22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਆਜ਼ਾਦੀ ਦੇ ਸੰਘਰਸ਼ ਵਿਚ ਮੁਸਲਮਾਨਾਂ ਦਾ ਯੋਗਦਾਨ ਘੱਟ ਨਹੀਂ

ਅਜੀਤ ਡੈਸਕ 08-11-2025

'ਜਬ ਪੜਾ ਵਕਤ ਤੋ ਗੁਲਿਸਤਾਂ ਪੇ, ਤੋ ਖ਼ੂਨ ਹਮ ਨੇ ਦਿਆ
ਜਬ ਬਹਾਰ ਆਈ ਤੋ ਕਹਿਤੇ ਹੈਂ ਤੇਰਾ ਕਾਮ ਨਹੀਂ'

'ਬ੍ਰਿਟਿਸ਼ ਸੈਨਾ ਵਿਚ ਭਰਤੀ ਹੋਣਾ ਹਰਾਮ ਹੈ' ਮੌਲਾਨਾ ਮਦਨੀ ਦੇ ਫ਼ਤਵੇ ਨੇ ਅਜ਼ਾਦੀ ਦਾ ਮੁੱਢ ਬੰਨ੍ਹਿਆ ਸੀ। 1857 ਸੇ ਵਿਦਰੋਹ ਵਿਚ 5 ਲੱਖ ਮੁਸਲਮਾਨ ਸ਼ਹੀਦ ਹੋਏ, ਜਿਨ੍ਹਾਂ ਵਿਚ 52 ਹਜ਼ਾਰ ਉਲਮਾ-ਏ-ਕਿਰਾਮ ਵੀ ਸ਼ਾਮਲ ਸਨ।
ਮੇਰੇ ਦੇਸ਼ ਦਾ ਅੱਜ ਮਾਹੌਲ ਇਹ ਬਣ ਚੁੱਕਾ ਹੈ ਕਿ ਜਿੱਥੇ ਵੀ ਕੋਈ ਦਾੜ੍ਹੀ-ਟੋਪੀ ਵਾਲਾ ਮੁਸਲਮਾਨ ਦੇਖੋ ਉਸ ਨਾਲ ਬਦਕਲਾਮੀ ਕਰੋ, ਬਦਤਮੀਜ਼ੀ ਕਰੋ, ਇੱਥੋਂ ਤੱਕ ਕਿ ਕਈ ਸੂਬਿਆਂ ਵਿਚ ਤਾਂ ਕੁੱਟ-ਕੁੱਟ ਕੇ ਮਾਰ ਦੇਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿਚ ਉਨ੍ਹਾਂ ਨੂੰ ਘਰ ਵਿਚ ਵੀ ਨਮਾਜ਼ ਪੜ੍ਹਨ 'ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ, ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਬੁਲਡੋਜ਼ਰ ਨਾਲ ਢਾਹਿਆ ਜਾ ਰਿਹਾ ਹੈ ਅਤੇ ਵਿਰੋਧ ਕਰਨ 'ਤੇ ਮੁਸਲਮਾਨ ਨੌਜਵਾਨਾਂ 'ਤੇ ਪਰਚੇ ਦਰਜ ਕਰ ਦਿੱਤੇ ਜਾਂਦੇ ਹਨ। ਜਿੱਥੇ ਵੀ ਕੋਈ ਮਾਮਲਾ ਮੁਸਲਮਾਨ ਨਾਲ ਜੁੜਦਾ ਹੈ ਉਸ ਦੇ ਘਰ 'ਤੇ ਬੁਲਡੋਜ਼ਰ ਚਲਾ ਦਿੱਤਾ ਜਾਂਦਾ ਹੈ। ਆਖਰ ਇਨ੍ਹਾਂ ਅੰਦਰ ਐਨੀ ਹਿੰਮਤ ਕਿੱਥੋਂ ਆਉਂਦੀ ਹੈ, ਕਿਹੜਾ ਸੰਵਿਧਾਨ ਇਨ੍ਹਾਂ ਨੂੰ ਬਿਨਾਂ ਕਿਸੇ ਅਦਾਲਤੀ ਹੁਕਮ ਦੇ ਕਿਸ ਦੀ ਸ਼ਹਿ 'ਤੇ ਪ੍ਰਸ਼ਾਸਨ ਲੋਕਾਂ ਦੇ ਘਰ ਢਾਹ ਦਿੰਦਾ ਹੈ? ਦੇਸ਼ ਦਾ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸੁਪਰੀਮ ਕੋਰਟ ਦੇ ਮੁੱਖ ਜੱਜ, ਸੁਪਰੀਮ ਕੋਰਟ ਅਤੇ ਹਾਈਕੋਰਟਾਂ ਦੇ ਜੱਜ, ਸੂਬਿਆਂ ਦੇ ਮੁੱਖ ਮੰਤਰੀ, ਗਵਰਨਰ, ਮੀਡੀਆ ਅਤੇ ਦੇਸ਼ ਦੇ ਸੱਭਿਅਕ ਲੋਕ ਇਸ ਨੂੰ ਸ਼ਾਂਤੀ ਨਾਲ ਦੇਖ ਰਹੇ ਹਨ ਅਤੇ ਬਰਦਾਸ਼ਤ ਕਰ ਰਹੇ ਹਨ। ਦੇਸ਼ਵਾਸੀਆਂ ਅੰਦਰ ਇਹ ਧਾਰਨਾ ਬਣਾ ਦਿੱਤੀ ਗਈ ਹੈ ਕਿ ਮੁਸਲਮਾਨ ਇਸ ਦੇਸ਼ ਦਾ ਨਾਗਰਿਕ ਨਹੀਂ ਬਲਕਿ ਗੁਲਾਮ ਹੈ। ਇਸਲਾਮ ਧਰਮ ਮੁਸਲਮਾਨ ਨੂੰ ਅਮਨ ਨਾਲ ਰਹਿਣਾ ਸਿਖਾਉਂਦਾ ਹੈ ਜਿਸ ਨੂੰ ਉਹ ਬਾਖ਼ੂਬੀ ਨਿਭਾ ਰਿਹਾ ਹੈ। ਪਰੰਤੂ 2014 ਤੋਂ ਬਾਅਦ ਬੀਜੇਪੀ ਦੀ ਨਰਿੰਦਰ ਮੋਦੀ ਸਰਕਾਰ ਨੇ ਦੇਸ਼ਵਾਸੀਆਂ ਅੰਦਰ ਧਰਮ ਦੇ ਨਾਮ 'ਤੈ ਏਨੀ ਜ਼ਹਿਰ ਭਰ ਦਿੱਤੀ ਹੈ ਕਿ ਮੁਸਲਮਾਨਾਂ ਦਾ ਜੀਵਨ ਨਰਕ ਬਣਾ ਦਿੱਤਾ ਹੈ, ਹੁਣ ਉਨ੍ਹਾਂ ਦੇ ਸਬਰ ਦਾ ਪੈਮਾਨਾ ਛਲਕ ਰਿਹਾ ਹੈ। ਜੇਕਰ ਹਾਲਾਤ ਅਜਿਹੇ ਹੀ ਰਹੇ ਤਾਂ ਹਾਲਾਤ ਬੇਕਾਬੂ ਹੋ ਜਾਣਗੇ।
ਮੈਂ ਇਸ ਲੇਖ ਰਾਹੀਂ ਦੇਸ਼ ਦੇ ਉਨ੍ਹਾਂ ਅਖੌਤੀ ਜ਼ਿੰਮੇਵਾਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਮੁਸਲਮਾਨਾਂ ਨੇ ਕਿਵੇਂ ਆਪਣਾ ਖ਼ੂਨ ਪਾਣੀ ਦੀ ਤਰ੍ਹਾਂ ਵਹਾਇਆ ਹੈ। ਹਰ 15 ਅਗਸਤ ਨੂੰ ਪੂਰਾ ਦੇਸ਼ ਆਜ਼ਾਦੀ ਦਿਵਸ ਮਨਾਉਂਦਾ ਹੈ। ਇਸ ਦਿਨ ਸਾਡੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਜਦੋਂ ਅੰਗਰੇਜ਼ ਨੇ 'ਫੁੱਟ ਪਾਓ ਅਤੇ ਰਾਜ ਕਰੋ' ਦੀ ਨੀਤੀ ਨਾਲ ਸਮੁੱਚੇ ਦੇਸ਼ 'ਤੇ ਕਬਜ਼ਾ ਕਰ ਰਹੇ ਸਨ ਉਸ ਸਮੇਂ 1757 'ਚ ਬੰਗਾਲ ਦੇ ਨਵਾਬ ਮੁਹੰਮਦ ਮਿਰਜ਼ਾ ਉਰਫ ਸਿਰਾਜੂਦੌਲਾ ਨੇ ਪਲਾਸੀ ਦਾ ਯੁੱਧ ਲੜਿਆ ਸੀ। ਜੋ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਸੀ, ਜਿਸ ਵਿਚ ਮੀਰ ਸਾਦਿਕ ਦੀ ਗੱਦਾਰੀ ਕਾਰਨ ਸਿਰਾਜੂਦੌਲਾ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਸ਼ੇਰੇ ਮੈਸੂਰ ਟੀਪੂ ਸੁਲਤਾਨ ਨੇ 1799 ਵਿਚ ਸ੍ਰੀਰੰਗਾਪਟਨਮ ਦੇ ਮੈਦਾਨ ਵਿਚ ਅੰਗਰੇਜ਼ਾਂ ਨੂੰ ਤਕੜੀ ਟੱਕਰ ਦਿੱਤੀ। ਉਸ ਸਮੇਂ ਯੂਰਪ ਅਤੇ ਅਮਰੀਕਾ ਵਰਗੇ ਤਕਨੀਕੀ ਰੂਪ ਤੋਂ ਉੱਨਤ ਦੇਸ਼ ਵੀ ਅਜਿਹੀਆਂ ਮਿਜ਼ਾਇਲਾਂ ਦਾ ਇਸਤੇਮਾਲ ਨਹੀਂ ਕਰਦੇ ਸਨ, ਜਿਨ੍ਹਾਂ ਦਾ ਟੀਪੂ ਸੁਲਤਾਨ ਨੇ ਕੀਤਾ, ਪਰੰਤੂ ਉੱਥੇ ਵੀ ਅੰਗਰੇਜ਼ਾਂ ਨੇ ਮੀਰ ਜ਼ਾਫਰ ਨੂੰ 200 ਮੁਰੱਬੇ ਸੋਨੇ ਦਾ ਲਾਲਚ ਦੇ ਕੇ 3 ਜੂਨ ਦੀ ਰਾਤ ਨੂੰ ਇਕ ਵਜੇ ਟੀਪੂ ਸੁਲਤਾਨ ਨੂੰ ਸ਼ਹੀਦ ਕਰਵਾ ਦਿੱਤਾ। 1803 'ਚ ਲਾਰਡ ਲੀਕੀਕੀ ਦੀ ਕਮਾਨ ਵਿਚ ਅੰਗਰੇਜ਼ ਦਿੱਲੀ ਵੱਲ ਵਧੇ। ਉਸ ਸਮੇਂ ਸ਼ਾਹ-ਏ-ਅਜ਼ੀਜ਼ ਦੇਹਲਵੀ ਨੇ ਅਜ਼ਾਦੀ ਦੀ ਲੜਾਈ ਲੜਨ ਦਾ ਫਤਵਾ ਦਿੱਤਾ ਅਤੇ ਪਹਿਲੀ ਵਾਰ ਆਜ਼ਾਦੀ ਦੇ ਬੀਜ ਬੀਜੇ। ਉਨ੍ਹਾਂ ਦੇ ਆਦੇਸ਼ ਨਾਲ ਸੱਯਦ ਅਹਿਮਦ ਅਤੇ ਸ਼ਾਹ ਇਸਮਾਈਲ ਸਜਵੰਤ ਰਾਵ ਹੋਲਕਰ ਦੀ ਸੈਨਾ ਵਿਚ ਸ਼ਾਮਲ ਹੋ ਗਏ ਅਤੇ ਸੱਤ ਸਾਲ ਤੱਕ ਅੰਗਰੇਜ਼ਾਂ ਦੇ ਖ਼ਿਲਾਫ਼ ਲੜਾਈ ਲੜੀ। ਪ੍ਰੰਤੂ ਜਸਵੰਤ ਰਾਏ ਨੇ ਵੀ ਅੰਗਰੇਜ਼ਾਂ ਨਾਲ ਸੰਧੀ ਕਰ ਲਈ।
1818 ਵਿਚ ਦੋਵਾਂ ਨੇ 200 ਸੈਨਿਕਾਂ ਦੀ ਆਪਣੀ ਸੈਨਾ ਬਣਾਈ ਅਤੇ ਲੜਾਈ ਲੜੀ । ਜਦੋਂ ਅੰਗਰੇਜ਼ਾਂ ਨੇ ਸਿੱਖ ਸੈਨਾ ਨੂੰ ਬਾਲਾਕੋਟ ਦੀ ਪਹਾੜੀ 'ਤੇ ਉਤਾਰਿਆ ਤਾਂ ਸੱਯਦ ਅਹਿਮਦ ਅਤੇ ਸ਼ਾਹ ਇਸਮਾਈਲ ਸ਼ਹੀਦ ਹੋ ਗਏ। ਫਿਰ 1857 ਵਿਚ ਜਿਵੇਂ ਖ਼ੂਨ ਨਦੀਆਂ ਵਹਾਈਆਂ ਜਾ ਰਹੀਆਂ ਹੋਣ। ਭਾਰਤ ਵਿਚ ਮੁਸਲਮਾਨਾਂ ਨੂੰ ਉਨ੍ਹਾਂ ਦੇ ਘਰਾਂ ਵਿਚੋਂ ਕੱਢ-ਕੱਢ ਕੇ ਸ਼ਹੀਦ ਕੀਤਾ ਗਿਆ। ਇਸ ਘਟਨਾ ਨੂੰ ਵਿਗਿਆਪਨ ਟੈਂਸ਼ਨ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ। ਜਦੋਂਕਿ ਮੇਵਾਰਾਮ ਗੁਪਤਾ ਨੇ ਲਿਖਿਆ ਹੈ ਕਿ 1857 ਦੀ ਅਸਫਲਤਾ ਦੇ ਬਾਅਦ ਅੰਗਰੇਜ਼ਾਂ ਨੇ ਪੰਜ ਲੱਖ ਮੁਸਲਮਾਨਾਂ ਨੂੰ ਸ਼ਹੀਦ ਕਰ ਦਿੱਤਾ, 'ਹਿੰਦੋਸਤਾਨ ਛੋੜੋ', ਰੇਸ਼ਮੀ ਰੁਮਾਲ' ਆਦਿ ਆਜ਼ਾਦੀ ਅੰਦੋਲਨ ਵੀ ਸ਼ਾਹ ਏ ਅਜੀਜ਼ ਦੇ ਫਤਵੇ ਦੇ ਬਾਅਦ ਹੀ ਸ਼ੁਰੂ ਹੋਏ। ਜਦੋਂ ਸ਼ੇਖ ਉਲ ਹਿੰਦ ਮੌਲਾਨਾ ਮਹਿਮੂਦ ਹਸਨ ਮਦਨੀ ਅੰਗਰੇਜ਼ਾਂ ਦੁਆਰਾ 3 ਸਾਲ 7 ਮਹੀਨੇ ਦੇ ਕਸ਼ਟ ਅਤੇ ਉਤਪੀੜਨ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਹੋਏ, ਤਾਂ ਉਹ ਜੂਨ 1920 ਨੂੰ ਮੁੰਬਈ ਆਏ। ਫਿਰ ਆਜ਼ਾਦੀ ਦੀ ਲੜਾਈ ਦਾ ਬੀੜਾ ਚੁੱਕਿਆ ਗਿਆ। ਉਨ੍ਹਾਂ ਮੋਹਨਦਾਸ ਕਰਮ ਚੰਦ ਗਾਂਧੀ ਨੂੰ ਜੋ ਉਨ੍ਹਾਂ ਦੀ ਵਕਾਲਤ ਕਰਨ ਆਏ ਸੀ, ਉਸ ਅੰਦੋਲਨ ਦਾ ਨੇਤਾ ਸਵੀਕਾਰ ਕੀਤਾ ਅਤੇ ਮੌਲਾਨਾ-ਏ-ਬਾਰੀ ਫਿਰੰਗੀ ਨੇ ਮੋਹਨਦਾਸ ਕਰਮਚੰਦ ਗਾਂਧੀ ਨੂੰ 'ਮਹਾਤਮਾ ਗਾਂਧੀ' ਦੀ ਉਪਾਧੀ ਦਿੱਤੀ। ਜਮੀਅਤ ਉਲਮਾ-ਏ-ਹਿੰਦ ਨੇ ਆਪਣੇ ਧਨ ਦੀ ਵਰਤੋਂ ਕਰਕੇ ਦੇਸ਼ ਭਰ ਵਿਚ ਮਹਾਤਮਾ ਗਾਂਧੀ ਨਾਲ ਸੁਤੰਤਰਤਾ ਦਾ ਪ੍ਰਚਾਰ ਕੀਤਾ ਉਦੋਂ ਤੋਂ ਹੀ ਉਨ੍ਹਾਂ ਨੂੰ ਗਾਂਧੀ ਟੋਪੀ ਨਾਲ ਜਾਣਿਆ ਜਾਂਦਾ ਹੈ। ਦੇਸ਼ ਦੀ ਆਜ਼ਾਦੀ ਮੁਸਲਮਾਨਾਂ ਦੇ ਪੁਰਖਿਆਂ ਦਾ ਵੀ ਵੱਡਾ ਯੋਗਦਾਨ ਹੈ। 'ਬ੍ਰਿਟਿਸ਼ ਸੈਨਾ ਵਿਚ ਭਰਤੀ ਹੋਣਾ ਹਰਾਮ ਹੈ'' ਦਾ ਫਤਵਾ ਦੇਣ ਵਾਲੇ ਮੌਲਾਨਾ ਸੱਯਦ ਹੁਸੈਨ ਅਹਿਮਦ ਮਦਨੀ, ਅੰਗਰੇਜ਼ਾਂ ਦੇ ਗੋਲੀ ਮਾਰੋ ਔਰ ਬੈਠ ਜਾਓ ਦੇ ਆਦੇਸ਼ ਦੇ ਬਾਵਜੂਦ ਕਰਾਚੀ ਦੇ ਖਿਲਾਫਤ ਸੰਮੇਲਨ ਵਿਚ ਨਿੱਡਰ ਹੋ ਕੇ ਸ਼ਾਮਿਲ ਹੋਏ, ਜਿੱਥੋਂ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਜੱਜ ਨੇ ਉਨ੍ਹਾਂ ਤੋਂ ਇਸ ਬਾਬਤ ਪੁੱਛਿਆ ਤਾਂ ਹੁਸੈਨ ਅਹਿਮਦ ਮਦਨੀ ਨੇ ਬ੍ਰਿਟਿਸ਼ ਅਦਾਲਤ ਵਿਚ ਦਹਾੜਦੇ ਹੋਏ ਕਿਹਾ ਕਿ ਮੈਨੇ ਉਦੋਂ ਵੀ ਫਤਵਾ ਦਿੱਤਾ ਸੀ, ਅੱਜ ਵੀ ਦੇ ਰਿਹਾ ਹਾਂ ਅਤੇ ਮਰਦੇ ਦਮ ਤੱਕ ਇਹੀ ਕਹੂੰਗਾ 'ਬ੍ਰਿਟਿਸ਼ ਸੈਨਾ ਵਿਚ ਭਰਤੀ ਹੋਣਾ ਹਰਾਮ ਹੈ'। ਇਹ ਤੱਥ ਦਸਦੇ ਹਨ ਕਿ ਮੁਸਲਮਾਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਨੂੰ ਜਿਸ ਤਰ੍ਹਾਂ ਅੱਜ ਦੇਸ਼ ਧਰੋਹੀ ਜਾਂ ਦੇਸ਼ ਵਿਰੋਧੀਆਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਇਹ ਦੇਸ਼ ਦੇ ਹਿੱਤ ਵਿਚ ਨਹੀਂ ਹੈ।

-ਐਮ.ਏ.ਜਰਨਲਿਜ਼ਮ
ਗਰੀਨ ਟਾਊਨ, ਕਿਲਾ ਰਹਿਮਤਗੜ੍ਹ
ਤਹਿਸੀਲ ਵਾ ਜ਼ਿਲਾ ਮਲੇਰਕੋਟਲਾ (ਪੰਜਾਬ)
ਸੰਪਰਕ: 9417969547

ਪਿਛਲੀ ਖ਼ਬਰ 08-11-25 ਅਗਲੀ ਖ਼ਬਰ ਉਦਯੋਗਿਕ ਧੰਦਿਆਂ ਦੇ ਵਿਕਾਸ ਦੀ ਸੁਸਤ ਰਫ਼ਤਾਰ ਲਈ ਜ਼ਿੰਮੇਵਾਰ ਕੌਣ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।