26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਚੋਣ ਕਮਿਸ਼ਨ ਲਈ ਵੱਡੀ ਚੁਣੌਤੀ

ਅਜੀਤ ਡੈਸਕ 16-07-2025

ਬਿਹਾਰ ਚੋਣਾਂ ਵਿਚ ਮਹਿਜ਼ 4 ਕੁ ਮਹੀਨੇ ਦਾ ਸਮਾਂ ਹੀ ਬਚਿਆ ਹੈ। ਭਾਰਤੀ ਚੋਣ ਕਮਿਸ਼ਨ ਵਲੋਂ ਇੱਥੇ ਵੋਟਰ ਸੂਚੀਆਂ ਦਾ ਵਿਸ਼ੇਸ਼ ਡੂੰਘਾ ਪੁਨਰ-ਨਿਰੀਖਣ ਕਰਨ ਦੇ ਐਲਾਨ ਤੋਂ ਬਾਅਦ ਰਾਜ ਵਿਚ ਹੀ ਨਹੀਂ, ਸਗੋਂ ਪੂਰੇ ਦੇਸ਼ ਵਿਚ ਇਕ ਤਰ੍ਹਾਂ ਨਾਲ ਬਵਾਲ ਮਚਿਆ ਨਜ਼ਰ ਆਉਂਦਾ ਹੈ। ਜਿੱਥੋਂ ਤੱਕ ਸੂਚੀਆਂ ਦੀ ਸੁਧਾਈ ਜਾਂ ਪੁਨਰ-ਨਿਰੀਖਣ ਦੀ ਗੱਲ ਹੈ, ਪਿਛਲੇ ਸਮਿਆਂ ਵਿਚ ਇਸ ਸੰਬੰਧੀ ਲੰਮੀ ਅਤੇ ਵਿਸ਼ਾਲ ਕਵਾਇਦ ਚਲਦੀ ਰਹੀ ਹੈ। ਸਾਲ 1952, 1961, 1983, 1992, 2002 ਅਤੇ 2004 ਵਿਚ ਵੱਖ-ਵੱਖ ਸੂਬਿਆਂ ਵਿਚ ਅਜਿਹੀ ਸੁਧਾਈ ਹੁੰਦੀ ਰਹੀ ਹੈ। ਬਿਹਾਰ ਵਿਚ ਵੋਟਰ ਲਿਸਟਾਂ ਦੀ ਅਜਿਹੀ ਸੁਧਾਈ 2003 ਵਿਚ ਹੋਈ ਸੀ। ਬਾਅਦ ਵਿਚ ਇਸ ਅਭਿਆਸ ਨੂੰ ਇਕ ਲੰਮਾ ਵਕਫ਼ਾ ਜ਼ਰੂਰ ਪੈ ਗਿਆ ਹੈ। ਪਰ ਹੁਣ ਬਿਹਾਰ ਚੋਣਾਂ ਦੇ ਮਾਮਲੇ ਵਿਚ 'ਵਿਹੜੇ ਆਈ ਜੰਝ ਤੇ ਵਿੰਨ੍ਹੋ ਕੁੜੀ ਦੇ ਕੰਨ' ਵਰਗੀ ਗੱਲ ਹੀ ਕੀਤੀ ਜਾ ਰਹੀ ਜਾਪਦੀ ਹੈ। ਬਿਹਾਰ ਵਿਚ 7 ਕਰੋੜ ਤੋਂ ਵਧੇਰੇ ਵੋਟਰ ਹਨ। ਉਨ੍ਹਾਂ ਵਿਚੋਂ ਹਾਲੇ ਤੱਕ ਵੀ ਵੱਡੀ ਗਿਣਤੀ ਵਿਚ ਅਜਿਹੇ ਲੋਕ ਹਨ, ਜਿਨ੍ਹਾਂ ਕੋਲ ਆਪਣੀ ਸ਼ਨਾਖ਼ਤ ਸੰਬੰਧੀ ਕੋਈ ਬਹੁਤੇ ਤੱਥ ਮੌਜੂਦ ਨਹੀਂ ਹਨ। ਗੁਰਬਤ ਅਤੇ ਅਨਪੜ੍ਹਤਾ ਦੀ ਜ਼ਿੰਦਗੀ ਗੁਜ਼ਾਰ ਰਹੇ ਲੋਕਾਂ ਲਈ ਅਜਿਹੇ ਤੱਥਾਂ ਦਾ ਕੋਈ ਬਹੁਤਾ ਮਹੱਤਵ ਨਹੀਂ ਹੁੰਦਾ, ਭਾਵੇਂ ਕਿ ਹੁਣ ਹੌਲੀ-ਹੌਲੀ ਅਜਿਹੇ ਲੋਕਾਂ ਦੀ ਸ਼ਨਾਖ਼ਤ ਨਿਸਚਿਤ ਕਰਕੇ ਅਤੇ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਂਦਾ ਜਾ ਰਿਹਾ ਹੈ। ਵੋਟਰਾਂ ਦੀ ਸ਼ਨਾਖ਼ਤ ਤੈਅ ਕਰਨ ਲਈ ਜਿਹੜਾ ਪ੍ਰਮਾਣ ਪੱਤਰ ਚੋਣ ਕਮਿਸ਼ਨ ਵਲੋਂ ਭਰਵਾਇਆ ਜਾਣਾ ਹੈ, ਉਸ ਨਾਲ ਲਾਉਣ ਲਈ 11 ਦਸਤਾਵੇਜ਼ਾਂ ਦੀ ਲੋੜ ਹੈ। ਅਜਿਹੇ ਵੇਰਵੇ ਥੋੜ੍ਹੇ ਸਮੇਂ ਵਿਚ ਆਮ ਲੋਕਾਂ ਵਲੋਂ ਉਪਲਬਧ ਕਰਾਉਣੇ ਮੁਸ਼ਕਿਲ ਨਹੀਂ, ਸਗੋਂ ਅਸੰਭਵ ਜਾਪਦੇ ਹਨ।
ਸਿਆਸਤ ਵਿਚ ਅਜਿਹਾ ਭੁਚਾਲ ਇਸ ਲਈ ਵੀ ਆਇਆ ਹੈ, ਕਿਉਂਕਿ ਬਹੁਤੀਆਂ ਵਿਰੋਧੀ ਪਾਰਟੀਆਂ ਇਸ ਵਿਚ ਚੋਣ ਕਮਿਸ਼ਨ ਨਾਲ ਭਾਜਪਾ ਦੀ ਮਿਲੀਭੁਗਤ ਦਾ ਸ਼ੱਕ ਕਰਨ ਲੱਗੀਆਂ ਹਨ ਅਤੇ ਕੁਝ ਆਗੂ ਸ਼ਰੇਆਮ ਅਜਿਹੇ ਦੋਸ਼ ਲਗਾ ਰਹੇ ਹਨ। ਆਪਣੀ ਨਾਗਰਿਕਤਾ ਸਿੱਧ ਕਰਨ ਲਈ ਜੇਕਰ ਲੋਕਾਂ ਕੋਲ ਸੰਬੰਧਿਤ ਦਸਤਾਵੇਜ਼ ਨਹੀਂ ਹੋਣਗੇ ਤਾਂ ਉਨ੍ਹਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਵੀ ਕੀਤਾ ਜਾ ਸਕਦਾ ਹੈ। ਇਨ੍ਹਾਂ 11 ਦਸਤਾਵੇਜ਼ਾਂ ਵਿਚ ਜਨਮ ਮਿਤੀ ਅਤੇ ਰਿਹਾਇਸ਼ ਦਾ ਲਿਖਿਆ ਹੋਣਾ ਵੀ ਜ਼ਰੂਰੀ ਹੈ। ਇਸ ਦੇ ਵਿਰੋਧ ਵਿਚ ਕਈ ਸਿਆਸੀ ਪਾਰਟੀਆਂ ਨੇ ਜਲਸੇ-ਜਲੂਸ ਵੀ ਕੱਢੇ ਅਤੇ ਰਾਸ਼ਟਰੀ ਜਨਤਾ ਦਲ, ਤ੍ਰਿਣਮੂਲ ਕਾਂਗਰਸ, ਨੈਸ਼ਨਲਿਸਟ ਕਾਂਗਰਸ ਪਾਰਟੀ, ਖੱਬੇ ਪੱਖੀ ਪਾਰਟੀਆਂ ਅਤੇ ਸ਼ਿਵ ਸੈਨਾ (ਬਾਲ ਠਾਕਰੇ) ਨੇ ਇਸ ਮੁੱਦੇ ਨੂੰ ਲੈ ਕੇ ਸਰਬਉੱਚ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ। ਸੁਪਰੀਮ ਕੋਰਟ ਨੇ ਇਨ੍ਹਾਂ ਪਟੀਸ਼ਨਾਂ ਦੇ ਸੰਦਰਭ ਵਿਚ ਚੋਣ ਕਮਿਸ਼ਨ ਨੂੰ ਆਪਣਾ ਪੁਨਰ ਨਿਰੀਖਣ ਦਾ ਕੰਮ ਜਾਰੀ ਰੱਖਣ ਦੀ ਹਦਾਇਤ ਤਾਂ ਕਰ ਦਿੱਤੀ ਹੈ, ਪਰ ਹੋਰ ਦਸਤਾਵੇਜ਼ਾਂ ਦੇ ਨਾਲ ਉਸ ਨੂੰ ਵੋਟਰਾਂ ਦੀ ਸ਼ਨਾਖ਼ਤ ਤੈਅ ਕਰਨ ਲਈ ਆਧਾਰ ਕਾਰਡ, ਵੋਟਰ ਪਛਾਣ ਪੱਤਰ ਅਤੇ ਰਾਸ਼ਨ ਕਾਰਡ ਆਦਿ ਨੂੰ ਵੀ ਸ਼ਾਮਿਲ ਕਰਨ ਦੀ ਹਦਾਇਤ ਦਿੱਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਅਦਾਲਤ ਵਲੋਂ 28 ਜੁਲਾਈ ਨੂੰ ਰੱਖੀ ਗਈ ਹੈ, ਪਰ ਇਹ ਸਵਾਲ ਉੱਠਣਾ ਕੁਦਰਤੀ ਹੈ ਕਿ, ਕੀ 4 ਮਹੀਨਿਆਂ ਦੇ ਥੋੜ੍ਹੇ ਅਰਸੇ ਵਿਚ ਚੋਣ ਕਮਿਸ਼ਨ ਵੋਟਰਾਂ ਦੀ ਸ਼ਨਾਖ਼ਤ ਦਾ ਅਮਲ ਸੰਤੁਸ਼ਟੀਜਨਕ ਢੰਗ ਨਾਲ ਸਿਰੇ ਚਾੜ੍ਹ ਸਕੇਗਾ?
ਸੰਵਿਧਾਨ ਦੀ ਧਾਰਾ 326 ਅਨੁਸਾਰ ਦੇਸ਼ ਦੇ ਉਨ੍ਹਾਂ ਸਾਰੇ ਵਿਅਕਤੀਆਂ ਨੂੰ ਵੋਟ ਦੇਣ ਦਾ ਅਧਿਕਾਰ ਹੈ, ਜੋ ਭਾਰਤ ਦੇ ਨਾਗਰਿਕ ਹੋਣ ਅਤੇ ਉਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਉੱਪਰ ਹੋਵੇ। ਇਸ ਲਈ ਕੁਝ ਸ਼ਰਤਾਂ ਇਹ ਵੀ ਹਨ ਕਿ ਜੇਕਰ ਕੋਈ ਵਿਅਕਤੀ ਭਾਰਤੀ ਨਾਗਰਿਕ ਨਹੀਂ ਹੈ, ਮਾਨਸਿਕ ਰੂਪ ਵਿਚ ਠੀਕ ਨਹੀਂ ਹੈ ਜਾਂ ਅਪਰਾਧਿਕ ਪਿਛੋਕੜ ਕਰਕੇ ਅਯੋਗ ਕਰਾਰ ਦਿੱਤਾ ਗਿਆ ਹੈ ਤਾਂ ਉਹ ਵੋਟ ਨਹੀਂ ਪਾ ਸਕਦਾ। ਬਿਨਾਂ ਸ਼ੱਕ ਚੋਣ ਕਮਿਸ਼ਨ ਲਈ ਏਨੀ ਵੱਡੀ ਗਿਣਤੀ ਵਿਚ ਵੋਟਰਾਂ ਦੀ ਸ਼ਨਾਖ਼ਤ ਦਾ ਕੰਮ ਪਾਰਦਰਸ਼ੀ ਢੰਗ ਨਾਲ ਇੰਨੇ ਥੋੜ੍ਹੇ ਸਮੇਂ ਵਿਚ ਸਿਰੇ ਚਾੜ੍ਹਨਾ ਬੇਹੱਦ ਮੁਸ਼ਕਿਲ ਜਾਪਦਾ ਹੈ। ਅੱਜ ਭਾਰਤ ਵਿਚ ਆਧਾਰ ਕਾਰਡ ਇਕ ਅਜਿਹਾ ਪਛਾਣ ਪੱਤਰ ਬਣ ਚੁੱਕਾ ਹੈ, ਜਿਸ ਨੂੰ ਹਰ ਖੇਤਰ ਵਿਚ ਠੀਕ ਮੰਨਿਆ ਜਾਂਦਾ ਹੈ। ਸਰਕਾਰ ਵਲੋਂ ਕਰੋੜਾਂ ਲਾਭਪਾਤਰੀਆਂ ਨੂੰ ਬੈਂਕਾਂ ਰਾਹੀਂ ਵੱਖ-ਵੱਖ ਸਕੀਮਾਂ ਅਧੀਨ ਪੈਸੇ ਭੇਜਣ ਲਈ ਵੀ ਆਧਾਰ ਕਾਰਡ ਨੂੰ ਹੀ ਮੰਨਿਆ ਜਾਂਦਾ ਹੈ। ਇਸ ਦੇ ਨਾਲ-ਨਾਲ ਵੋਟਰਾਂ ਦੇ ਪਛਾਣ ਪੱਤਰ ਵੀ ਅੱਜ ਦੇਸ਼ ਦੇ ਬਹੁਗਿਣਤੀ ਸ਼ਹਿਰੀਆਂ ਕੋਲ ਉਪਲਬਧ ਹਨ, ਪਰ ਇਸ ਦੇ ਨਾਲ ਹੀ ਰਾਸ਼ਨ ਕਾਰਡ ਜਾਂ ਹੁਣ ਪੇਂਡੂ ਖੇਤਰਾਂ ਵਿਚ ਮਨਰੇਗਾ ਪਛਾਣ ਕਾਰਡ ਵੀ ਸ਼ਨਾਖ਼ਤ ਦਾ ਆਧਾਰ ਮੰਨੇ ਜਾਣ ਲੱਗੇ ਹਨ। ਚੋਣ ਕਮਿਸ਼ਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਬਿਹਾਰ ਤੋਂ ਬਾਅਦ ਦੇਸ਼ ਦੇ ਦੂਸਰੇ ਰਾਜਾਂ ਅਤੇ ਖਿੱਤਿਆਂ ਵਿਚ ਵੀ ਬਿਹਾਰ ਦੀ ਤਰ੍ਹਾਂ ਹੀ ਵੋਟਰ ਲਿਸਟਾਂ ਦਾ ਵਿਸ਼ੇਸ਼ 'ਡੂੰਘਾ ਪੁਨਰ-ਨਿਰੀਖਣ' ਸਿਰੇ ਚੜ੍ਹਾਇਆ ਜਾਵੇਗਾ, ਪਰ ਸਾਡਾ ਮੰਨਣਾ ਹੈ ਕਿ ਅਜਿਹੇ ਸਰਵੇਖਣ ਵਿਚ ਪਾਰਦਰਸ਼ਤਾ ਹੋਣੀ ਜ਼ਰੂਰੀ ਹੈ।
ਚੋਣ ਕਮਿਸ਼ਨ ਦੇ ਐਲਾਨ ਅਨੁਸਾਰ ਅੱਜ ਵੱਡੀ ਗਿਣਤੀ ਵਿਚ ਨਿਪਾਲ, ਬੰਗਲਾਦੇਸ਼ ਅਤੇ ਮਿਆਂਮਾਰ ਦੇ ਲੋਕ ਭਾਰਤ ਵਿਚ ਆ ਵਸੇ ਹਨ, ਜਿਨ੍ਹਾਂ ਦਾ ਚੋਣ ਪ੍ਰਬੰਧ ਵਿਚੋਂ ਨਿਖੇੜਾ ਕੀਤਾ ਜਾਣਾ ਜ਼ਰੂਰੀ ਹੈ। ਅਜਿਹਾ ਹੋਣਾ ਵੀ ਚਾਹੀਦਾ ਹੈ, ਪਰ ਇਹ ਕੰਮ ਸਿਆਸੀ ਪਾਰਟੀਆਂ ਤੇ ਆਮ ਲੋਕਾਂ ਨੂੰ ਵਿਸ਼ਵਾਸ ਵਿਚ ਲੈ ਕੇ ਲੋੜੀਂਦਾ ਸਮਾਂ ਲਗਾ ਕੇ ਪੂਰੀ ਪਾਰਦਰਸ਼ਿਤਾ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਇਸ ਕੰਮ ਸੰਬੰਧੀ ਅਨੇਕਾਂ ਹੀ ਕਿੰਤੂ-ਪਰੰਤੂ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਅਜਿਹੀ ਸਥਿਤੀ ਚੋਣ ਕਮਿਸ਼ਨ ਲਈ ਵੱਡੀ ਸਿਰਦਰਦੀ ਬਣ ਸਕਦੀ ਹੈ। ਇਸ ਲਈ ਉਸ ਨੂੰ ਆਪਣੀਆਂ ਇਨ੍ਹਾਂ ਸਰਗਰਮੀਆਂ ਵਿਚ ਸੰਤੁਲਨ ਅਤੇ ਵਿਸ਼ਵਾਸਯੋਗਤਾ ਲਿਆਉਣ ਲਈ ਵੱਡੇ ਯਤਨ ਕਰਨੇ ਪੈਣਗੇ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਕਿਸਾਨ ਦੀ ਪਹੁੰਚ ਤੋਂ ਕਿਉਂ ਦੂਰ ਹੁੰਦੀ ਜਾ ਰਹੀ ਹੈ ਜ਼ਮੀਨ? ਅਗਲੀ ਖ਼ਬਰ ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।