ ਅੱਜ ਸਵੇਰੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਨਗਰ ਕੀਰਤਨ ਸਜਾਇਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਚੋਲ਼ਾ ਬਦਲਣ ਦੀ ਸੇਵਾ ਹਾਜ਼ਰ ਸੰਗਤ ਵਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਪੂਰਨ ਸਿੱਖ ਮਰਿਆਦਾ ਨਾਲ ਕੀਤੀ ਗਈ | 'ਅਜੀਤ' ਨਾਲ ਇਸ ਬਾਰੇ 'ਚ ਜਾਣਕਾਰੀ ਸਾਂਝੀ ਕਰਦਿਆਂ ਜਗਜੀਤ ਸਿੰਘ ਸੰਨ੍ਹੀ ਖੁਰਾਨਾ ਨੇ ਦੱਸਿਆ ਕਿ ਇਹ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਅਤੇ 'ਸਤਿਨਾਮ ਵਾਹਿਗੁਰੂ' ਦਾ ਜਾਪ ਕਰਦਿਆਂ ਅਤਿ ਸਾਦਗੀ ਢੰਗ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਸਜਾਇਆ ਗਿਆ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਕਾਬੁਲ ਦੇ ਸ਼ੋਰ ਬਾਜ਼ਾਰ ਸਥਿਤ ਗੁਰਦੁਆਰਾ ਹਰਿ ਰਾਏ ਸਾਹਿਬ, ਗੁਰਦੁਆਰਾ ਭਾਈ ਮਨਸ਼ਾ ਸਿੰਘ, ਖ਼ਾਲਸਾ ਗੁਰਦੁਆਰਾ ਅਤੇ ਪੰਡਿਤਾਂ ਦੇ ਗੁਰਦੁਆਰਾ ਉਪਰੰਤ ਜਲਾਲਾਬਾਦ ਸ਼ਹਿਰ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਲਿਜਾਏ ਗਏ | ਨਗਰ ਕੀਰਤਨ ਦੇ ਸੰਪੰਨ ਹੋਣ 'ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਮੌਕੇ ਕਰਵਾਏ ਸਮਾਗਮ 'ਚ ਪਰਮੀਤ ਸਿੰਘ, ਜਗਜੀਤ ਸਿੰਘ, ਮਨਮੋਹਨ ਸਿੰਘ ਸੇਠੀ, ਕੁਲਦੀਪ ਸਿੰਘ, ਸਵਿੰਦਰ ਸਿੰਘ, ਸ਼ਾਮੀ ਸਿੰਘ, ਅਮਰੀਕ ਸਿੰਘ, ਸਾਗਰ ਸਿੰਘ, ਬੰਟੀ ਸਿੰਘ, ਬਾਬੂ ਸਿੰਘ, ਸੂਰਬੀਰ ਸਿੰਘ, ਜਸਮੀਤ ਸਿੰਘ, ਕਰਨਜੀਤ ਸਿੰਘ ਅਤੇ ਸੁਰਜੀਤ ਸਿੰਘ ਗਜ਼ਨੀਵਾਲ ਹਾਜ਼ਰ ਸਨ | ਉਨ੍ਹਾਂ ਇਹ ਵੀ ਦੱਸਿਆ ਕਿ ਮੌਜੂਦਾ ਸਮੇਂ 12-13 ਸਿੱਖ ਦਿੱਲੀ ਤੋਂ ਅਫ਼ਗਾਨਿਸਤਾਨ ਪਹੁੰਚੇ ਹੋਏ ਹਨ | ਪਰਮੀਤ ਸਿੰਘ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਮੁਲਕਾਂ 'ਚ ਰਹਿ ਰਹੇ ਅਫ਼ਗਾਨੀ ਹਿੰਦੂ ਸਿੱਖ ਭਾਈਚਾਰੇ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬ ਦੇ ਸ਼ਾਂਤੀ ਤੇ ਭਾਈਚਾਰੇ ਦੇ ਸੰਦੇਸ਼ ਨੂੰ ਅਮਲ 'ਚ ਲਿਆਉਣ ਦੀ ਅਪੀਲ ਕੀਤੀ | ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਅਫ਼ਗਾਨ ਸਿੱਖ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਸ਼ਹਿਰ ਦੇ ਗੁਰਦੁਆਰਾ ਚਸ਼ਮਾ ਸਾਹਿਬ, ਸ਼ਾਹ ਮੁਹੰਮਦ ਸ਼ਾਹ ਸ਼ਹਿਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਗ਼ਜ਼ਨੀ ਪ੍ਰਾਂਤ ਵਿਚਲੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਇਤਿਹਾਸਕ ਗੁਰਦੁਆਰਾ ਕੋਟਲਾ ਸਾਹਿਬ, ਕੰਧਾਰ, ਕੁੰਦੁਜ਼, ਹੋਸ ਆਦਿ ਇਲਾਕਿਆਂ ਵਿਚਲੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਨਹੀਂ ਪਹੁੰਚ ਸਕੇ |