ਜਲੰਧਰ, 15 ਜੁਲਾਈ (ਡਾ.ਜਤਿੰਦਰ ਸਾਬੀ)-ਵਿਸ਼ਵ ਪੁਲਿਸ ਖੇਡਾਂ ਜੋ ਬਰਮਿੰਘਮ (ਯੂ.ਐਸ.ਏ) ਵਿਖੇ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ ਦੇ ਵਿਚੋਂ ਪੰਜਾਬ ਪੁਲਿਸ ਦੀ ਅਥਲੀਟ ਕਿਰਨਪਾਲ ਕੌਰ ਨੇ ਅਥਲੈਟਿਕਸ ਦੇ ਵੱਖ-ਵੱੱਖ ਈਵੈਂਟਸ ਵਿਚੋਂ 8 ਸੋਨ, 2 ਚਾਂਦੀ ਤੇ 1 ਕਾਂਸੀ ਦਾ ਤਗਮਾਂ ਜਿੱਤ ਕੇ ਪੰਜਾਬ ਪੁਲਿਸ ਤੇ ਭਾਰਤੀ ਪੁੁਲਿਸ ਦਾ ਨਾਂਅ ਇਨ੍ਹਾਂ ਖੇਡਾਂ 'ਚ ਰੌਸ਼ਨ ਕੀਤਾ | ਅੰਮਿ੍ਤਸਰ ਜਿਲ੍ਹੇ ਦੇ ਪਿੰਡ ਹਸਨਪੁਰ ਰਈਆਂ ਦੀ ਰਹਿਣ ਵਾਲੀ ਕਿਰਨਪਾਲ ਕੌਰ ਨੇ ਇਹ ਮਾਣਮੱਤੀ ਪ੍ਰਾਪਤੀ 100 ਮੀਟਰ , 200 ਮੀਟਰ, 400 ਮੀਟਰ, 800 ਮੀਟਰ ਦੌੜ, 400 ਮੀਟਰ ਰੀਲੇਅ ਦੌੜ, 100 ਮੀਟਰ ਰੀਲੇਅ ਦੌੜ 'ਚੋਂ ਸੋਨ ਤਗਮੇ ਜਿੱਤ ਕੇ ਕੀਤੀ | ਪੀ.ਏ.ਪੀ ਕੈਂਪਸ ਜਲੰਧਰ ਕੈਂਟ ਵਿਖੇ ਪੰਜਾਬ ਪੁਲਿਸ 'ਚ ਬਤੌਰ ਹੈਡਕਾਂਸਟੇਬਲ ਸੇਵਾ ਨਿਭਾਅ ਰਹੀ ਕਿਰਨਪਾਲ ਕੌਰ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਆਪਣੀ ਕੋਚ ਇੰਸਪੈਕਟਰ ਕੰਵਲਜੀਤ ਕੌਰ ਦਾ ਵੀ ਧੰਨਵਾਦ ਕੀਤਾ ਤੇ ਪੰਜਾਬ ਪੁਲਿਸ ਦੇ ਖੇਡ ਸਕੱਤਰ ਤੇ ਏ.ਡੀ.ਜੀ.ਪੀ. ਪੀ.ਏ.ਪੀ ਕੈਂਟ ਵੱਲੋਂ ਦਿੱਤੇ ਗਏ ਵਿਸ਼ੇਸ਼ ਖੇਡਾਂ ਦੇ ਸਹਿਯੋਗ ਲਈ ਵੀ ਧੰਨਵਾਦ ਕੀਤਾ | ਕਿਰਨਪਾਲ ਕੌਰ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਪੰਜਾਬ ਪੁਲਿਸ ਦੇ ਖੇਡ ਸਕੱਤਰ ਨਵਜੋਤ ਸਿੰਘ ਮਾਹਲ ਨੇ ਵਧਾਈ ਦਿੱਤੀ ਹੈ |
-ਵਿਸ਼ਵ ਪੁਲਿਸ ਖੇਡਾਂ- ਕਿਰਨਪਾਲ ਕੌਰ ਨੇ ਜਿੱਤੇ 8 ਸੋਨ ਤਗਮੇ <br/>
ਅਜੀਤ ਡੈਸਕ
16-07-2025