ਕੋਟਾ (ਰਾਜਸਥਾਨ), 5 ਨਵੰਬਰ (ਪੀ.ਟੀ.ਆਈ.)-ਇੱਥੋਂ ਦੀ ਇੱਕ ਖਪਤਕਾਰ ਅਦਾਲਤ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਤੇ ਇੱਕ ਪਾਨ ਮਸਾਲਾ ਕੰਪਨੀ ਨੂੰ ਇਸ ਦਾਅਵੇ 'ਤੇ ਨੋਟਿਸ ਜਾਰੀ ਕੀਤੇ ਹਨ ਕਿ ਜਨਤਕ ਸਿਹਤ ਲਈ ਖਤਰਨਾਕ ਉਤਪਾਦ ਨੂੰ ਉਤਸ਼ਾਹਿਤ ਕਰਨ ਲਈ ਇੱਕ ਗੁੰਮਰਾਹਕੁੰਨ ਮੁਹਿੰਮ ਚਲਾਈ ਜਾ ਰਹੀ ਹੈ | ਸ਼ਿਕਾਇਤਕਰਤਾ, ਵਕੀਲ ਇੰਦਰ ਮੋਹਨ ਸਿੰਘ ਹਨੀ, ਜੋ ਕਿ ਇੱਕ ਭਾਜਪਾ ਨੇਤਾ ਵੀ ਹਨ, ਨੇ ਮੰਗ ਕੀਤੀ ਕਿ ਅਜਿਹੀਆਂ ਨੁਕਸਾਨਦੇਹ ਚੀਜ਼ਾਂ ਦੇ ਇਸ਼ਤਿਹਾਰਾਂ 'ਤੇ ਤੁਰੰਤ ਪਾਬੰਦੀ ਲਗਾਈ ਜਾਵੇ ਤੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਅਜਿਹੇ ਉਤਪਾਦਾਂ ਦਾ ਪ੍ਰਚਾਰ ਕਰਨ ਲਈ ਸਲਮਾਨ ਖਾਨ ਨੂੰ ਪ੍ਰਾਪਤ ਸਰਕਾਰੀ ਪੁਰਸਕਾਰ ਵਾਪਸ ਲਏ ਜਾਣ | ਸ਼ਿਕਾਇਤ ਦੇ ਆਧਾਰ 'ਤੇ, ਕੋਟਾ ਜਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਨੋਟਿਸ ਜਾਰੀ ਕੀਤੇ ਤੇ ਮਾਮਲੇ ਦੀ ਸੁਣਵਾਈ ਦੇ ਅਗਲੇ ਦਿਨ, 27 ਨਵੰਬਰ ਤੱਕ ਖਾਨ ਤੇ ਕੰਪਨੀ ਦਾ ਜਵਾਬ ਮੰਗਿਆ ਹੈ | ਸ਼ਿਕਾਇਤਕਰਤਾ ਦੇ ਸਲਾਹਕਾਰ ਰਿਪੁਦਮਨ ਸਿੰਘ ਨੇ ਕਿਹਾ ਕਿ ਸਲਮਾਨ ਖਾਨ, ਜੋ ਕਿ ਪਾਨ ਮਸਾਲਾ ਕੰਪਨੀ ਦੇ ਬ੍ਰਾਂਡ ਅੰਬੈਸਡਰ ਹਨ, ਨੂੰ ਵੀ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਹੈ |