26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਹੁਣ ਸੌਖਾ ਨਹੀਂ ਰਿਹਾ ਅਮਰੀਕਾ-ਮੈਕਸੀਕੋ ਦੀ ਸਰਹੱਦ ਨੂੰ ਟੱਪਣਾ

ਅਜੀਤ ਡੈਸਕ 04-12-2025

ਅਮਰੀਕਾ ਨੇ ਆਪਣੀ ਮੈਕਸੀਕੋ ਨਾਲ ਲੱਗਦੀ ਸਰਹੱਦ 'ਤੇ ਇਕ ਤਰ੍ਹਾਂ ਨਾਲ ਲਾਲ ਲਕੀਰ ਖਿੱਚ ਦਿੱਤੀ ਹੈ ਤੇ ਹੁਣ ਕੋਈ ਵੀ ਗ਼ੈਰ-ਕਾਨੂੰਨੀ ਤੌਰ 'ਤੇ ਅਮਰੀਕਾ 'ਚ ਦਾਖਲ ਹੋਣ ਦਾ ਸੁਪਨਾ ਨਹੀਂ ਦੇਖ ਸਕਦਾ। ਟਰੰਪ ਪ੍ਰਸ਼ਾਸਨ ਇਸ ਨੂੰ ਅਮਰੀਕੀ ਸੁਰੱਖਿਆ ਦੇ ਪੱਖ ਤੋਂ ਇਕ ਵੱਡਾ ਕਦਮ ਤੇ ਅਹਿਮ ਪ੍ਰਾਪਤੀ ਦੱਸ ਰਿਹਾ ਹੈ। ਇਹ ਸੱਚ ਵੀ ਹੈ, ਕਿਉਂਕਿ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ 6 ਮਹੀਨਿਆਂ 'ਚ ਬਾਰਡਰ ਰਾਹੀਂ ਗ਼ੈਰ-ਕਾਨੂੰਨੀ ਲੋਕਾਂ ਦਾ ਦਾਖਲਾ ਇਕ ਤਰ੍ਹਾਂ ਨਾਲ ਮੁਕੰਮਲ ਤੌਰ 'ਤੇ ਬੰਦ ਹੋ ਗਿਆ ਹੈ, ਹੁਣ ਸੁਰੱਖਿਆ ਬਲਾਂ ਤੇ ਫ਼ੌਜ ਦੀ ਨਿਗਰਾਨੀ ਹੇਠ ਸ਼ਾਇਦ ਪੰਛੀ ਵੀ ਪਰ ਨਾ ਮਾਰ ਸਕੇ। ਜਿੱਥੇ ਕਿਸੇ ਸਮੇਂ ਮੈਕਸੀਕੋ ਰਾਹੀਂ ਅਮਰੀਕਾ 'ਚ ਦਾਖਲ ਹੋਣ ਲਈ ਗ਼ੈਰ-ਕਾਨੂੰਨੀ ਲੋਕਾਂ ਦਾ ਭੀੜ-ਭੜੱਕਾ ਵੇਖਣ ਨੂੰ ਮਿਲਦਾ ਸੀ, ਉੱਥੇ ਹੁਣ ਪੂਰੀ ਤਰ੍ਹਾਂ ਨਾਲ ਸ਼ਾਂਤੀ ਤੇ ਚੁੱਪ ਛਾਈ ਹੋਈ ਹੈ। 'ਬਿਊਟੀਫੁੱਲ ਕਾਨੂੰਨ' ਨਾਲ ਖਰਬਾਂ 'ਚ ਬਜਟ ਹਾਸਿਲ ਕਰਨ ਵਾਲੇ ਟਰੰਪ ਦਾ ਪਹਿਲਾਂ ਏਜੰਡਾ ਇਸ ਸਰਹੱਦ 'ਤੇ ਮਜ਼ਬੂਤ ਦੀਵਾਰ ਦੀ ਉਸਾਰੀ ਕਰਨਾ ਹੈ। ਮੈਕਸੀਕੋ ਨਾਲ ਲੱਗਦੇ ਅਮਰੀਕਾ ਦੇ ਮਕੈਲਨ ਸ਼ਹਿਰ ਦੇ ਬਾਰਡਰ ਦੀ ਦੀਵਾਰ ਮੁਕੰਮਲ ਹੋ ਚੁੱਕੀ ਹੈ, ਇਸ ਨਵੀਂ ਦੀਵਾਰ ਨੂੰ ਬਣਾਉਣ ਲਈ ਅਜਿਹਾ ਤਰੀਕਾ ਅਪਣਾਇਆ ਗਿਆ ਹੈ ਕਿ ਪਹਿਲਾਂ ਤਾਂ ਕੋਈ ਇਸ ਦੀਵਾਰ 'ਤੇ ਚੜ੍ਹ ਹੀ ਨਹੀਂ ਸਕਦਾ ਅਤੇ ਦੂਸਰੇ ਪਾਸੇ ਉਤਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮਤਲਬ ਕੰਧਾਂ ਟੱਪਣ ਦਾ ਮਾਮਲਾ ਖਤਮ ਹੋ ਚੁੱਕਾ ਹੈ। ਮੈਕਸੀਕੋ ਤੋਂ ਅਮਰੀਕਾ ਵਿਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਘਟਾਉਣ ਦੀ ਕੋਸ਼ਿਸ਼ ਵਿਚ ਮੈਕਸੀਕੋ-ਅਮਰੀਕਾ ਸਰਹੱਦ ਦੇ ਕੁਝ ਹਿੱਸਿਆਂ ਦੇ ਨਾਲ ਇਕ ਸਰਹੱਦੀ ਕੰਧ ਬਣਾਈ ਗਈ ਹੈ। ਇਹ ਰੁਕਾਵਟ ਇਕ ਢਾਂਚਾ ਨਹੀਂ ਸਗੋਂ ਰੁਕਾਵਟਾਂ ਦੀ ਇਕ ਲੜੀ ਹੈ, ਜਿਸਨੂੰ 'ਵਾੜ' ਜਾਂ 'ਦੀਵਾਰਾਂ' ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਨੂੰ ਮੁਕੰਮਲ ਤੇ ਸੁਰੱਖਿਅਤ ਬਣਾਉਣਾ ਟਰੰਪ ਪ੍ਰਸ਼ਾਸਨ ਦੀ ਇੱਜ਼ਤ ਦਾ ਸਵਾਲ ਹੈ।
ਕੈਲੀਫੋਰਨੀਆ, ਟਿਜੁਆਨਾ, ਮੈਕਸੀਕੋ ਵਿਚ ਸੈਨ ਡੀਐਗੋ 'ਤੇ ਸਰਹੱਦੀ ਵਾੜ ਭੌਤਿਕ ਰੁਕਾਵਟਾਂ ਦੇ ਵਿਚਕਾਰ ਸੁਰੱਖਿਆ, ਸੈਂਸਰਾਂ, ਕੈਮਰਿਆਂ ਤੇ ਹੋਰ ਨਿਗਰਾਨੀ ਉਪਕਰਣਾਂ ਦੀ ਇਕ 'ਵਰਚੁਅਲ ਵਾੜ' ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਡੋਨਾਲਡ ਟਰੰਪ ਦੇ ਪਹਿਲੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਕੁੱਲ 438 ਮੀਲ (705 ਕਿੱਲੋਮੀਟਰ) ਨਵੇਂ ਪ੍ਰਾਇਮਰੀ ਬੈਰੀਅਰ ਬਣਾਏ ਗਏ ਸਨ, ਜਿਨ੍ਹਾਂ ਨੂੰ 'ਟਰੰਪ ਦੀਵਾਰ' ਕਿਹਾ ਜਾਂਦਾ ਸੀ। ਹਾਲਾਂਕਿ ਟਰੰਪ ਨੇ ਵਾਰ-ਵਾਰ ਪੂਰੀ ਸਰਹੱਦ 'ਤੇ ਇਕ 'ਵਿਸ਼ਾਲ ਕੰਧ' ਬਣਾਉਣ ਦਾ ਵਾਅਦਾ ਕੀਤਾ ਸੀ ਅਤੇ ਇਸ ਦੀਵਾਰ ਲਈ ਭੁਗਤਾਨ ਮੈਕਸੀਕੋ ਨੇ ਕਰਨਾ ਸੀ, ਪਰ ਮੈਕਸੀਕੋ ਸਰਕਾਰ ਨੇ ਇਸ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਇਸ ਸਰਹੱਦ ਦੀ ਲੰਬਾਈ 1,954 ਮੀਲ (3,145 ਕਿੱਲੋਮੀਟਰ) ਹੈ, ਜਿਸ 'ਚੋਂ 1, 255 ਮੀਲ (2, 020 ਕਿੱਲੋਮੀਟਰ) ਰੀਓ ਗ੍ਰਾਂਦੇ ਦਰਿਆ ਨਾਲ ਅਤੇ 699 ਮੀਲ (1, 125 ਕਿੱਲੋਮੀਟਰ) ਜ਼ਮੀਨੀ ਖੇਤਰ ਹੈ। ਦੁਬਾਰਾ 20 ਜਨਵਰੀ 2025 ਨੂੰ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਹ ਦੂਜੇ ਕਾਰਜਕਾਲ ਦੌਰਾਨ ਕੰਧ ਨੂੰ ਮੁਕੰਮਲ ਕਰਨ ਦਾ ਕੀਤਾ ਇਹ ਵਾਅਦਾ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ।
ਮੈਕਸੀਕੋ ਤੇ ਅਮਰੀਕਾ ਵਿਚਕਾਰ 1, 954 ਮੀਲ (3,145 ਕਿੱਲੋਮੀਟਰ) ਸਰਹੱਦ ਸ਼ਹਿਰੀ ਖੇਤਰਾਂ ਤੇ ਮਾਰੂਥਲਾਂ ਸਮੇਤ ਕਈ ਤਰ੍ਹਾਂ ਦੇ ਭੂ-ਭਾਗਾਂ 'ਚੋਂ ਲੰਘਦੀ ਹੈ। ਮੈਕਸੀਕੋ ਦੀ ਖਾੜੀ ਤੋਂ ਐਲ ਪਾਸੋ, ਟੈਕਸਾਸ ਤੱਕ ਦੀ ਸਰਹੱਦ, ਰੀਓ ਗ੍ਰਾਂਦੇ ਦਰਿਆ ਨਾਲ ਇਕ ਕੁਦਰਤੀ ਰੁਕਾਵਟ ਬਣ ਜਾਂਦੀ ਹੈ। ਇਹ ਰੁਕਾਵਟ ਸਰਹੱਦ ਦੇ ਸ਼ਹਿਰੀ ਤੇ ਗ਼ੈਰ-ਸ਼ਹਿਰੀ ਦੋਵਾਂ ਹਿੱਸਿਆਂ ਵਿਚ ਹੈ, ਜਿੱਥੇ ਪਹਿਲਾਂ ਸਭ ਤੋਂ ਵੱਧ ਗੈਰ-ਕਾਨੂੰਨੀ ਘੁਸਪੈਠ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੁੰਦੀ ਸੀ। ਸ਼ਹਿਰੀ ਖੇਤਰਾਂ ਵਿਚ ਸੈਨ ਡਇਏਗੋ, ਕੈਲੀਫੋਰਨੀਆ ਤੇ ਐਲ ਪਾਸੋ, ਟੈਕਸਾਸ ਸ਼ਾਮਿਲ ਹਨ। ਇਹ ਸਟੀਲ ਦੀ ਵਾੜ (18 ਤੋਂ 27 ਫੁੱਟ (4.8 ਤੋਂ 8.1 ਮੀਟਰ) ਹੈ, ਜੋ ਅਮਰੀਕਾ ਵਿਚ ਐਰੀਜ਼ੋਨਾ ਦੇ ਨੋਗੇਲਸ ਤੇ ਮੈਕਸੀਕੋ 'ਚ ਨੋਗੇਲਸ, ਸੋਨੋਰਾ ਸਰਹੱਦੀ ਕਸਬਿਆਂ ਨੂੰ ਵੰਡਦੀ ਹੈ। ਮੈਕਸੀਕੋ-ਅਮਰੀਕਾ ਸਰਹੱਦ ਪੱਛਮ ਵਿਚ ਪ੍ਰਸ਼ਾਂਤ ਮਹਾਸਾਗਰ ਤੋਂ ਪੂਰਬ ਵਿਚ ਮੈਕਸੀਕੋ ਦੀ ਖਾੜੀ ਤੱਕ ਫੈਲੀ ਹੋਈ ਹੈ। ਸਰਹੱਦੀ ਰਾਜਾਂ ਵਿਚ ਮੈਕਸੀਕਨ ਰਾਜ ਬਾਜਾ ਕੈਲੀਫੋਰਨੀਆ, ਸੋਨੋਰਾ, ਚਿਹੁਆਹੁਆ, ਕੋਹੁਇਲਾ, ਨੂਵੋ ਲਿਓਨ ਤੇ ਤਾਮੌਲੀਪਾਸ ਅਤੇ ਅਮਰੀਕਾ ਦਾ ਕੈਲੀਫੋਰਨੀਆ, ਐਰੀਜ਼ੋਨਾ, ਨਿਊ ਮੈਕਸੀਕੋ ਤੇ ਟੈਕਸਾਸ ਸ਼ਾਮਿਲ ਹਨ। ਮੈਕਸੀਕੋ ਸਰਹੱਦ ਦੀ ਲੰਬਾਈ - ਕੈਲੀਫੋਰਨੀਆ ਨਾਲ 140.4 ਮੀਲ (226.0 ਕਿੱਲੋਮੀਟਰ)- ਐਰੀਜ਼ੋਨਾ 372.5 ਮੀਲ (599.5 ਕਿੱਲੋਮੀਟਰ) ਸੋਨੋਰਾ -ਨਿਊ ਮੈਕਸੀਕੋ 179.5 ਮੀਲ (288.9 ਕਿਲੋਮੀਟਰ)- ਟੈਕਸਾਸ 1, 241.0 ਮੀਲ (1, 997.2 ਕਿਲੋਮੀਟਰ) -ਚਿਹੁਆਹੁਆ, ਕੋਹੁਇਲਾ, ਨੂਵੋ ਲਿਓਨ, ਤਾਮੌਲੀਪਾਸ ਤੇ ਕੁੱਲ 1, 933.4 ਮੀਲ (3, 111.5 ਕਿੱਲੋਮੀਟਰ) ਹੈ। ਲਗਭਗ ਸਾਰੀ ਸਰਹੱਦ 'ਤੇ ਇਸ ਸਮੇਂ ਕਬਰਾਂ ਵਰਗੀ ਚੁੱਪ ਤੇ ਖਾਮੋਸ਼ੀ ਹੈ ਅਤੇ ਮਨੁੱਖੀ ਨਸ਼ਾ ਤਸਕਰਾਂ ਦਾ ਗੋਰਖਧੰਦਾ ਬੰਦ ਹੈ।
ਫ਼ਿਲਮਾਂ ਵਾਲਾ ਤੇ ਗਾਇਕ ਗੁਰਚਰਨ ਪੋਹਲੀ
ਗੁਰਚਰਨ ਪੋਹਲੀ ਤੇ ਪ੍ਰੋਮਿਲਾ ਪੰਮੀ ਦੋ ਅਜਿਹੇ ਨਾਂਅ ਸਨ, ਜਿਨ੍ਹਾਂ ਦੀ ਪੰਜਾਬੀ ਗਾਇਕੀ 'ਚ ਦੋ ਦਹਾਕੇ ਤੱਕ ਪੂਰੀ ਚੜ੍ਹਤ ਰਹੀ ਸੀ। ਗੁਰਚਰਨ ਪੋਹਲੀ ਨੇ 'ਰੂਪ ਸ਼ੌਕੀਨਣ ਦਾ' ਤੇ 'ਬਲਵੀਰੋ ਭਾਬੀ' 'ਚ ਘੂਕਰ ਦਾ ਅਹਿਮ ਰੋਲ ਨਿਭਾਇਆ ਸੀ। ਮਨੋਜ ਕੁਮਾਰ ਦੀ 'ਦਸ ਨੰਬਰੀ' ਸਮੇਤ ਕਈ ਹਿੰਦੀ ਫਿਲਮਾਂ 'ਚ ਵੀ ਪੋਹਲੀ ਨਜ਼ਰੀਂ ਪੈਂਦਾ ਰਿਹਾ। 1986 ਦੇ ਗੇੜ 'ਚ ਉਹ ਕੁਲਦੀਪ ਮਾਣਕ ਨਾਲ ਅਮਰੀਕਾ ਚਲੇ ਗਿਆ ਤੇ ਉੱਥੇ ਹੀ ਪੈਰ ਟਿਕਾ ਲਏ। ਉਹ ਇੱਥੇ ਗਾਇਕੀ ਤੇ ਅਦਾਕਾਰੀ ਨਾਲੋਂ ਪੂਰੀ ਤਰ੍ਹਾਂ ਵੱਖ ਹੋ ਕੇ ਸਿਰਫ਼ ਸਾਧਾਰਨ ਮਨੁੱਖ ਬਣ ਕੇ ਵਿਚਰਨ ਲੱਗਾ। ਜਿਹੜਾ ਗੁਰਚਰਨ ਪੋਹਲੀ ਰੋਜ਼ ਲੋਕਾਂ 'ਚ ਵਿਚਰਦਾ ਸੀ ਤੇ ਲੋਕ ਉਸ ਦੇ ਗੀਤਾਂ ਦੇ ਦੀਵਾਨੇ ਸਨ, ਉਹ ਉਨ੍ਹਾਂ ਤੋਂ ਬਿਲਕੁਲ ਦੂਰ ਹੋ ਗਿਆ। ਪਿਛਲੇ ਦੋ ਦਹਾਕਿਆਂ 'ਚ ਕੈਲੀਫੋਰਨੀਆ ਵਸਦਾ ਪੋਹਲੀ ਪਹਿਲੀ ਵਾਰ ਮਿਲਿਆ, ਉਮਰ ਦੇ ਨੌਵੇਂ ਦਹਾਕੇ 'ਚੋਂ ਗੁਜ਼ਰ ਰਿਹਾ ਹੈ ਸਿਹਤ ਪੱਖੋਂ ਕਾਫ਼ੀ ਕਮਜ਼ੋਰ ਹੋ ਚੁੱਕਾ ਹੈ ਪਰ ਪੂਰੀ ਚੜ੍ਹਦੀ ਕਲਾ 'ਚ ਰਹਿੰਦਾ ਹੈ। ਉਹ ਆਖਦਾ ਕਦੇ-ਕਦੇ ਉਸ ਨੂੰ ਝੋਰਾ ਹੁੰਦਾ ਹੈ ਕਿ ਮੈਂ ਕਲਾ ਦੇ ਖੇਤਰ 'ਚੋਂ ਕਿਉਂ ਬਾਹਰ ਆ ਗਿਆ, ਪਰ ਫਿਰ ਆਪੇ ਆਖਦਾ ਹੈ, ਚਲੋ ਜਿੰਨਾ ਸਮਾਂ ਗਾ ਲਿਆ, ਗਾ ਲਿਆ। ਹੋ ਸਕਦਾ ਉਸ ਦੀਆਂ ਕੁਝ ਮਜਬੂਰੀਆਂ ਹੋਣਗੀਆਂ, ਪਰ ਇਹ ਸੱਚ ਹੈ ਕਿ ਗੁਰਚਰਨ ਪੋਹਲੀ ਨੂੰ ਵੇਖਣ ਤੇ ਚਾਹੁਣ ਵਾਲਿਆਂ ਦੀ ਗਿਣਤੀ ਹਾਲੇ ਵੀ ਬਹੁਤ ਹੈ। ਇਸੇ ਕਰਕੇ ਇਸ ਤਸਵੀਰ ਜ਼ਰੀਏ ਗੁਰਚਰਨ ਪੋਹਲੀ ਦੀ ਅਮਰੀਕਾ ਤੋਂ ਸਾਂਝ ਤੁਹਾਡੇ ਨਾਲ ਪੁਆਉਣ ਦੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ।
ਪੰਜਾਬ ਦੇ ਹਾਲਾਤ ਤੋਂ ਚਿੰਤਤ ਹਨ ਪ੍ਰਵਾਸੀ
ਜਲੰਧਰ ਜ਼ਿਲ੍ਹੇ ਦੀ ਸੱਜੀ ਨੁੱਕਰ 'ਚ ਪੈਂਦਾ ਪਿੰਡ ਹੈ ਲਿੱਦੜਾਂ, ਪਿਛਲੇ ਕੁਝ ਦਿਨਾਂ ਤੋਂ ਇਸ ਪਿੰਡ ਵਿਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਰਕੇ ਇਸ ਪਿੰਡ ਦੇ ਪ੍ਰਵਾਸੀ ਪੰਜਾਬੀ ਵੀ ਆਪਣੇ ਘਰਾਂ ਪ੍ਰਤੀ ਫਿਕਰਮੰਦ ਹਨ। ਅਮਰੀਕਾ ਦੇ ਸ਼ਹਿਰ ਮਕੈਲਿਨ 'ਚ ਵਸਦੇ ਇਸੇ ਪਿੰਡ ਦੇ ਦਿਲਬਾਗ ਸਿੰਘ ਲਿੱਦੜ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਸ ਪਿੰਡ ਦੇ ਜੰਮਪਲ ਹਨ ਤੇ ਉਨ੍ਹਾਂ ਨੇ ਪਿੰਡ ਵਿਚ ਖੇਡ ਸਟੇਡੀਅਮ ਬਣਾਉਣ ਤੇ ਹੋਰ ਸਮਾਜਿਕ ਕਾਰਜਾਂ ਵਿਚ ਹਮੇਸ਼ਾ ਮੋਹਰੀ ਹੋ ਕੇ ਯੋਗਦਾਨ ਪਾਇਆ ਹੈ, ਉਹ ਹੁਣ ਆਪਣੇ ਪਿੰਡ ਵਿਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਬੇਹੱਦ ਚਿੰਤਤ ਹੈ। ਉਨ੍ਹਾਂ ਨੇ ਸਰਕਾਰ ਜਾਂ ਪ੍ਰਸ਼ਾਸਨ ਪ੍ਰਤੀ ਆਪਣਾ ਰੋਸ ਨਿਵੇਕਲੇ ਢੰਗ ਨਾਲ ਆਪਣੇ ਘਰ ਦੇ ਅੱਗੇ ਚੋਰਾਂ ਦੇ ਨਾਂਅ, ਇਕ ਬੋਰਡ ਲਗਾ ਕੇ ਵਿਅੰਗਮਈ ਢੰਗ ਨਾਲ ਪ੍ਰਗਟਾਇਆ ਹੈ। ਬੋਰਡ 'ਤੇ ਲਿਖੀ ਵਾਰਤਾ 'ਚ ਚੋਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਚੋਰ ਸਾਹਿਬ, ਘਰ ਦੇ ਕਿਸੇ ਵੀ ਕਮਰੇ ਨੂੰ ਜਿੰਦਰਾ ਨਹੀਂ ਲੱਗਾ ਹੋਇਆ, ਘਰ ਵਿਚ ਕੁਝ ਵੀ ਨਹੀਂ ਹੈ ਫਿਰ ਵੀ ਤੁਸੀਂ ਜੋ ਕੁਝ ਵੀ ਲਿਜਾਣਾ ਚਾਹੁੰਦੇ ਹੋ ਲਿਜਾ ਸਕਦੇ ਹੋ ਤੇ ਆਪਣੀ ਤਸੱਲੀ ਕਰ ਸਕਦੇ ਹੋ, ਘਰ ਦੀ ਫਰੋਲਾ-ਫਰੋਲੀ ਕਰਨਾ ਚਾਹੁੰਦੇ ਹੋ ਆਪ ਨੂੰ 'ਜੀ ਆਇਆਂ' ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਤੇ ਵਿਕਾਸ 'ਚ ਵੱਡਾ ਯੋਗਦਾਨ ਪਾਉਣ ਵਾਲੇ ਪ੍ਰਵਾਸੀਆਂ ਦੇ ਘਰਾਂ ਦੀ ਪਿੱਛੇ ਜੇਕਰ ਇਹ ਹਾਲਤ ਹੈ ਤਾਂ ਫਿਰ ਇਸ ਤੋਂ ਬਾਅਦ ਇਹੋ ਹੀ ਕਿਹਾ ਜਾ ਸਕਦਾ ਹੈ।

ਈ-ਮੇਲ : ashokbhaura@gmail.com

ਪਿਛਲੀ ਖ਼ਬਰ ਇਸ ਮੌਸਮ ਵਿਚ ਕਰ ਲਓ ਬੂਟਿਆਂ ਦੀ ਕਾਂਟ-ਛਾਂਟ ਅਗਲੀ ਖ਼ਬਰ ਸਾਊ ਤੇ ਸੱਚੇ ਰਾਜਨੇਤਾ ਸਨ ਇੰਦਰ ਕੁਮਾਰ ਗੁਜਰਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।