ਮੁੰਬਈ, 20 ਜੁਲਾਈ (ਪੀ.ਟੀ.ਆਈ.)-1978 'ਚ ਆਈ ਅਮਿਤਾਭ ਬੱਚਨ ਦੀ ਫਿਲਮ 'ਡੌਨ' ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਫਿਲਮ ਨਿਰਮਾਤਾ ਚੰਦਰ ਬਰੋਟ ਦਾ ਐਤਵਾਰ ਨੂੰ ਮੁੰਬਈ ਦੇ ਇਕ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਨ੍ਹਾਂ ਦੀ ਪਤਨੀ ਦੀਪਾ ਬਰੋਟ ਨੇ ਇਸ ਸੰਬੰਧੀ ਪੁਸ਼ਟੀ ਕੀਤੀ ਹੈ | ਉਨ੍ਹਾਂ ਨੇ 86 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ | ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ 'ਡੌਨ' ਨਿਰਦੇਸ਼ਕ ਦੀ ਮੌਤ 'ਤੇ ਪ੍ਰਤੀਕਿਰਿਆ ਦਿੱਤੀ ਹੈ | ਚੰਦਰ ਦੇ ਦਿਹਾਂਤ ਦੀ ਖ਼ਬਰ ਮਿਲਣ ਤੋਂ ਬਾਅਦ ਉਹ ਬਹੁਤ ਦੁਖੀ ਹਨ | ਉਨ੍ਹਾਂ ਕਿਹਾ ਕਿ ਚੰਦਰ ਸਿਰਫ਼ ਨਿਰਦੇਸ਼ਕ ਨਹੀਂ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਸਨ | ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਕਿਹਾ ਕਿ ਚੰਦਰ ਪਿਛਲੇ 7 ਸਾਲਾਂ ਤੋਂ ਪਲਮਨਰੀ ਫਾਈਬਰੋਸਿਸ ਤੋਂ ਪੀੜਤ ਸਨ | ਉਨ੍ਹਾਂ ਦਾ ਇਲਾਜ ਗੁਰੂ ਨਾਨਕ ਹਸਪਤਾਲ 'ਚ ਚੱਲ ਰਿਹਾ ਸੀ |