ਐੱਸ. ਏ. ਐੱਸ. ਨਗਰ, 7 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਮਹਿਲਾ ਕਿ੍ਕਟ ਵਿਚ ਭਾਰਤ ਲਈ ਪਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ 'ਚ ਸ਼ਾਮਿਲ ਕਪਤਾਨ ਹਰਮਨਪ੍ਰੀਤ ਕੌਰ ਸਮੇਤ ਤਿੰਨ ਪੰਜਾਬਣਾਂ 'ਚੋਂ 2 ਖਿਡਾਰਨਾਂ ਹਰਲੀਨ ਕੌਰ ਦਿਓਲ ਤੇ ਅਮਨਜੋਤ ਕੌਰ ਦਾ ਅੱਜ ਪੰਜਾਬ ਪਰਤਣ 'ਤੇ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ 'ਤੇ ਪੰਜਾਬ ਸਰਕਾਰ, ਕਿ੍ਕਟ ਪ੍ਰੇਮੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਪਰਸਨ ਪ੍ਰਭਜੋਤ ਕੌਰ, ਜਸਵੰਤ ਕੌਰ ਪਤਨੀ ਹਲਕਾ ਵਿਧਾਇਕ ਕੁਲਵੰਤ ਸਿੰਘ ਅਤੇ 'ਆਪ' ਆਗੂ ਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਖਿਡਾਰਨਾਂ ਦਾ ਭਰਵਾਂ ਸਵਾਗਤ ਕੀਤਾ | ਖਿਡਾਰਨਾਂ ਦੇ ਆਉਣ ਕਾਰਨ ਹਵਾਈ ਅੱਡੇ 'ਤੇ ਜਸ਼ਨ ਵਰਗਾ ਮਾਹੌਲ ਬਣਿਆ ਹੋਇਆ ਸੀ | ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਖੇਡ ਵਿਭਾਗ ਤੇ ਕਿ੍ਕਟ ਪ੍ਰੇਮੀਆਂ ਵਲੋਂ ਢੋਲਾਂ ਦੀ ਥਾਪ ਤੇ ਫੁੱਲਾਂ ਦੇ ਹਾਰਾਂ ਨਾਲ ਖਿਡਾਰਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਲੋਕ ਸਭਾ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਸਾਡੀਆਂ ਧੀਆਂ ਨੇ ਨਾ ਸਿਰਫ਼ ਪੰਜਾਬ, ਬਲਕਿ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਹਰਲੀਨ ਕੌਰ ਦਿਓਲ ਤੇ ਅਮਨਜੋਤ ਕੌਰ ਨੇ ਕਿਹਾ ਕਿ ਅੱਜ ਜੋ ਪੰਜਾਬ ਤੇ ਆਪਣੇ ਘਰ ਪੁੱਜਣ 'ਤੇ ਉਨ੍ਹਾਂ ਦਾ ਸਨਮਾਨ ਤੇ ਸਵਾਗਤ ਹੋਇਆ, ਉਸ ਨਾਲ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਤੇ ਅੱਗੇ ਵਧਣ ਦਾ ਹੌਸਲਾ ਮਿਲਿਆ ਹੈ | ਇਸ ਮੌਕੇ ਅਮਨਜੋਤ ਕੌਰ ਦੇ ਪਰਿਵਾਰਕ ਮੈਂਬਰਾਂ 'ਚੋਂ ਦਾਦਾ ਈਸ਼ਰ ਸਿੰਘ, ਪਿਤਾ ਭੁਪਿੰਦਰ ਸਿੰਘ, ਛੋਟੀ ਭੈਣ ਕਮਲਜੋਤ ਕੌਰ, ਕੋਚ ਨਗੇਸ਼ ਗੁਪਤਾ, ਜਦਕਿ ਹਰਲੀਨ ਕੌਰ ਦਿਓਲ ਦੇ ਪਰਿਵਾਰਕ ਮੈਂਬਰਾਂ 'ਚੋਂ ਪਿਤਾ ਬੀ. ਐਸ. ਦਿਓਲ, ਮਾਤਾ ਚਰਨਜੀਤ ਕੌਰ ਅਤੇ ਭਰਾ ਮਨਜੋਤ ਸਿੰਘ ਸਮੇਤ ਹੋਰ ਰਿਸ਼ਤੇਦਾਰ ਤੇ ਕਿ੍ਕਟ ਪ੍ਰੇਮੀ ਵੀ ਹਾਜ਼ਰ ਸਨ | ਸਵਾਗਤ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਪੀ. ਆਈ. ਐਸ. ਦੇ ਡਾਇਰੈਕਟਰ ਟ੍ਰੇਨਿੰਗ (ਦਰੋਣਾਚਾਰੀਆ ਐਵਾਰਡੀ) ਜੀਵਨਜੋਤ ਸਿੰਘ ਤੇਜਾ ਤੇ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ, ਕੌਂਸਲਰ ਹਰਜੀਤ ਸਿੰਘ ਭੋਲੂ, ਸਰਦੂਲ ਸਿੰਘ ਪੂਨੀਆ, ਗੁਰਦੇਵ ਸਿੰਘ ਧਨੋਆ ਤੇ ਹਰਜੋਤ ਸਿੰਘ ਗੱਬਰ ਆਦਿ ਵੀ ਹਾਜ਼ਰ ਸਨ |
ਅਮਨਜੋਤ ਕੌਰ ਤੇ ਹਰਲੀਨ ਦਿਓਲ ਦਾ ਮੁਹਾਲੀ ਪੁੱਜਣ 'ਤੇ ਸ਼ਾਨਦਾਰ ਸਵਾਗਤ <br/>
ਅਜੀਤ ਡੈਸਕ
08-11-2025