16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸਫ਼ਲ ਪੁਲਾੜ ਯਾਤਰਾ

ਅਜੀਤ ਡੈਸਕ 17-07-2025

ਵਿੰਗ ਕਮਾਂਡਰ ਸ਼ੁਭਾਂਸ਼ੂ ਸ਼ੁਕਲਾ ਅਮਰੀਕਾ ਦੇ ਫਲੋਰੀਡਾ ਤੋਂ ਪਿਛਲੇ ਮਹੀਨੇ 25 ਜੂਨ ਨੂੰ ਪੁਲਾੜ ਵਿਚ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਚੱਲੇ ਸਨ। ਉਨ੍ਹਾਂ ਦਾ ਉੱਥੇ ਠਹਿਰਾਓ ਮਹਿਜ਼ 18 ਦਿਨਾਂ ਦਾ ਸੀ ਪਰ ਇਹ ਦਿਨ ਭਾਰਤ ਲਈ ਬੜੇ ਇਤਿਹਾਸਕ ਸਨ। ਉਨ੍ਹਾਂ ਦੀ ਉੱਥੇ ਹਰ ਘੜੀ, ਹਰ ਪਲ ਦੀ ਸਰਗਰਮੀ ਨੂੰ ਦਿਲਚਸਪੀ ਨਾਲ ਦੇਖਿਆ ਜਾਂਦਾ ਰਿਹਾ ਸੀ। 'ਇਸਰੋ' ਵਲੋਂ ਹਦਾਇਤਾਂ ਅਨੁਸਾਰ ਉੱਥੇ ਉਨ੍ਹਾਂ ਨੇ ਕਈ ਤਰ੍ਹਾਂ ਦੇ ਤਜਰਬੇ ਕਰਨੇ ਸਨ, ਜਿਨ੍ਹਾਂ ਨਾਲ ਪੁਲਾੜ ਦੇ ਕਈ ਹੋਰ ਦਰ ਖੁੱਲ੍ਹਣੇ ਸਨ। ਇਨ੍ਹਾਂ ਤਜਰਬਿਆਂ ਵਿਚ ਮਨੁੱਖੀ ਸਿਹਤ ਅਤੇ ਬਨਸਪਤੀ ਦੇ ਪੁਲਾੜ ਵਿਚ ਵਿਕਾਸ ਸੰਬੰਧੀ ਵੀ ਕਈ ਖੋਜਾਂ ਸ਼ਾਮਿਲ ਸਨ। ਚਾਹੇ ਅੱਜ ਵੀ ਪੁਲਾੜ ਦੇ ਖੇਤਰ ਵਿਚ ਭਾਰਤ, ਅਮਰੀਕਾ, ਰੂਸ ਅਤੇ ਚੀਨ ਤੋਂ ਕਿਤੇ ਪਿੱਛੇ ਦਿਖਾਈ ਦਿੰਦਾ ਹੈ ਪਰ ਇਸ ਦੇ ਇਸ ਖੇਤਰ ਵਿਚ ਤਜਰਬੇ ਅਤੇ ਖੋਜਾਂ ਬੇਹੱਦ ਉਪਯੋਗੀ ਮੰਨੀਆਂ ਗਈਆਂ ਹਨ।
ਜੇਕਰ ਪੁਲਾੜ ਰਾਹੀਂ ਧਰਤੀ 'ਤੇ ਆਏ ਡਿਜੀਟਲ ਇਨਕਲਾਬ ਦੀ ਗੱਲ ਕਰੀਏ ਤਾਂ ਇਸ ਵਿਚ ਭਾਰਤ ਦਾ ਵੀ ਵੱਡਾ ਯੋਗਦਾਨ ਹੈ, ਜਿਸ ਤੇਜ਼ੀ ਨਾਲ ਇਹ ਆਪਣੇ ਮਿੱਥੇ ਪ੍ਰੋਗਰਾਮ 'ਤੇ ਅੱਗੇ ਵਧ ਰਿਹਾ ਹੈ, ਉਹ ਬੇਹੱਦ ਉਤਸ਼ਾਹਜਨਕ ਅਤੇ ਉਪਯੋਗੀ ਰਿਹਾ ਹੈ। 'ਇਸਰੋ' ਸਾਲ 2027 ਤੱਕ ਆਪਣਾ ਗਗਨਯਾਨ ਮਿਸ਼ਨ ਆਰੰਭ ਕਰੇਗਾ। ਸ਼ੁਭਾਂਸ਼ੂ ਸ਼ੁਕਲਾ ਦੀ ਇਸ ਉਡਾਣ ਨੂੰ ਉਸੇ ਦਿਸ਼ਾ ਵੱਲ ਚੁੱਕਿਆ ਗਿਆ ਇਕ ਮਹੱਤਵਪੂਰਨ ਕਦਮ ਕਿਹਾ ਜਾ ਸਕਦਾ ਹੈ। ਗੱਲ 41 ਸਾਲ ਪਹਿਲਾਂ ਦੀ ਹੈ, ਉਦੋਂ ਰਾਕੇਸ਼ ਸ਼ਰਮਾ ਨੂੰ ਸੋਵੀਅਤ ਯੂਨੀਅਨ ਦੇ ਮਿਸ਼ਨ ਤਹਿਤ ਪੁਲਾੜ ਵਿਚ ਭੇਜਿਆ ਗਿਆ ਸੀ। ਏਨੇ ਅਰਸੇ ਬਾਅਦ ਕੈਪਟਨ ਸ਼ੁਕਲਾ ਇਸ ਰਸਤੇ 'ਤੇ ਚੱਲ ਕੇ ਸਫ਼ਲ ਹੋਏ ਹਨ। ਐਕਸਿਓਮ-4 ਮਿਸ਼ਨ ਤਹਿਤ ਸਪੇਸਐਕਸ ਕੰਪਨੀ ਦਾ ਡ੍ਰੈਗਨ ਗ੍ਰੇਸ ਪੁਲਾੜ ਯਾਨ 4 ਸਹਿਯਾਤਰੀਆਂ ਨੂੰ ਲੈ ਕੇ ਗਿਆ ਸੀ। ਇਸ ਵਿਚ ਕਮਾਂਡਰ ਪੈਗੀ ਵਿਹਟਸਨ, ਪੋਲੈਂਡ ਦੇ ਸਲਾਵੋਜ਼ ਵਿਸਨੀਵਸਕੀ ਅਤੇ ਹੰਗਰੀ ਦੇ ਟਿਬੋਰ ਕਾਪੂ ਆਦਿ ਸ਼ਾਮਿਲ ਸਨ, ਜਿਨ੍ਹਾਂ ਨੇ ਕੌਮਾਂਤਰੀ ਪੁਲਾੜ ਸਟੇਸ਼ਨ 'ਤੇ ਪੁੱਜ ਕੇ ਆਪੋ-ਆਪਣੇ ਮੁਲਕਾਂ ਵਲੋਂ ਮਿੱਥੇ ਪ੍ਰੋਗਰਾਮਾਂ ਅਨੁਸਾਰ ਤਜਰਬੇ ਕੀਤੇ ਹਨ। ਭਾਰਤੀ ਪੁਲਾੜ ਸੰਸਥਾ 'ਇਸਰੋ' ਨੇ ਇਸ ਮਿਸ਼ਨ ਲਈ 550 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਸ਼ੁਭਾਂਸ਼ੂ ਨੇ ਆਪਣੇ ਦੇਸ਼ ਲਈ ਕੀਤੇ ਇਨ੍ਹਾਂ ਤਜਰਬਿਆਂ ਵਿਚ ਕੈਂਸਰ ਅਤੇ ਨਿਊਰੋ ਰੋਗਾਂ ਦੇ ਇਲਾਜ ਨਾਲ ਸੰਬੰਧਿਤ ਖੋਜ ਵੀ ਕੀਤੀ। ਪੁਲਾੜ ਵਿਚ ਮਨੁੱਖੀ ਮਾਸਪੇਸ਼ੀਆਂ ਦੀ ਕਿਵੇਂ ਸੁਰੱਖਿਆ ਕੀਤੀ ਜਾ ਸਕਦੀ ਹੈ, ਇਸ ਦਾ ਅਧਿਐਨ ਕੀਤਾ। ਪ੍ਰੋਟੀਨ ਕ੍ਰਿਸਟੇਲਾਈਜ਼ੇਸ਼ਨ ਵਿਧੀ ਰਾਹੀਂ ਦਵਾਈਆਂ ਦੇ ਵਿਕਾਸ ਦੀ ਜਾਣਕਾਰੀ ਹਾਸਿਲ ਕਰਨ ਦਾ ਯਤਨ ਕੀਤਾ। ਇਹ ਵੀ ਕਿ ਪੁਲਾੜ ਵਿਚ ਮਨੁੱਖੀ ਧੜਕਣ, ਤਾਪਮਾਨ ਅਤੇ ਲਹੂ ਦੇ ਦਬਾਅ ਨੂੰ ਕਿਵੇਂ ਸੰਤੁਲਿਤ ਰੱਖਿਆ ਜਾ ਸਕੇਗਾ, ਬਾਰੇ ਵੀ ਖੋਜ ਕੀਤੀ ਅਤੇ ਪੁਲਾੜ ਵਿਚ ਦਿਮਾਗ਼ ਦੀਆਂ ਤਰੰਗਾਂ ਅਤੇ ਨੀਂਦ ਚੱਕਰ 'ਤੇ ਪੈਣ ਵਾਲੇ ਪ੍ਰਭਾਵਾਂ ਦਾ ਵੀ ਅਧਿਐਨ ਕੀਤਾ ਗਿਆ।
ਬਿਨਾਂ ਸ਼ੱਕ ਪੁਲਾੜ ਵਿਚ ਮਨੁੱਖੀ ਉਡਾਣ ਦੇ ਭਾਰਤ ਦੇ ਅਗਲੇ ਨਿਸ਼ਾਨਿਆਂ ਦੀ ਦਿਸ਼ਾ ਵਿਚ ਇਹ ਇਕ ਮੀਲ ਪੱਥਰ ਹੈ। ਸ਼ੁਭਾਂਸ਼ੂ ਨੂੰ ਹਾਲੇ ਕੁਝ ਦਿਨ ਹੋਰ ਅਮਰੀਕਾ ਵਿਚ ਰਹਿਣਾ ਪਵੇਗਾ। ਉਹ 17 ਅਗਸਤ ਤੱਕ ਹੀ ਭਾਰਤ ਪੁੱਜ ਸਕਣਗੇ। ਬਿਨਾਂ ਸ਼ੱਕ ਭਾਰਤ ਦੀ ਪੁਲਾੜ ਖੋਜ ਵਿਚ ਇਸ ਯਾਤਰਾ ਨੂੰ ਇਕ ਅਹਿਮ ਕੜੀ ਮੰਨਿਆ ਜਾਵੇਗਾ। 'ਇਸਰੋ' ਦੇ ਇਸ ਦਿਸ਼ਾ ਵਿਚ ਉਠਾਏ ਜਾਣ ਵਾਲੇ ਅਗਲੇ ਕਦਮ ਇਸ ਕੜੀ ਨਾਲ ਜੁੜ ਕੇ ਮਹੱਤਵਪੂਰਨ ਸਾਬਿਤ ਹੋਣਗੇ। ਅਸੀਂ ਦੇਸ਼ਵਾਸੀਆਂ ਨੂੰ ਇਸ ਵੱਡੀ ਪ੍ਰਾਪਤੀ 'ਤੇ ਵਧਾਈ ਦਿੰਦੇ ਹਾਂ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਬਦਲ ਰਹੀ ਹੈ ਭਾਰਤ ਦੀ ਵਿਦੇਸ਼ ਨੀਤੀ ਦੀ ਦਿਸ਼ਾ ਅਗਲੀ ਖ਼ਬਰ ਨੇਕ ਨੀਤੀ 'ਤੇ ਚਲਦੇ ਹੋਏ ਆਪਣਾ ਪੱਥ ਜਾਰੀ ਰੱਖੋ, ਤੁਹਾਡੀ ਜਿੱਤ ਯਕੀਨੀ ਹੋਵੇਗੀ। -ਮੀਮਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।