ਜ਼ਿੰਦਗੀ 'ਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਪ੍ਰਸਥਿਤੀਆਂ ਮੌਕਾ, ਸਮਾਂ ਤੇ ਸਥਾਨ ਆਪ ਹੀ ਪੈਦਾ ਕਰ ਦਿੰਦੀਆਂ ਹਨ, ਜਿਸ ਦੀ ਮਿਸਾਲ 114 ਸਾਲਾਂ ਦੇ ਮੈਰਾਥਨ ਦੌੜਾਕ ਫ਼ੌਜਾ ਸਿੰਘ ਦੀਆਂ ਪ੍ਰਾਪਤੀਆਂ ਤੋਂ ਮਿਲਦੀ ਹੈ। ਜ਼ਿਕਰਯੋਗ ਹੈ ਕਿ ਲੰਘੇ ਦਿਨ (14 ਜੁਲਾਈ) ਨੂੰ ਜਦ ਉਹ ਜਲੰਧਰ ਜ਼ਿਲ੍ਹੇ ਦੇ ਪਿੰਡ ਬਿਆਸ ਵਿਖੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਸੈਰ ਕਰ ਰਹੇ ਸਨ ਤਾਂ ਇਕ ਕਾਰ ਉਨ੍ਹਾਂ ਨੂੰ ਟੱਕਰ ਮਾਰ ਗਈ ਸੀ ਤੇ ਜ਼ਖ਼ਮੀ ਹਾਲਤ 'ਚ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਹ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ। ਦੁਨੀਆ ਭਰ ਵਿਚ ਉਨ੍ਹਾਂ ਦੇ ਪ੍ਰਸੰਸਕਾਂ ਨੂੰ ਉਨ੍ਹਾਂ ਦੇ ਦਿਹਾਂਤ 'ਤੇ ਗਹਿਰਾ ਦੁੱਖ ਹੋਇਆ ਹੈ। ਇਸ ਲੇਖ ਰਾਹੀਂ ਅਸੀਂ ਉਨ੍ਹਾਂ ਦੇ ਜੀਵਨ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਕੁਝ ਜਾਣਕਾਰੀ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।
ਸ. ਫ਼ੌਜਾ ਸਿੰਘ ਦਾ ਜਨਮ 1 ਅਪ੍ਰੈਲ 1911 ਨੂੰ ਜ਼ਿਲ੍ਹਾ ਜਲੰਧਰ ਸ਼ਹਿਰ ਦੇ ਪਿੰਡ ਬਿਆਸ ਵਿਖੇ ਹੋਇਆ ਸੀ। ਸ਼ੁਰੂ 'ਚ ਕੁਝ ਸਮੱਸਿਆ ਹੋਣ ਕਰਕੇ ਉਹ ਹਮੇਸ਼ਾ ਡੰਡੇ ਦੇ ਸਹਾਰੇ ਨਾਲ ਤੁਰਦੇ ਸਨ। ਫਿਰ ਬਹੁਤ ਹੌਲੀ-ਹੌਲੀ ਉਨ੍ਹਾਂ ਦੇ ਚੱਲਣ ਦੀ ਪ੍ਰਕਿਰਿਆ ਸ਼ੁਰੂ ਹੋਈ। ਖੇਤੀਬਾੜੀ ਕਿੱਤਾ ਹੋਣ ਕਰਕੇ ਉਹ ਪਿਤਾ ਨਾਲ ਖੇਤਾਂ 'ਚ ਜਾਇਆ ਕਰਦੇ ਸਨ ਤੇ ਇਕ ਦਿਨ ਖੇਤ 'ਚ ਖੇਡਦੇ ਹੋਏ ਅਚਾਨਕ ਦੌੜਨ ਲੱਗੇ। ਪੜ੍ਹਾਈ 'ਚ ਦਿਲਚਸਪੀ ਨਾ ਹੋਣ ਕਾਰਨ ਉਹ ਪੜ੍ਹ ਨਾ ਸਕੇ। ਖੇਤਾਂ 'ਚ ਕੰਮ ਕਰਦੇ-ਕਰਦੇ ਉਨ੍ਹਾਂ ਦੇ ਪੈਰਾਂ 'ਚ ਜਾਨ ਆਉਂਦੀ ਗਈ। ਉਨ੍ਹਾਂ ਦਾ ਵਿਆਹ ਗਿਆਨ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ 3 ਲੜਕੇ ਤੇ 3 ਲੜਕੀਆਂ ਨੇ ਜਨਮ ਲਿਆ, ਜਿਨ੍ਹਾਂ 'ਚੋਂ 4 ਬੱਚੇ ਇੰਗਲੈਂਡ ਰਹਿੰਦੇ ਹਨ ਤੇ ਛੋਟਾ ਬੇਟਾ ਕੁਲਦੀਪ ਸਿੰਘ ਪੰਜਾਬ ਹੀ ਰਹਿੰਦਾ ਸੀ। ਸਾਲ 1992 'ਚ ਫ਼ੌਜਾ ਸਿੰਘ ਦੀ ਪਤਨੀ ਦਾ ਦਿਹਾਂਤ ਹੋ ਗਿਆ, ਅਗਲੇ ਸਾਲ ਹੀ ਬੇਟੇ ਕੁਲਦੀਪ ਸਿੰਘ ਦੀ ਹਾਦਸੇ 'ਚ ਮੌਤ ਹੋ ਗਈ ਤੇ ਉਸੇ ਸਾਲ ਹੀ ਉਨ੍ਹਾਂ ਦੀ ਬੇਟੀ ਦੀ ਵੀ ਮੌਤ ਹੋ ਗਈ, ਜਿਸ ਕਾਰਨ ਉਹ ਅੰਦਰ ਤੱਕ ਟੁੱਟ ਗਏ।
ਲੰਡਨ ਰਹਿ ਰਹੇ ਬੱਚੇ ਉਨ੍ਹਾਂ ਨੂੰ ਆਪਣੇ ਕੋਲ ਲੈ ਗਏ, ਜਿੱਥੇ ਇਕ ਦਿਨ ਟੀ.ਵੀ. ਦੇਖਦਿਆਂ ਉਨ੍ਹਾਂ ਨੂੰ ਲੰਡਨ ਮੈਰਾਥਨ ਦਾ ਪਤਾ ਲੱਗਾ। ਉਨ੍ਹਾਂ ਨੇ ਵੀ ਮੈਰਾਥਨ 'ਚ ਹਿੱਸਾ ਲੈਣ ਬਾਰੇ ਸੋਚਿਆ ਤੇ ਲੰਡਨ ਵਿਖੇ ਰਹਿ ਰਹੇ ਕੋਚ ਹਰਮਿੰਦਰ ਸਿੰਘ ਤੋਂ ਪੂਰੀ ਜਾਣਕਾਰੀ ਲਈ। ਮੈਰਾਥਨ 'ਚ ਦੋ ਮਹੀਨੇ ਦਾ ਸਮਾਂ ਬਾਕੀ ਸੀ ਤੇ ਫ਼ੌਜਾ ਸਿੰਘ ਨੇ ਦਿਨ-ਰਾਤ ਇਕ ਕਰ ਦਿੱਤਾ। 89 ਸਾਲ ਦੀ ਉਮਰ 'ਚ ਉਨ੍ਹਾਂ ਨੇ ਪਹਿਲੀ ਮੈਰਾਥਨ 'ਚ ਹਿੱਸਾ ਲਿਆ, ਜਿਸ ਨੂੰ 6 ਘੰਟੇ 54 ਮਿੰਟ 'ਚ ਉਨ੍ਹਾਂ ਨੇ ਪੂਰਾ ਕੀਤਾ। ਮੈਰਾਥਨ ਤੋਂ ਬਾਅਦ ਇੰਟਰਵਿਊ 'ਚ ਲੰਮਾ ਸਮਾਂ ਭੱਜਣ ਬਾਰੇ ਉਨ੍ਹਾਂ ਦੱਸਿਆ ਕਿ ਪਹਿਲੇ 20 ਮੀਲ ਤਾਂ ਸੌਖੇ ਲੱਗੇ, ਪਰ ਬਾਕੀ ਛੇ ਮੀਲ ਰੱਬ ਨਾਲ ਗੱਲਾਂ ਕਰਦਿਆ ਪੂਰੇ ਕਰ ਲਏ। 2001 ਲੰਡਨ 'ਚ ਇਕ ਹੋਰ ਮੈਰਾਥਨ ਹੋਈ, ਜਿਸ ਦੌਰਾਨ ਫ਼ੌਜਾ ਸਿੰਘ ਨੇ 6 ਘੰਟੇ 55 ਮਿੰਟ ਦੌੜ ਕੇ 90 ਸਾਲ ਤੋਂ ਵੱਧ ਉਮਰ ਵਾਲੇ ਮੈਰਾਥਨ ਅਥਲੀਟ ਦਾ ਰਿਕਾਰਡ ਜਿਸ ਦਾ ਸਮਾਂ 7 ਘੰਟੇ 52 ਮਿੰਟ ਸੀ, ਜਿਸ ਨੂੰ ਪਿਛਲੇ 25 ਸਾਲਾਂ ਤੋਂ ਕੋਈ ਨਹੀਂ ਤੋੜ ਸਕਿਆ ਸੀ, ਨੂੰ ਤੋੜ ਕੇ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ। ਅਗਲੇ ਸਾਲ ਉਨ੍ਹਾਂ ਤਿੰਨ ਹੋਰ ਮੈਰਾਥਨ ਦੌੜੀਆਂ। 2000 ਤੋਂ 2011 ਵਿਚ ਫ਼ੌਜਾ ਸਿੰਘ ਨੇ ਕਈ ਮੈਰਾਥਨ ਦੌੜਾਂ 'ਚ ਹਿੱਸਾ ਲਿਆ। ਟੋਰਾਂਟੋ ਵਿਖੇ 2003 ਵਿਚ ਉਨ੍ਹਾਂ ਨੇ 6 ਘੰਟੇ 40 ਮਿੰਟ 'ਚ ਮੈਰਾਥਨ ਦੌੜ੍ਹ ਪੂਰੀ ਕੀਤੀ। ਸਾਲ 2011 'ਚ ਇਕ ਹੋਰ ਮੈਰਾਥਨ 'ਚ ਹਿੱਸਾ ਲਿਆ, ਪਰ ਇਸ ਵਾਰ ਉਨ੍ਹਾਂ ਨੂੰ 8 ਘੰਟੇ ਦਾ ਸਮਾਂ ਲੱਗਾ, ਕਿਉਂਕਿ ਉਹ 100 ਸਾਲ ਦੇ ਹੋ ਚੁੱਕੇ ਸਨ। 100 ਸਾਲ ਪੂਰੇ ਹੋਣ ਦੀ ਖ਼ੁਸ਼ੀ 'ਚ ਸ. ਫ਼ੌਜਾ ਸਿੰਘ ਨੂੰ ਮਹਾਰਾਣੀ ਐਲਿਜ਼ਾਬੈੱਥ ਨੇ ਚਿੱਠੀ ਰਾਹੀਂ ਮੁਬਾਰਕਬਾਦ ਵੀ ਦਿੱਤੀ। ਹੁਣ ਤੱਕ ਉਨ੍ਹਾਂ ਨੇ 200, 400, 800, 3000, 5000 ਮੀਟਰ ਦੀਆਂ ਦੌੜਾਂ ਲਗਾਈਆਂ ਹਨ। 2012 ਦੀਆਂ ਲੰਡਨ ਉਲੰਪਿਕ ਖੇਡਾਂ 'ਚ ਉਹ ਉਲੰਪਿਕ ਮਸ਼ਾਲ ਲੈ ਕੇ ਵੀ ਦੌੜਦੇ ਨਜ਼ਰ ਆਏ ਸਨ ਤੇ ਵਿਸ਼ਵ ਭਰ ਦੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਬਣੇ ਸਨ। 2011 'ਚ ਉਨ੍ਹਾਂ ਨੂੰ 'ਭਾਰਤ ਦਾ ਗੌਰਵ' ਖ਼ਿਤਾਬ ਦਿੱਤਾ ਗਿਆ। 2015 'ਚ 'ਬ੍ਰਿਟਿਸ਼ ਅੰਪਾਇਰ ਮੈਡਲ' ਨਾਲ ਨਿਵਾਜਿਆ ਗਿਆ।
ਸ. ਫ਼ੌਜਾ ਸਿੰਘ ਨੂੰ 'ਪਗੜੀ ਵਾਲਾ ਤੂਫਾਨ' ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। 2016 'ਚ ਭਾਰਤ ਦੀ ਸਭ ਤੋਂ ਵੱਡੀ ਮੈਰਾਥਨ ਮੁੰਬਈ ਜਿਸ 'ਚ ਉੱਚ ਕੋਟੀ ਦੇ ਅੰਤਰਰਾਸ਼ਟਰੀ ਅਥਲੀਟ ਹਿੱਸਾ ਲੈਣ ਪਹੁੰਚਦੇ ਹਨ, ਦੇ ਉਦਘਾਟਨ ਮੌਕੇ ਉਹ ਖਿਡਾਰੀਆਂ 'ਚ ਆਤਮਵਿਸ਼ਵਾਸ ਭਰਦੇ ਨਜ਼ਰ ਆਏ। ਉਨ੍ਹਾਂ ਨੂੰ '104 ਸਾਲਾ ਮੈਰਾਥਨ ਅਥਲੀਟ' ਹੋਣ ਦਾ ਖ਼ਿਤਾਬ ਵੀ ਮਿਲ ਚੁੱਕਾ ਹੈ। 2013 'ਚ ਮੈਰਾਥਨ ਸੀਨੀਅਰ ਸਿਟੀਜਨ ਕੈਟਾਗਰੀ 'ਚ ਹਿੱਸਾ ਲੈ ਕੇ ਹੁਣ ਤੱਕ ਉਹ ਕਈ ਵਿਸ਼ਵ ਰਿਕਾਰਡ ਬਣਾ ਚੁੱਕੇ ਹਨ। ਉਨ੍ਹਾਂ ਦੇ ਜੀਵਨ 'ਚ ਮੈਰਾਥਨ ਦੌੜ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਲੰਡਨ ਵਿਚ ਸਾਲ 2003 'ਚ 42 ਕਿੱਲੋਮੀਟਰ ਦੌੜ 6 ਘੰਟਿਆਂ 'ਚ ਪੂਰੀ ਕਰਨ ਦਾ ਹੈ। ਮਹਾਨ ਸ਼ਖ਼ਸੀਅਤ ਫ਼ੌਜਾ ਸਿੰਘ ਨੂੰ ਕਈ ਸੰਸਥਾਵਾਂ ਨੇ ਸਨਮਾਨਿਤ ਕਰ ਚੁੱਕੀਆਂ ਸਨ। ਸ. ਫ਼ੌਜਾ ਸਿੰਘ ਆਪਣੀ ਜ਼ਿੰਦਗੀ ਦੇ ਤਜਰਬਿਆਂ ਬਾਰੇ ਦੱਸਦੇ ਸਨ, ਕਿ ਜਲਦੀ ਸੌਣਾ, ਚੰਗੀ ਸੋਚ, ਘੱਟ ਖਾਣਾ ਤੇ ਉਤਸ਼ਾਹ ਨਾਲ ਜ਼ਿੰਦਗੀ ਜਿਉਣਾ ਵੀ ਇਕ ਮੈਰਾਥਨ ਦੌੜ ਵਰਗਾ ਹੈ, ਜਿਸ ਲਈ ਅੰਤ ਤੱਕ ਚਲਦੇ ਰਹਿਣ ਦੀ ਲੋੜ ਪੈਂਦੀ ਹੈ ਅਤੇ ਜਿੱਤਦਾ ਉਹੀ ਇਨਸਾਨ ਹੈ, ਜੋ ਅੰਤ ਤੱਕ ਦੌੜਦਾ ਰਹਿੰਦਾ ਹੈ।
ਬਿਨਾਂ ਸ਼ੱਕ ਜ਼ਿੰਦਗੀ ਦੀ ਮੈਰਾਥਨ ਦੌੜ ਉਹ 114 ਸਾਲ ਦੀ ਉਮਰ ਵਿਚ ਅਖੀਰ ਤੱਕ ਦੌੜਦੇ ਰਹੇ ਹਨ ਤੇ ਚਲਦੇ ਹੋਏ ਹੀ ਇਕ ਦੁਖਦਾਈ ਹਾਦਸੇ ਵਿਚ ਉਹ ਸਾਥੋਂ ਵਿਦਾ ਹੋਏ ਹਨ। ਉਨ੍ਹਾਂ ਦੇ ਸੜਕ 'ਤੇ ਸੈਰ ਕਰਦਿਆਂ ਹਾਦਸੇ ਦਾ ਸ਼ਿਕਾਰ ਹੋਣਾ ਇਹ ਸੁਆਲ ਵੀ ਖੜ੍ਹਾ ਕਰਦਾ ਹੈ ਕਿ ਭਾਰਤ ਤੇ ਖ਼ਾਸ ਕਰਕੇ ਪੰਜਾਬ ਵਿਚ ਸੜਕਾਂ 'ਤੇ ਜ਼ਿੰਦਗੀ ਸੁਰੱਖਿਅਤ ਨਹੀਂ ਹੈ। ਖਿਡਾਰੀ ਜਗਤ ਲਈ ਇਕ ਵੱਖਰੀ ਮਿਸਾਲ ਕਾਇਮ ਕਰਨ ਵਾਲੇ ਮੈਰਾਥਨ ਦੌੜਾਕ ਸ. ਫ਼ੌਜਾ ਸਿੰਘ ਦਾ ਨਾਂਅ ਵਿਸ਼ਵ ਭਰ 'ਚ ਧਰੂ ਤਾਰੇ ਵਾਂਗ ਹਮੇਸ਼ਾ ਚਮਕਦਾ ਰਹੇਗਾ।
-ਡੀ.ਪੀ.ਈ., ਜ਼ਿਲ੍ਹਾ ਗੁਰਦਾਸਪੁਰ।
ਮੋਬਾਈਲ : 959260644