22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸਾਂਝੀ ਵਿਰਾਸਤ ਨੂੰ ਵੰਡਣ ਦੀ ਕੋਸ਼ਿਸ਼ ਨਾ ਕਰੋ

ਅਜੀਤ ਡੈਸਕ 08-11-2025

ਪਿਛਲੇ ਦਿਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਵਾਹਘੇ ਦੀ ਸਰਹੱਦ ਰਾਹੀਂ ਸਿੱਖ ਸ਼ਰਧਾਲੂਆਂ ਦਾ ਇਕ ਜਥਾ ਪਾਕਿਸਤਾਨ ਗਿਆ ਸੀ। ਜਥੇ ਦੇ ਪਾਕਿਸਤਾਨ ਵਿਚ ਦਾਖ਼ਲ ਹੋਣ ਸਮੇਂ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜੋ ਗੁਰੂ ਨਾਨਕ ਦੇਵ ਜੀ ਦੀ ਮਹਾਨ ਸਾਂਝੀ ਵਿਰਾਸਤ ਅਤੇ ਫ਼ਲਸਫ਼ੇ ਨੂੰ ਢਾਅ ਲਾਉਣ ਵਾਲੀਆਂ ਹਨ। ਹੋਇਆ ਇਹ ਹੈ ਕਿ ਵਾਹਘੇ ਦੀ ਸਰਹੱਦ 'ਤੇ ਪਾਕਿਸਤਾਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ 12 ਦੇ ਲਗਭਗ ਹਿੰਦੂ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ। ਇਨ੍ਹਾਂ ਵਿਚੋਂ ਕੁਝ ਸ਼ਰਧਾਲੂ ਤਾਂ ਪਾਕਿਸਤਾਨ ਦੀ ਇਮੀਗ੍ਰੇਸ਼ਨ ਕਲੀਅਰ ਕਰਵਾ ਕੇ ਬੱਸਾਂ ਵਿਚ ਬੈਠ ਚੁੱਕੇ ਸਨ। ਉਨ੍ਹਾਂ ਨੂੰ ਬੱਸਾਂ ਵਿਚੋਂ ਉਤਾਰ ਦਿੱਤਾ ਗਿਆ। ਇਨ੍ਹਾਂ ਵਿਚੋਂ ਕੁਝ ਹਿੰਦੂ ਪਰਿਵਾਰ ਅਜਿਹੇ ਵੀ ਸਨ, ਜੋ ਪਹਿਲਾਂ ਪਾਕਿਸਤਾਨ ਰਹਿੰਦੇ ਸਨ ਅਤੇ ਬਾਅਦ ਵਿਚ ਉਨ੍ਹਾਂ ਨੇ ਭਾਰਤ ਆ ਕੇ ਭਾਰਤ ਦੀ ਨਾਗਰਿਕਤਾ ਪ੍ਰਾਪਤ ਕਰ ਲਈ ਸੀ। ਉਹ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਪ੍ਰਤੀ ਸ਼ਰਧਾ ਅਤੇ ਸਨਮਾਨ ਰੱਖਦੇ ਸਨ, ਇਸੇ ਕਰਕੇ ਉਹ ਗੁਰਧਾਮਾਂ ਦੀ ਯਾਤਰਾ ਕਰਨ ਲਈ ਜਾਣਾ ਚਾਹੁੰਦੇ ਸਨ। ਪਾਕਿਸਤਾਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਹਿੰਦੂ ਹੋਣ ਕਰਕੇ ਇਸ ਯਾਤਰਾ ਵਿਚ ਸ਼ਾਮਿਲ ਨਹੀਂ ਹੋ ਸਕਦੇ!
ਪਾਕਿਸਤਾਨ ਦੇ ਅਧਿਕਾਰੀਆਂ ਦੇ ਇਸ ਰਵੱਈਏ ਨੇ ਨਾ ਕੇਵਲ ਭਾਰਤ ਅਤੇ ਪਾਕਿਸਤਾਨ ਅੰਦਰਲੇ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ, ਸਗੋਂ ਵਿਦੇਸ਼ਾਂ ਵਿਚ ਵੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਵਿਚ ਵਿਸ਼ਵਾਸ ਰੱਖਣ ਵਾਲੇ ਸ਼ਰਧਾਲੂਆਂ ਨੇ ਇਸ ਦਾ ਬੁਰਾ ਮਨਾਇਆ ਹੈ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੀ ਸਾਂਝੀ ਵਿਰਾਸਤ ਹੈ। ਸਿੱਖ ਜਥਿਆਂ ਨਾਲ ਪਾਕਿਸਤਾਨ ਜਾਣ ਦੇ ਇੱਛੁਕ ਹਿੰਦੂ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਰੋਕਣਾ ਉੱਚਿਤ ਨਹੀਂ ਹੈ।
ਸਾਡੀ ਵੀ ਇਸ ਸੰਬੰਧ ਵਿਚ ਇਹ ਬੜੀ ਸਪੱਸ਼ਟ ਧਾਰਨਾ ਹੈ ਕਿ ਸਿੱਖ ਗੁਰੂ ਸਾਹਿਬਾਨ, ਸੂਫ਼ੀ ਫ਼ਕੀਰਾਂ ਭਗਤੀ ਲਹਿਰ ਦੇ ਸੰਤ-ਮਹਾਂਪੁਰਸ਼ਾਂ ਸਮੇਤ ਬਹੁਤ ਸਾਰੇ ਹਿੰਦੂ ਤੇ ਬੋਧੀ ਧਾਰਮਿਕ ਸਥਾਨਾਂ ਦੀ ਵਿਰਾਸਤ ਜਿਹੜੀ ਕਿ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਤੱਕ ਫੈਲੀ ਹੋਈ ਹੈ, ਉਸ ਨੂੰ ਕਿਸੇ ਇਕ ਧਰਮ ਜਾਂ ਫਿਰਕੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਇਹ ਇਸ ਖਿੱਤੇ ਦੇ ਲੋਕਾਂ ਦੀ ਸਾਂਝੀ ਵਿਰਾਸਤ ਹੈ। ਬਿਨਾਂ ਸ਼ੱਕ ਦੇਸ਼ ਦੀ 78 ਸਾਲ ਪਹਿਲਾਂ ਹੋਈ ਵੰਡ ਨੇ ਲੋਕਾਂ ਲਈ ਇਨ੍ਹਾਂ ਧਾਰਮਿਕ ਸਥਾਨਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰਨੇ ਔਖੇ ਬਣਾ ਦਿੱਤੇ ਹਨ, ਪਰ ਜਦੋਂ ਵੀ ਲੋਕਾਂ ਨੂੰ ਮੌਕੇ ਮਿਲਦੇ ਹਨ, ਉਹ ਬੜੀ ਸ਼ਰਧਾ ਨਾਲ ਸਰਹੱਦਾਂ ਦੇ ਆਰ-ਪਾਰ ਜਾ ਕੇ ਆਪੋ-ਆਪਣੇ ਅਕੀਦੇ ਮੁਤਾਬਕ ਗੁਰੂ ਸਾਹਿਬਾਨ, ਸੂਫ਼ੀ ਫ਼ਕੀਰਾਂ, ਭਗਤੀ ਲਹਿਰ ਦੇ ਸੰਤ-ਮਹਾਂਪੁਰਸ਼ਾਂ ਅਤੇ ਹਿੰਦੂ ਤੇ ਬੋਧੀ ਧਾਰਮਿਕ ਸਥਾਨਾਂ 'ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਇਸੇ ਕਾਰਨ ਬਹੁਤ ਸਾਰੇ ਪਾਕਿਸਤਾਨੀ ਨਾਗਰਿਕ ਵੀ ਭਾਰਤ ਆਉਂਦੇ ਹਨ। ਸਰਕਾਰਾਂ ਨੂੰ ਆਪਣੀ ਸੌੜੀ ਰਾਜਨੀਤੀ ਤੇ ਸੌੜੀ ਸੋਚ ਕਾਰਨ ਲੋਕਾਂ ਨੂੰ ਸਰਹੱਦਾਂ ਦੇ ਆਰ-ਪਾਰ ਜਾਣ-ਆਉਣ ਤੋਂ ਰੋਕਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਸਗੋਂ ਅਜਿਹੀਆਂ ਯਾਤਰਾਵਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਨ੍ਹਾਂ ਯਾਤਰਾਵਾਂ ਨਾਲ ਲੋਕ ਇਕ-ਦੂਜੇ ਦੇ ਨੇੜੇ ਆਉਂਦੇ ਹਨ, ਇਕ-ਦੂਜੇ ਨੂੰ ਸਮਝਦੇ ਹਨ ਅਤੇ ਨਫ਼ਰਤਾਂ ਤੇ ਦੂਰੀਆਂ ਘਟਦੀਆਂ ਹਨ। ਦੱਖਣੀ ਏਸ਼ੀਆ ਦੇ ਇਸ ਪੂਰੇ ਖਿੱਤੇ ਵਿਚ ਜੇਕਰ ਅਮਨ-ਸ਼ਾਂਤੀ ਅਤੇ ਸਦਭਾਵਨਾ ਪੈਦਾ ਕਰਨੀ ਹੈ, ਤਾਂ ਲੋਕਾਂ ਦਾ ਸਰਹੱਦਾਂ ਦੇ ਆਰ-ਪਾਰ ਜਾਣਾ-ਆਉਣਾ ਬੇਹੱਦ ਜ਼ਰੂਰੀ ਹੈ।
ਆਸ ਕਰਦੇ ਹਾਂ ਕਿ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਦੇ ਹੁਕਮਰਾਨ ਸੌੜੀ ਰਾਜਨੀਤੀ ਅਤੇ ਸੌੜੀ ਸੋਚ ਤੋਂ ਉੱਪਰ ਉੱਠਣਗੇ ਅਤੇ ਲੋਕਾਂ ਨੂੰ ਸਰਹੱਦਾਂ ਦੇ ਆਰ-ਪਾਰ ਜਾਣ-ਆਉਣ ਦੇ ਮੌਕੇ ਮੁਹੱਈਆ ਕਰਨਗੇ।

ਪਿਛਲੀ ਖ਼ਬਰ ਉਦਯੋਗਿਕ ਧੰਦਿਆਂ ਦੇ ਵਿਕਾਸ ਦੀ ਸੁਸਤ ਰਫ਼ਤਾਰ ਲਈ ਜ਼ਿੰਮੇਵਾਰ ਕੌਣ? ਅਗਲੀ ਖ਼ਬਰ ਨਫ਼ਰਤ ਪ੍ਰੇਮ ਨਾਲ ਅਤੇ ਗ਼ਲਤਫਹਿਮੀ ਦੂਸਰੇ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਨਾਲ ਹੀ ਦੂਰ ਹੁੰਦੀ ਹੈ। ਮਹਾਤਮਾ ਬੁੱਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।