26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

1158 ਦੀ ਨੌਕਰੀ ਸੁਰੱਖਿਅਤ ਕਿਵੇਂ ਰੱਖੇਗੀ ਪੰਜਾਬ ਸਰਕਾਰ?

ਅਜੀਤ ਡੈਸਕ 16-07-2025

ਬੀਤੇ ਦਿਨ 14 ਜੁਲਾਈ ਨੂੰ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਸੁਪਰੀਮ ਕੋਰਟ ਵਲੋਂ ਰੱਦ ਕਰ ਦਿੱਤੀ ਗਈ। ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਹਾਈ ਕੋਰਟ ਦੇ ਸਿੰਗਲ ਬੈਂਚ ਤੋਂ ਹਾਰਨ ਉਪਰੰਤ ਡਬਲ ਬੈਂਚ ਸਾਹਮਣੇ ਇਹ ਕੇਸ ਆਉਣ 'ਤੇ ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਇਨ੍ਹਾਂ ਨਿਯੁਕਤੀਆਂ ਨੂੰ ਜਾਇਜ਼ ਕਰਾਰ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਨ੍ਹਾਂ ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਕਾਲਜਾਂ 'ਚ ਹਾਜ਼ਰ ਕਰਵਾ ਦਿੱਤਾ ਸੀ।
ਬਿਨਾਂ ਸ਼ੱਕ ਪਿਛਲੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪਰਗਟ ਸਿੰਘ ਉੱਚ ਸਿੱਖਿਆ ਮੰਤਰੀ ਤੇ ਉਸ ਵੇਲੇ ਦੇ ਉੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐਸ. ਦੀ ਅਗਵਾਈ ਹੇਠ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਲਾਂਭੇ ਕਰਕੇ ਕਾਹਲੀ ਵਿਚ ਤੋੜ ਚੜ੍ਹਾਏ ਗਏ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਦੇ ਕੰਮ ਪਿੱਛੇ ਕਿਸੇ ਰਾਜਸੀ ਧਿਰ ਦਾ ਕੋਈ ਉੱਚ ਸਿੱਖਿਆ ਦਾ ਫਿਕਰ ਕਰਨਾ ਸ਼ਾਇਦ ਉਦੇਸ਼ ਨਹੀਂ ਸੀ, ਸਗੋਂ ਉਸ ਸਮੇਂ ਦੀ ਸਰਕਾਰ ਜਾਂਦੇ-ਜਾਂਦੇ ਇਹ ਰਾਜਸੀ ਲਾਹਾ ਲੈਣਾ ਚਾਹੁੰਦੀ ਸੀ ਕਿ ਉਹ ਦੱਸ ਸਕੇ ਕਿ ਉਸ ਨੂੰ ਉੱਚ ਸਿੱਖਿਆ ਦਾ ਕਿੰਨਾ ਫਿਕਰ ਹੈ। ਬੇਹੱਦ ਕਾਹਲ 'ਚ ਸੰਪੂਰਨ ਹੋਏ ਇਸ ਸਾਰੇ ਕਾਰਜ ਦਾ ਖ਼ਮਿਆਜ਼ਾ ਉੱਚ ਸਿੱਖਿਆ ਪ੍ਰਾਪਤ ਉਮੀਦਵਾਰਾਂ ਨੂੰ ਝੱਲਣਾ ਪੈ ਰਿਹਾ ਹੈ। ਬਿਨਾਂ ਸ਼ੱਕ ਅਦਾਲਤੀ ਕੇਸ ਕਰਨ ਵਾਲੀ ਧਿਰ ਖ਼ੁਦ ਨੂੰ ਜੇਤੂ ਸਮਝ ਰਹੀ ਹੋਵੇਗੀ, ਪ੍ਰੰਤੂ ਇਹ ਸਮੁੱਚੀ ਸਰਕਾਰੀ ਸਿੱਖਿਆ ਪ੍ਰਣਾਲੀ ਦੀ ਹਾਰ ਹੈ, ਜਿਸ ਦਾ ਉਹ ਵੀ ਹਿੱਸਾ ਹਨ।
ਬੇਅੰਤ ਸਿੰਘ ਦੀ ਸਰਕਾਰ ਨੇ ਕੀ ਕੀਤਾ ਸੀ?
ਯਾਦ ਰਹੇ, ਫਰਵਰੀ 1992 'ਚ ਬਣੀ ਕਾਂਗਰਸ ਦੀ ਬੇਅੰਤ ਸਿੰਘ ਸਰਕਾਰ ਵਲੋਂ ਪੰਜਾਬ ਸਕੂਲ ਸਿੱਖਿਆ ਕੇਡਰ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜੁਲਾਈ 1992 ਵਿਚ ਦਿੱਤਾ ਗਿਆ, ਜਿਸ 'ਚ 2461 ਲੈਕਚਰਾਰ ਤੇ ਮਾਸਟਰ ਕਾਡਰ ਦੀਆਂ ਅਸਾਮੀਆਂ ਲਈ ਬਿਨੈ ਪੱਤਰ ਮੰਗੇ ਗਏ ਸਨ। ਇੰਟਰਵਿਊਜ਼ ਹੋਈਆਂ ਅਤੇ ਜਨਵਰੀ 1994 'ਚ ਨਿਯੁਕਤੀ ਪੱਤਰਾਂ ਦੀ ਵੰਡ ਸ਼ੁਰੂ ਹੋਈ। ਤਕਰੀਬਨ ਫਰਵਰੀ 1994 ਤੋਂ ਵੱਖ-ਵੱਖ ਅਸਾਮੀਆਂ ਲਈ ਸਕੂਲਾਂ 'ਚ ਚੁਣੇ ਉਮੀਦਵਾਰ ਹਾਜ਼ਰ ਕਰਵਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਕਈ ਮਹੀਨੇ ਚਲਦਾ ਰਿਹਾ। ਜਿਵੇਂ ਕਿ ਅਕਸਰ ਹੁੰਦਾ ਹੈ ਕਿ ਜਿਹੜੇ ਉਮੀਦਵਾਰ ਚੋਣ ਪ੍ਰਕਿਰਿਆ 'ਚੋਂ ਰਹਿ ਜਾਂਦੇ ਹਨ, ਉਹ ਹਾਈ ਕੋਰਟ ਵੱਲ ਦਾ ਰੁਖ਼ ਕਰਦੇ ਹਨ, ਅਜਿਹਾ ਹੀ ਹੋਇਆ। ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨਾਂ ਦਾਇਰ ਹੋਈਆਂ ਤੇ ਉਨ੍ਹਾਂ ਪਟੀਸ਼ਨਾਂ ਦੀ ਬਹਿਸ ਵਿਚ ਹਾਈ ਕੋਰਟ ਵਲੋਂ ਸਾਰੀ ਭਰਤੀ ਪ੍ਰਕਿਰਿਆ ਜਾਇਜ਼ ਪਾਈ ਗਈ, ਪਰ ਪਟੀਸ਼ਨਕਰਤਾਵਾਂ ਦੇ ਵਕੀਲਾਂ ਨੇ ਇਸ ਮੁੱਦੇ 'ਤੇ ਜ਼ੋਰ ਦਿੱਤਾ ਕਿ ਪੰਜਾਬ ਸਰਕਾਰ ਨੇ 2461 ਦਾ ਇਸ਼ਤਿਹਾਰ ਦੇ ਕੇ ਮੈਰਿਟ ਸੂਚੀਆਂ 'ਚੋਂ 10 ਹਜ਼ਾਰ ਤੋਂ ਵੱਧ ਉਮੀਦਵਾਰ ਭਰਤੀ ਕਰ ਲਏ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਕਿ ਇਸ਼ਤਿਹਾਰ ਵਿਚ ਦਰਸਾਏ 2461 ਦੀ ਗਿਣਤੀ ਮੁਤਾਬਕ ਚੁਣੇ ਉਮੀਦਵਾਰਾਂ ਤੋਂ ਇਲਾਵਾ ਬਾਕੀ ਦੇ ਸਾਰੇ ਉਮੀਦਵਾਰਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਜਾਵੇ। ਪੰਜਾਬ ਸਰਕਾਰ ਵਲੋਂ 2461 ਚੁਣੇ ਉਮੀਦਵਾਰਾਂ ਦੀ ਸੂਚੀ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕਰਵਾਈ ਗਈ ਅਤੇ ਦਸੰਬਰ 1994 'ਚ ਇਕ ਸ਼ਡਿਊਲ ਬਣਾ ਕੇ ਕੋਰਟ ਦੇ ਹੁਕਮਾਂ ਮੁਤਾਬਕ ਬਰਖ਼ਾਸਤ ਕੀਤੇ ਜਾਣ ਵਾਲੇ ਉਮੀਦਵਾਰਾਂ ਨੂੰ ਚੰਡੀਗੜ੍ਹ ਮੁੱਖ ਦਫ਼ਤਰ ਬੁਲਾਇਆ ਗਿਆ ਅਤੇ ਉਨ੍ਹਾਂ ਦੇ ਰੈਗੂਲਰ ਆਰਡਰ ਸਰੰਡਰ ਕਰਾ ਕੇ ਉਨ੍ਹਾਂ ਨੂੰ ਪੂਰੀ ਤਨਖ਼ਾਹ ਸਹਿਤ 89 ਦਿਨਾਂ ਦੇ ਆਧਾਰ 'ਤੇ 'ਸਟਾਪ ਗੈਪ ਅਰੇਂਜਮੈਂਟ' ਅਧੀਨ ਮੁੜ ਨਿਯੁਕਤੀ ਪੱਤਰ ਦੇ ਦਿੱਤੇ ਗਏ।
ਅਗਲਾ ਕਦਮ ਇਹ ਪੁੱਟਿਆ ਗਿਆ ਕਿ ਬੇਅੰਤ ਸਿੰਘ ਸਰਕਾਰ ਨੇ ਤੁਰੰਤ ਵੱਖ-ਵੱਖ ਸਕੂਲ ਕੇਡਰ ਦੀਆਂ ਅਸਾਮੀਆਂ ਦੇ ਨਵੇਂ ਸਿਰੇ ਤੋਂ ਇਸ਼ਤਿਹਾਰ ਦੇਣੇ ਸ਼ੁਰੂ ਕਰ ਦਿੱਤੇ ਅਤੇ ਜਿਨ੍ਹਾਂ ਅਧੀਨ ਹੋਈਆਂ ਇੰਟਰਵਿਊਜ਼ ਦੌਰਾਨ ਬਹੁਤੇ 89 ਦਿਨਾਂ 'ਤੇ ਕੰਮ ਕਰਦੇ ਅਤੇ ਕੁਝ ਨਵੇਂ ਨਿਯੁਕਤ ਹੋਏ ਅਧਿਆਪਕ ਵੱਖ-ਵੱਖ ਅਸਾਮੀਆਂ 'ਤੇ ਰੈਗੂਲਰ ਤੌਰ 'ਤੇ ਜੁਆਇਨ ਕਰਵਾਉਣੇ ਸ਼ੁਰੂ ਕਰ ਦਿੱਤੇ ਅਤੇ ਇਹ ਸਿਲਸਿਲਾ ਤਕਰੀਬਨ 1996 ਦੇ ਅਖ਼ੀਰ ਤੱਕ ਚੱਲਿਆ। 89 ਦਿਨਾਂ ਵਾਲੇ ਬਹੁਤੇ ਅਧਿਆਪਕ ਨਵੀਆਂ ਪੋਸਟਾਂ ਤਹਿਤ ਚੁਣ ਕੇ ਰੈਗੂਲਰ ਹਾਜ਼ਰ ਹੋ ਗਏ ਅਤੇ ਕਾਫ਼ੀ ਅਧਿਆਪਕ ਅਜਿਹੇ ਰਹਿ ਗਏ, ਜਿਹੜੇ ਨਵੀਆਂ ਨਿਯੁਕਤੀਆਂ 'ਚ ਰੈਗੂਲਰ ਨਹੀਂ ਆ ਸਕੇ, ਪਰ ਉਸ ਵੇਲੇ ਦੀ ਸਰਕਾਰ ਨੇ ਉਨ੍ਹਾਂ ਨੂੰ 89 ਦਿਨਾਂ 'ਤੇ ਨੌਕਰੀ ਕਰਨ ਦਾ ਮੌਕਾ ਦੇਣਾ ਜਾਰੀ ਰੱਖਿਆ ਅਤੇ ਨਵੰਬਰ 1999 ਵਿਚ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਦਾ ਰਾਜ ਸੀ ਤਾਂ ਇਨ੍ਹਾਂ ਅਧਿਆਪਕਾਂ ਦੇ ਸਿਦਕ ਦੀ ਕਦਰ ਕਰਦਿਆਂ ਸਰਕਾਰ ਨੇ ਵਿਧਾਨ ਸਭਾ 'ਚ ਇਕ ਆਰਡੀਨੈਂਸ ਪਾਸ ਕਰਕੇ 1994 ਤੋਂ ਕੰਮ ਕਰਦੇ ਆ ਰਹੇ ਇਨ੍ਹਾਂ 89 ਦਿਨਾਂ ਵਾਲੇ ਅਧਿਆਪਕ, ਜੋ ਦੁਬਾਰਾ ਰੈਗੂਲਰ ਨਹੀਂ ਹੋ ਸਕੇ ਸੀ, ਨੂੰ ਰੈਗੂਲਰ ਕਰ ਦਿੱਤਾ। ਕਹਿਣ ਤੋਂ ਭਾਵ ਇਹ ਹੈ ਕਿ ਉਸ ਵੇਲੇ ਦੀ ਪੰਜਾਬ ਸਰਕਾਰ ਨੇ ਨਿਯੁਕਤੀ ਪ੍ਰਕਿਰਿਆ ਦੀ ਆਪਣੀ ਗ਼ਲਤੀ ਨੂੰ ਸਵੀਕਾਰ ਕਰਦੇ ਹੋਏ ਅਧਿਆਪਕਾਂ ਦਾ ਨੁਕਸਾਨ ਨਹੀਂ ਸੀ ਹੋਣ ਦਿੱਤਾ।
ਉਸੇ ਤਰਜ਼ 'ਤੇ ਮੌਜੂਦਾ ਪੰਜਾਬ ਸਰਕਾਰ ਵੀ ਪੀੜਤ ਅਧਿਆਪਕਾਂ ਦੇ ਹੱਕ ਵਿਚ ਜੇਕਰ ਖੜ੍ਹਨਾ ਚਾਹੇ ਤਾਂ ਖੜ੍ਹ ਸਕਦੀ ਹੈ। ਪੀੜਤ ਅਧਿਆਪਕਾਂ ਨੂੰ ਪੰਜਾਬ ਸਰਕਾਰ 'ਤੇ ਦਬਾਅ ਬਣਾਉਣਾ ਚਾਹੀਦਾ ਹੈ ਤਾਂ ਕਿ ਉਹ ਨੌਕਰੀ ਤੋਂ ਬਾਹਰ ਨਾ ਜਾ ਸਕਣ। ਉਮੀਦ ਹੈ ਕਿ ਇਹ ਅਧਿਆਪਕ ਆਪਣੇ ਮਿਸ਼ਨ ਵਿਚ ਕਾਮਯਾਬ ਹੋਣਗੇ। ਉਪਰੋਕਤ ਤਰਜ਼ 'ਤੇ ਜਾਂ ਜਿਸ ਤਰੀਕੇ ਵੀ ਇਨ੍ਹਾਂ ਅਧਿਆਪਕਾਂ ਦੀ ਨੌਕਰੀ ਬਚਾਈ ਜਾ ਸਕੇ, ਪੰਜਾਬ ਸਰਕਾਰ ਨੂੰ ਬਚਾਉਣੀ ਚਾਹੀਦੀ ਹੈ। ਪੀੜਤ ਅਧਿਆਪਕਾਂ ਨੂੰ ਸੁਪਰੀਮ ਕੋਰਟ ਵਿਚ ਬਚਦਾ ਰਾਹ ਅਖ਼ਤਿਆਰ ਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਨਾਲ ਰਾਬਤਾ ਰੱਖ ਕੇ ਆਪਣਾ ਕੇਸ ਪੇਸ਼ ਕਰਨਾ ਚਾਹੀਦਾ ਹੈ।

-ਮੁਖੀ ਪੰਜਾਬੀ ਵਿਭਾਗ,
ਯੂਨੀਵਰਸਿਟੀ ਕਾਲਜ, ਜੈਤੋਂ (ਫ਼ਰੀਦਕੋਟ)।
ਮੋਬਾਈਲ : 9501766644

ਪਿਛਲੀ ਖ਼ਬਰ ਜ਼ਿੰਦਗੀ ਦੀ ਮੈਰਾਥਨ ਅਖ਼ੀਰ ਤੱਕ ਦੌੜਦੇ ਹੋਏ ਚਲੇ ਗਏ ਫ਼ੌਜਾ ਸਿੰਘ ਅਗਲੀ ਖ਼ਬਰ ਕਿਸਾਨ ਦੀ ਪਹੁੰਚ ਤੋਂ ਕਿਉਂ ਦੂਰ ਹੁੰਦੀ ਜਾ ਰਹੀ ਹੈ ਜ਼ਮੀਨ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।