26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪਾਕਿਸਤਾਨ ਦੇ ਉੱਬਲਦੇ ਪਾਣੀ

ਅਜੀਤ ਡੈਸਕ 04-12-2025

ਪਾਕਿਸਤਾਨ ਦੇ ਪਾਣੀ ਇਕ ਵਾਰ ਫਿਰ ਉਬਾਲੇ ਖਾ ਰਹੇ ਹਨ ਅਤੇ ਉਨ੍ਹਾਂ ਦਾ ਸੇਕ ਹੁਣ ਪਾਕਿਸਤਾਨ ਦੇ ਆਪਣੇ ਕੰਢਿਆਂ ਨੂੰ ਹੀ ਸਾੜਨ ਲੱਗ ਪਿਆ ਹੈ। ਉਥੇ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਗਸਤ 2023 ਤੋਂ ਜੇਲ੍ਹ ਵਿਚ ਬੰਦ ਹਨ, ਉਨ੍ਹਾਂ 'ਤੇ ਅਨੇਕਾਂ ਤਰ੍ਹਾਂ ਦੇ ਦੋਸ਼ ਆਇਦ ਹਨ। ਇਸ ਸਮੇਂ ਇਮਰਾਨ ਖ਼ਾਨ ਹੀ ਦੇਸ਼ ਵਿਚ ਬੇਹੱਦ ਚਰਚਿਤ ਤੇ ਮਕਬੂਲ ਆਗੂ ਬਣੇ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦਾ ਉਥੇ ਦੇ ਕਈ ਖੇਤਰਾਂ ਵਿਚ ਵੱਡਾ ਪ੍ਰਭਾਵ ਬਣਿਆ ਨਜ਼ਰ ਆਉਂਦਾ ਹੈ। ਅਫ਼ਗਾਨਿਸਤਾਨ ਨਾਲ ਲਗਦੇ ਪ੍ਰਾਂਤ ਖ਼ੈਬਰ ਪਖਤੂਨਖਵਾ ਵਿਚ ਉਨ੍ਹਾਂ ਦੀ ਪਾਰਟੀ ਦੀ ਹਕੂਮਤ ਹੈ, ਉਨ੍ਹਾਂ ਨੇ ਦੇਸ਼ ਦੀ ਰਾਜਧਾਨੀ ਇਸਲਾਮਾਬਾਦ ਵਿਚ ਵੀ ਕੇਂਦਰੀ ਹਕੂਮਤ ਨੂੰ ਵੱਡੀ ਚੁਣੌਤੀ ਦੇ ਰੱਖੀ ਹੈ।
ਲਗਭਗ ਪਿਛਲੇ ਇਕ ਮਹੀਨੇ ਤੋਂ, ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿਚ ਬੰਦ ਇਮਰਾਨ ਖ਼ਾਨ ਨੂੰ ਕਿਸੇ ਨੂੰ ਵੀ ਮਿਲਣ ਨਹੀਂ ਸੀ ਦਿੱਤਾ ਜਾ ਰਿਹਾ, ਜਿਸ ਕਰਕੇ ਪਿਛਲੇ ਦਿਨੀਂ ਅਨੇਕਾਂ ਤਰ੍ਹਾਂ ਦੀਆਂ ਅਫ਼ਵਾਹਾਂ ਫੈਲ ਗਈਆਂ ਸਨ। ਇਥੋਂ ਤੱਕ ਕਿ ਉਨ੍ਹਾਂ ਦੀ ਮੌਤ ਦੀ ਖ਼ਬਰ ਵੀ ਨਸ਼ਰ ਹੋਣੀ ਸ਼ੁਰੂ ਹੋ ਗਈ ਸੀ। ਇਨ੍ਹਾਂ ਅਫ਼ਵਾਹਾਂ ਦੌਰਾਨ ਉਨ੍ਹਾਂ ਦੀ ਪਾਰਟੀ ਦੇ ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੁਹੇਲ ਅਫਰੀਦੀ ਉਸ ਨੂੰ ਜੇਲ੍ਹ ਵਿਚ ਮਿਲਣ ਗਏ ਸਨ ਪਰ ਉਨ੍ਹਾਂ ਨੂੰ ਮਿਲਣ ਨਹੀਂ ਸੀ ਦਿੱਤਾ ਗਿਆ ਅਤੇ ਅੜੀ ਕਰਨ 'ਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਸੀ। ਇਮਰਾਨ ਖ਼ਾਨ ਦੀ ਇਕ ਭੈਣ ਡਾ. ਉਜ਼ਮਾ ਖ਼ਾਨਮ ਨੇ ਵੀ ਆਪਣੀ ਪਾਰਟੀ ਨੂੰ ਨਾਲ ਲੈ ਕੇ ਵੱਡਾ ਜਨਤਕ ਵਿਰੋਧ ਜਤਾਉਣ ਲਈ ਕਈ ਥਾਵਾਂ 'ਤੇ ਰੈਲੀਆਂ ਕੀਤੀਆਂ ਸਨ। ਉਜ਼ਮਾ ਨੇ ਭਾਰਤ ਦੇ ਇਕ ਟੀ.ਵੀ. ਚੈਨਲ ਨੂੰ ਇੰਟਰਵਿਊ ਦਿੰਦਿਆਂ ਪਾਕਿਸਤਾਨ ਦੀ ਸਰਕਾਰ ਅਤੇ ਖ਼ਾਸ ਤੌਰ 'ਤੇ ਫ਼ੌਜੀ ਜਰਨੈਲ ਆਸਿਮ ਮੁਨੀਰ 'ਤੇ ਦੋਸ਼ ਲਗਾਏ ਸਨ ਕਿ ਉਹ ਦੇਸ਼ ਦੀ ਸੱਤਾ 'ਤੇ ਕਾਬਜ਼ ਹੋਣਾ ਚਾਹੁੰਦਾ ਹੈ। ਇਸੇ ਲਈ ਉਹ ਇਮਰਾਨ ਖ਼ਾਨ ਨੂੰ ਆਪਣਾ ਵੱਡਾ ਵਿਰੋਧੀ ਅਤੇ ਦੁਸ਼ਮਣ ਮੰਨ ਰਿਹਾ ਹੈ। ਉਜ਼ਮਾ ਦੀ ਇਸ ਗੱਲ ਵਿਚ ਸਚਾਈ ਹੈ। ਪਿਛਲੇ ਕਾਫੀ ਸਮੇਂ ਤੋਂ ਜਨਰਲ ਆਸਿਮ ਮੁਨੀਰ ਆਪਣੇ ਢੰਗ ਤਰੀਕੇ ਨਾਲ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਸਰਕਾਰ ਨੂੰ ਕਮਜ਼ੋਰ ਕਰਕੇ ਆਪਣੀ ਤਾਕਤ ਵਿਚ ਲਗਾਤਾਰ ਵਾਧਾ ਕਰਨ ਲਈ ਯਤਨਸ਼ੀਲ ਹੈ। ਪਿਛਲੇ ਦਿਨੀਂ ਉਸ ਨੇ ਵੱਡਾ ਦਬਾਅ ਬਣਾ ਕੇ ਦੇਸ਼ ਦੀ ਸੰਸਦ ਤੋਂ ਸੰਵਿਧਾਨ 'ਚ 27ਵੀਂ ਸੋਧ ਪਾਸ ਕਰਵਾਈ ਹੈ, ਜਿਸ ਅਨੁਸਾਰ ਫੀਲਡ ਮਾਰਸ਼ਲ ਆਸਿਮ ਮੁਨੀਰ ਦੀਆਂ ਸ਼ਕਤੀਆਂ ਵਿਚ ਅਥਾਹ ਵਾਧਾ ਹੋ ਜਾਵੇਗਾ। ਪ੍ਰਮਾਣੂ ਹਥਿਆਰਾਂ ਦਾ ਕੰਟਰੋਲ ਵੀ ਉਨ੍ਹਾਂ ਦੇ ਕੋਲ ਹੀ ਹੋਵੇਗਾ। ਇਸ ਸੋਧ ਮੁਤਾਬਿਕ ਹੀ ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਦੇ ਨਾਲ ਇਕ ਹੋਰ ਸੰਵਿਧਾਨਕ ਅਦਾਲਤ ਦੀ ਸਥਾਪਨਾ ਦੀ ਵੀ ਮਨਜ਼ੂਰੀ ਲੈ ਲਈ ਗਈ ਹੈ, ਜਿਸ ਦਾ ਭਾਵ ਇਹ ਹੈ ਕਿ ਸੁਪਰੀਮ ਕੋਰਟ ਦੀਆਂ ਸ਼ਕਤੀਆਂ ਨੂੰ ਬੇਹੱਦ ਸੀਮਤ ਕਰ ਦਿੱਤਾ ਗਿਆ ਹੈ। ਇਸ 'ਤੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਦਸਤਖ਼ਤ ਹੋਣੇ ਹਨ। ਮਿਲੀਆਂ ਖ਼ਬਰਾਂ ਅਨੁਸਾਰ ਸ਼ਾਹਬਾਜ਼ ਸ਼ਰੀਫ਼ ਇਸ ਸਥਿਤੀ ਤੋਂ ਬਚਦੇ ਹੋਏ ਵਿਦੇਸ਼ਾਂ ਦੇ ਟੂਰ ਲਗਾ ਰਹੇ ਹਨ। ਉਹ ਕਿੰਨੀ ਕੁ ਦੇਰ ਇਸ ਤੋਂ ਬਚ ਸਕਣਗੇ, ਹੁਣ ਇਹ ਦੇਖਣਾ ਬਾਕੀ ਹੋਵੇਗਾ। ਜਿਸ ਤਰ੍ਹਾਂ ਦੇ ਹਾਲਾਤ ਪਾਕਿਸਤਾਨ ਵਿਚ ਬਣ ਗਏ ਹਨ, ਉਨ੍ਹਾਂ ਤੋਂ ਲਗਦਾ ਹੈ ਕਿ ਇਕ ਵਾਰ ਫਿਰ ਕਰਜ਼ੇ ਵਿਚ ਡੁੱਬਿਆ ਅਤੇ ਗੁਰਬਤ ਨਾਲ ਝੰਬਿਆ ਇਹ ਦੇਸ਼ ਫ਼ੌਜੀ ਤਾਨਾਸ਼ਾਹੀ ਦੇ ਰਸਤੇ 'ਤੇ ਤੁਰ ਪਿਆ ਹੈ।
ਅਜਿਹੀ ਸਥਿਤੀ ਜਿਥੇ ਇਕ ਵਾਰ ਫਿਰ ਪਾਕਿਸਤਾਨ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ ਦੀ ਤਰ੍ਹਾਂ ਹੈ, ਉਥੇ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ ਲਈ ਵੀ ਇਹ ਚਿੰਤਾ ਦਾ ਕਾਰਨ ਹੈ, ਕਿਉਂਕਿ ਅੱਜ ਪਾਕਿਸਤਾਨ ਇਸਲਾਮਿਕ ਕੱਟੜਪੰਥੀਆਂ ਦਾ ਗੜ੍ਹ ਬਣਿਆ ਹੋਇਆ ਹੈ, ਜਿਨ੍ਹਾਂ ਨੇ ਇਕ ਤਰ੍ਹਾਂ ਨਾਲ ਇਥੋਂ ਦੇ ਪ੍ਰਸ਼ਾਸਨ ਤੋਂ ਇਲਾਵਾ ਦੁਨੀਆ ਦੇ ਹੋਰ ਦੇਸ਼ਾਂ ਲਈ ਵੀ ਖ਼ਤਰਾ ਖੜ੍ਹਾ ਕੀਤਾ ਹੋਇਆ ਹੈ। ਪੈਦਾ ਹੋ ਰਹੀ ਅਜਿਹੀ ਸਥਿਤੀ ਵਿਚ ਭਾਰਤ ਨੂੰ ਹਰ ਪੱਖੋਂ ਬੇਹੱਦ ਸੁਚੇਤ ਹੋਣ ਦੀ ਜ਼ਰੂਰਤ ਹੋਵੇਗੀ, ਕਿਉਂਕਿ ਪਾਕਿਸਤਾਨ ਭਾਰਤ ਪ੍ਰਤੀ ਆਪਣੇ ਨਾਪਾਕ ਇਰਾਦਿਆਂ ਤੋਂ ਬਾਜ਼ ਨਹੀਂ ਆ ਰਿਹਾ।
ਪਿਛਲੇ ਦਿਨੀਂ ਸ੍ਰੀਨਗਰ ਵਿਚ ਬਾਰਡਰ ਸਕਿਊਰਿਟੀ ਫੋਰਸ ਦੇ ਇੰਸਪੈਕਟਰ ਜਨਰਲ ਅਸ਼ੋਕ ਯਾਦਵ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਪਾਕਿਸਤਾਨ ਦੀਆਂ ਭਾਰਤ ਨਾਲ ਲਗਦੀਆਂ ਸਰਹੱਦਾਂ 'ਤੇ ਅੱਤਵਾਦੀਆਂ ਨੇ ਦੁਬਾਰਾ ਜਮਾਵੜਾ ਕਰਨਾ ਸ਼ੁਰੂ ਕਰ ਦਿੱਤਾ ਹੈ। ਬਣਾਏ ਇਨ੍ਹਾਂ ਟਿਕਾਣਿਆਂ ਤੋਂ ਉਹ ਕਿਸੇ ਨਾ ਕਿਸੇ ਤਰ੍ਹਾਂ ਫਿਰ ਘੁਸਪੈਠ ਕਰਾਉਣ ਦੇ ਮੌਕੇ ਤਲਾਸ਼ ਕਰੇਗਾ ਤਾਂ ਜੋ ਉਹ ਭਾਰਤ ਨੂੰ ਅਸਥਿਰ ਕਰਨ ਦੀ ਆਪਣੀ ਨੀਤੀ ਅਧੀਨ ਭਾਰਤ ਵਿਚ ਆਪਣੀਆਂ ਹਿੰਸਕ ਕਾਰਵਾਈਆਂ ਨੂੰ ਅੰਜਾਮ ਦੇ ਸਕੇ। ਇਸ ਘਟਨਾਕ੍ਰਮ ਤੋਂ ਸਪੱਸ਼ਟ ਹੁੰਦਾ ਹੈ ਕਿ ਹਰ ਪੱਖੋਂ ਉੱਜੜ ਰਹੇ ਪਾਕਿਸਤਾਨ ਦੇ ਭਾਰਤ ਨਾਲ ਛੇਤੀ ਕੀਤਿਆਂ ਸੰਬੰਧ ਠੀਕ ਹੋਣ ਦੀ ਸੰਭਾਵਨਾ ਨਹੀਂ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਬਹੁ-ਪੱਖੀ ਖੁਰਾਕੀ ਸੰਕਟ 'ਚੋਂ ਗੁਜ਼ਰ ਰਿਹਾ ਹੈ ਭਾਰਤ ਅਗਲੀ ਖ਼ਬਰ ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।