28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸ਼ੁਭਾਂਸ਼ੂ ਸ਼ੁਕਲਾ ਦੇ ਪ੍ਰਯੋਗਾਂ ਨੇ ਜਗਾਈ ਇਸਰੋ ਦੇ ਮਿਸ਼ਨਾਂ ਦੀ ਉਮੀਦ

ਅਜੀਤ ਡੈਸਕ 20-07-2025

ਕਰੀਬ 20 ਦਿਨ ਅਤੇ 3 ਘੰਟੇ ਪੁਲਾੜ ਵਿਚ ਵੱਖ ਵੱਖ ਪ੍ਰਯੋਗ ਕਰਨ ਤੋਂ ਬਾਅਦ ਅਤੇ ਧਰਤੀ ਦੇ 322 ਵਾਰ ਚੱਕਰ ਲਗਾਉਣ ਤੋਂ ਬਾਅਦ ਭਾਰਤ ਦੇ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਆਪਣੇ ਤਿੰਨ ਹੋਰ ਸਾਥੀਆਂ ਨਾਲ ਧਰਤੀ ਊੱਤੇ 15 ਜੁਲਾਈ, 2025 ਨੂੰ ਸੁਰੱਖਿਅਤ ਵਾਪਸ ਪਰਤ ਆਏ। ਇਹ ਸਾਰੇ ਪੁਲਾੜ ਯਾਤਰੀ ਸਪੇਸ ਐਕਸ ਦੇ ਪੁਲਾੜਯਾਨ ਡਰੈਗਨ ਦੇ ਜ਼ਰੀਏ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸਮੁੰਦਰੀ ਤੱਟ 'ਤੇ ਉੱਤਰੇ ਸਨ। ਇਸ ਦੇ ਨਾਲ ਹੀ ਐਕਸਿਓਮ ਮਿਸ਼ਨ 4 ਦਾ ਮਿਸ਼ਨ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਇਹ ਮਿਸ਼ਨ 25 ਜੂਨ, 2025 ਨੂੰ ਅਮਰੀਕਾ ਦੇ ਫਲੋਰਿਡਾ ਵਿਖੇ ਸਥਿਤ ਕੈਨੇਡੀ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ ਅਤੇ ਇਸ ਨੇ ਕੌਮਾਂਤਰੀ ਪੁਲਾੜ ਸਟੇਸ਼ਨ (9SS) ਨਾਲ 26 ਤਰੀਕ ਨੂੰ ਡਾਕ ਕਰ ਲਿਆ ਸੀ ਭਾਵ ਉਸ ਨਾਲ ਜੁੜ ਗਿਆ ਸੀ। ਇਸ ਮਿਸ਼ਨ ਵਿਚ ਉਨ੍ਹਾਂ ਨਾਲ ਮਿਸ਼ਨ ਕਮਾਂਡਰ ਅਮਰੀਕਾ ਦੇ ਪੈਗੀ ਵਿਟਸਨ, ਮਿਸ਼ਨ ਸਪੈਸ਼ਲਿਸਟ ਪੋਲੈਂਡ ਦੇ ਸਲਾਵੋਜ਼ ਵਿਸਨੀਵਸਕੀ ਅਤੇ ਹੰਗਰੀ ਦੇ ਟਿਬੋਰ ਕਾਪੂ ਗਏ ਸਨ। 18 ਦਿਨਾਂ ਲਈ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਰਹਿ ਕੇ ਮਿਸ਼ਨ ਦੇ ਮੈਂਬਰਾਂ ਨੇ ਅਨੇਕਾਂ ਐਸੇ ਪ੍ਰਯੋਗ ਕੀਤੇ ਹਨ ਜੋ ਧਰਤੀ ਦੇ ਇਨਸਾਨਾਂ ਲਈ ਅਤੇ ਭਵਿੱਖ ਦੇ ਪੁਲਾੜੀ ਮਿਸ਼ਨਾਂ ਲਈ ਬੇਹੱਦ ਫ਼ਾਇਦੇਮੰਦ ਰਹਿਣਗੇ।
ਇਸ ਮਿਸ਼ਨ ਦੌਰਾਨ ਕੁੱਲ 60 ਪ੍ਰਯੋਗ ਕੀਤੇ ਗਏ ਸਨ ਜਿਨ੍ਹਾਂ ਵਿਚੋਂ ਸੱਤ ਭਾਰਤੀ ਵਿਗਿਆਨੀਆਂ ਵਲੋਂ ਡਿਜ਼ਾਈਨ ਕੀਤੇ ਗਏ ਸਨ। ਭਾਰਤ ਦਾ ਪਹਿਲਾ ਪ੍ਰਯੋਗ ਕਰਨਾਟਕ ਦੀ ਖੇਤੀਬਾੜੀ ਵਿਗਿਆਨ ਯੂਨੀਵਰਸਿਟੀ ਵਲੋਂ ਵਿਕਸਤ ਕੀਤਾ ਗਿਆ ਸੀ। ਇਸ ਪ੍ਰਯੋਗ ਵਿਚ ਬੀਜਾਂ ਦੇ ਪੁੰਗਰਨ ਉੱਤੇ ਖਲਾਅ ਦੇ ਪ੍ਰਭਾਵਾਂ ਸਬੰਧੀ ਪ੍ਰਯੋਗ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ਪ੍ਰਯੋਗ ਵਿਚ ਵੇਖਿਆ ਕਿ ਪੁਲਾੜ ਵਿਚ ਇਨ੍ਹਾਂ ਦੇ ਵਾਧੇ ਉੱਤੇ ਕੀ ਅਸਰ ਪੈਂਦਾ ਹੈ। ਭਾਰਤ ਦਾ ਦੂਜਾ ਪ੍ਰਯੋਗ ਪੁਲਾੜ ਵਿਚ ਸੂਖਮ ਕਾਈ ($93R® 1*715) ਤੋਂ ਭੋਜਨ,ਆਕਸੀਜਨ ਅਤੇ ਜੈਵਿਕ ਬਾਲਣ ਤਿਆਰ ਕਰਨ ਸਬੰਧੀ ਸੀ। ਪੁਲਾੜ ਵਿਚ ਯਾਤਰੀਆਂ ਦੇ ਲੰਮੇ ਸਮੇਂ ਲਈ ਜੀਵਤ ਰਹਿਣ ਲਈ ਇਸ ਨੂੰ ਬੇਹੱਦ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ। ਇਕ ਹੋਰ ਤਜਰਬੇ ਵਿਚ ਮਾਸਪੇਸ਼ੀਆਂ ਉੱਤੇ ਪੁਲਾੜ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ ਸੀ। ਇਸ ਨਾਲ ਧਰਤੀ ਉੱਤੇ ਵੀ ਬਜ਼ੁਰਗ ਲੋਕਾਂ ਦੀਆਂ ਮਾਸਪੇਸ਼ੀਆਂ ਭਾਵ ਪੱਠਿਆਂ ਦੇ ਕਮਜ਼ੋਰ ਪੈਣ ਦੀਆਂ ਬਿਮਾਰੀਆਂ ਅਤੇ ਉਮਰ ਵਧਣ ਨਾਲ ਬਜ਼ੁਰਗਾਂ ਵਿਚ ਪੱਠਿਆਂ ਦੀ ਕਮਜ਼ੋਰੀ ਕਾਰਨ ਚੱਲਣ ਫਿਰਨ ਵਿਚ ਆਉਂਦੀਆਂ ਪ੍ਰੇਸ਼ਾਨੀਆਂ ਦੇ ਇਲਾਜ ਲਈ ਇਨ੍ਹਾਂ ਦੀ ਵਰਤੋਂ ਕੀਤੀ ਜਾਏਗੀ। ਇਨ੍ਹਾਂ ਸਿੱਟਿਆਂ ਦੇ ਭਵਿੱਖ ਦੇ ਚੰਦਰਮਾ ਅਤੇ ਮੰਗਲ ਗ੍ਰਹਿ ਦੇ ਮਿਸ਼ਨਾਂ ਲਈ ਵੀ ਕਈ ਫਾਇਦੇ ਹੋਣਗੇ। ਭਾਰਤੀ ਵਿਗਿਆਨੀ ਵਲੋਂ ਮੇਥੀ ਅਤੇ ਮੂੰਗ ਦੇ ਬੀਜਾਂ ਦੇ ਪੁਲਾੜ ਵਿਚਲੇ ਗੁਰੂਤਾ ਰਹਿਤ ਅਵਸਥਾ ਵਿਚ ਪੁੰਗਰਨ ਦੇ ਤਜਰਬੇ ਕੀਤੇ ਗਏ ਅਤੇ ਕਰੂੰਬਲਾਂ ਨੂੰ 80 ਡਿਗਰੀ ਤਾਪਮਾਨ ਉੱਤੇ ਰੱਖ ਕੇ ਘੱਟ ਗੁਰੂਤਾ ਦੇ ਹੁੰਦੇ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ। ਸ਼ੁਭਾਸ਼ੂ ਸ਼ੁਕਲਾ ਆਪਣੇ ਨਾਲ 'ਟਾਰਡੀਗਰੇਡਸ' ਨਾਂਅ ਦਾ ਇਕ ਛੋਟਾ ਜੀਵ ਲੈ ਕੇ ਗਏ ਸਨ। ਇਸ ਜੀਵ ਦੀ ਖਾਸੀਅਤ ਇਹ ਹੈ ਕਿ ਇਹ ਕਾਫੀ ਮੁਸ਼ਕਿਲ ਹਾਲਾਤ ਵਿਚ ਵੀ ਜਿਊਂਦਾ ਰਹਿ ਸਕਦਾ ਹੈ। ਪ੍ਰਯੋਗ ਕੀਤਾ ਗਿਆ ਕਿ ਇਹ ਜੀਵ ਗੁਰੂਤਾ ਦੀ ਗ਼ੈਰ ਮੌਜੂਦਗੀ ਵਿਚ ਕਿਹੋ ਜਿਹਾ ਵਿਹਾਰ ਕਰਦਾ ਹੈ। ਇਹ ਪ੍ਰਯੋਗ ਇਸ ਲਈ ਵੀ ਜ਼ਰੂਰੀ ਸੀ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਜੇਕਰ ਭਵਿੱਖ ਵਿਚ ਇਨਸਾਨ ਲੰਮੇ ਸਮੇਂ ਲਈ ਪੁਲਾੜ ਵਿਚ ਰਹਿੰਦਾ ਹੈ ਤਾਂ ਉਹ ਕਿਵੇਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕੇਗਾ। ਸ਼ੁਭਾਂਸ਼ੂ ਆਪਣੇ ਨਾਲ 'ਸਾਈਨੋਬੈਕਟੀਰੀਆ' ਨਾਂਅ ਦੇ ਜੀਵਾਣੂ ਵੀ ਨਾਲ ਲੈ ਕੇ ਗਏ ਸਨ। ਜ਼ਿਕਰਯੋਗ ਹੈ ਕਿ ਸਾਈਨੋਬੈਕਟੀਰੀਆ ਨੂੰ ਧਰਤੀ ਉੱਤੇ ਸਭ ਤੋਂ ਪਹਿਲਾਂ ਆਕਸੀਜਨ ਪੈਦਾ ਕਰਨ ਵਾਲੇ ਜੀਵ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਉੱਥੇ ਲੈ ਕੇ ਜਾਣ ਦਾ ਮਕਸਦ ਇਹ ਪਤਾ ਲਗਾਉਣਾ ਸੀ ਕਿ ਕੀ ਇਹ ਜੀਵਾਣੂ ਪੁਲਾੜ ਵਿਚ ਆਕਸੀਜਨ ਪੈਦਾ ਕਰਨ ਲਈ ਵਰਤੇ ਜਾ ਸਕਦੇ ਹਨ ਜਾਂ ਨਹੀਂ। ਇਸਰੋ ਵਲੋਂ ਤਿਆਰ ਕੀਤੇ ਗਏ ਸੱਤਵੇਂ ਪ੍ਰਯੋਗ ਵਿਚ ਖਲਾਅ ਵਿਚ ਕੰਪਿਊਟਰ ਦੀ ਸਕਰੀਨ ਨੂੰ ਵਰਤਣ ਨਾਲ ਪੁਲਾੜ ਯਾਤਰੀਆਂ ਉੱਤੇ ਪੈਂਦੇ ਅਸਰ ਦਾ ਪਤਾ ਲਗਾਉਣਾ ਸੀ। ਇਸ ਪ੍ਰਯੋਗ ਨਾਲ ਪੁਲਾੜ ਵਿਚ ਭਵਿੱਖ ਵਿਚ ਵਰਤੇ ਜਾਣ ਵਾਲੇ ਕੰਪਿਊਟਰਾਂ ਅਤੇ ਦੂਜੀਆਂ ਇਲੈਕਟ੍ਰਾਨਿਕ ਮਸ਼ੀਨਾਂ ਦੇ ਡਿਜ਼ਾਈਨ ਤਿਆਰ ਕਰਨ ਵਿਚ ਮਦਦ ਮਿਲੇਗੀ।
ਉਂਜ ਤਾਂ ਸ਼ੁਭਾਂਸ਼ੂ ਸ਼ੁਕਲਾ ਤੋਂ ਪਹਿਲਾਂ ਵੀ ਭਾਰਤ ਦੀ ਧਰਤੀ ਨਾਲ ਜੁੜੇ ਚਾਰ ਪੁਲਾੜ ਯਾਤਰੀ ਹੁਣ ਤੱਕ ਇਸ ਖੇਤਰ ਵਿਚ ਆਪਣੇ ਹੁਨਰ ਦਾ ਪ੍ਰਗਟਾਵਾ ਕਰ ਚੁੱਕੇ ਸਨ। ਪੁਲਾੜ ਵਿਚ ਯਾਤਰਾ ਕਰਨ ਵਾਲਾ ਭਾਰਤ ਦਾ ਸਭ ਤੋਂ ਪਹਿਲਾ ਪੁਲਾੜਯਾਤਰੀ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਸੀ। ਭਾਰਤੀ ਫ਼ੌਜ ਦੇ ਇਸ ਤਜਰਬੇਕਾਰ ਲੜਾਕੂ ਪਾਇਲਟ ਨੇ ਸੋਵੀਅਤ ਯੂਨੀਅਨ ਦੇ 'ਇੰਟਰਕਾਸਮਾਸ' ਪ੍ਰੋਗਰਾਮ ਤਹਿਤ ਸੋਯੂਜ਼ ਟੀ 11 ਮੁਹਿੰਮ ਦੌਰਾਨ 3 ਅਪ੍ਰੈਲ, 1984 ਨੂੰ ਉਡਾਣ ਭਰੀ ਸੀ। ਪਟਿਆਲਾ ਵਿਖੇ ਜਨਮੇ ਰਾਕੇਸ਼ ਸ਼ਰਮਾ ਰੂਸ ਦੇ ਦੋ ਹੋਰ ਪੁਲਾੜ ਯਾਤਰੀਆਂ ਨਾਲ 7 ਦਿਨਾਂ ਦੀ ਯਾਤਰਾ ਤੋਂ ਬਾਅਦ 11 ਅਪ੍ਰੈਲ, 1984 ਨੂੰ ਧਰਤੀ ਉੱਤੇ ਵਾਪਸ ਪਰਤ ਆਏ ਸਨ। ਕਲਪਨਾ ਚਾਵਲਾ ਭਾਰਤੀ ਮੂਲ ਦੀ ਪਹਿਲੀ ਮਹਿਲਾ ਅਮਰੀਕੀ ਪੁਲਾੜ ਯਾਤਰੀ ਸੀ। ਉਸ ਨੇ ਕੋਲੰਬੀਆ ਸਪੇਸ ਸ਼ਟਲ ਵਿਚ ਪਹਿਲਾਂ 1997 ਵਿਚ ਅਤੇ ਦੂਜੀ ਵਾਰ ਫਿਰ ਕੋਲੰਬੀਆ ਪੁਲਾੜਯਾਨ ਵਿਚ 16 ਜਨਵਰੀ, 2003 ਨੂੰ ਉਡਾਣ ਭਰੀ ਸੀ। ਇਸ ਮਿਸ਼ਨ ਨੇ 80 ਦੇ ਕਰੀਬ ਪ੍ਰਯੋਗ ਕੀਤੇ ਸਨ। ਪਰ ਕੋਲੰਬੀਆ ਪੁਲਾੜਯਾਨ ਵਾਪਸੀ ਦੌਰਾਨ ਇਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ ਜਿਸ ਨਾਲ ਸਾਰੇ ਹੀ ਯਾਤਰੀ ਸਦਾ ਲਈ ਪੁਲਾੜੀ ਖੋਜ ਵਿਗਿਆਨ ਦੀ ਭੇਟਾ ਚੜ੍ਹ ਗਏ ਸਨ। ਸੁਨੀਤਾ ਵਿਲੀਅਮ ਦਾ ਆਪਣੇ ਪਿਤਾ ਰਾਹੀਂ ਭਾਰਤ ਨਾਲ ਇਕ ਡੂੰਘਾ ਰਿਸ਼ਤਾ ਹੈ। ਉਸ ਦੇ ਪਿਤਾ ਦੀਪਕ ਪਾਂਡਿਆ ਮੂਲ ਰੂਪ ਵਿਚ ਗੁਜਰਾਤੀ ਹਨ। ਸੁਨੀਤਾ ਵਿਲੀਅਮ ਨੇ ਤਿੰਨ ਵਾਰ ਇੰਟਰਨੈਸ਼ਲਲ ਪੁਲਾੜ ਸਟੇਸ਼ਨ ਦਾ ਚੱਕਰ ਲਗਾ ਕੇ ਰਿਕਾਰਡ ਕਾਇਮ ਕੀਤਾ ਹੈ। ਪਹਿਲੀ ਵਾਰ ਉਹ 2006 ਵਿਚ 'ਡਿਸਕਵਰੀ' ਪੁਲਾੜ ਯਾਨ ਵਿਚ ਗਈ ਸੀ ਜਦੋਂ ਉਹ 195 ਦਿਨਾਂ ਲਈ ਪੁਲਾੜ ਵਿਚ ਰਹੀ ਸੀ ਅਤੇ ਉਸ ਨੇ ਪੁਲਾੜਯਾਨ ਤੋਂ ਬਾਹਰ ਨਿਕਲ ਕੇ ਕੁੱਲ 29 ਘੰਟਿਆਂ ਲਈ ਸਪੇਸਵਾਕ (SP135W1*™) ਕੀਤੀ ਸੀ। ਜ਼ਿਕਰਯੋਗ ਹੈ ਕਿ ਸਪੇਸਵਾਕ ਦੌਰਾਨ ਪੁਲਾੜਯਾਤਰੀ ਆਪਣੇ ਪੁਲਾੜਯਾਨ ਤੋਂ ਬਾਹਰ ਨਿਕਲ ਕੇ ਮਸ਼ੀਨਾਂ ਦੀ ਮੁਰੰਮਤ ਆਦਿ ਕਰਦੇ ਹਨ। ਸੁਨੀਤਾ ਦੀ ਆਖਰੀ ਪੁਲਾੜਯਾਤਰਾ 5 ਜੂਨ, 2024 ਨੂੰ ਸ਼ੁਰੂ ਹੋਈ ਸੀ। ਇਸ ਕੰਮ ਲਈ 'ਸਟਾਰਲਾਈਨਰ' ਨਾਂਅ ਦੇ ਪੁਲਾੜ ਯਾਨ ਦੀ ਵਰਤੋਂ ਕੀਤੀ ਗਈ ਸੀ। ਸਟਾਰਲਾਈਨਰ ਬੋਇੰਗ ਕੰਪਨੀ ਦਾ ਦੁਬਾਰਾ ਦੁਬਾਰਾ (R5"S12*5) ਵਰਤਿਆ ਜਾਣ ਵਾਲਾ ਪੁਲਾੜਯਾਨ ਹੈ। ਇਸ ਮਿਸ਼ਨ ਦੇ ਇਕ ਹਫਤੇ ਲਈ ਚੱਲਣ ਦੀ ਯੋਜਨਾ ਬਣਾਈ ਗਈ ਸੀ। ਪਰੰਤੂ ਸਟਾਰਲਾਈਨਰ ਵਿਚ ਖ਼ਰਾਬੀ ਆਉਣ ਕਰਕੇ ਇਸ ਯਾਤਰਾ ਨੂੰ 18 ਮਾਰਚ, 2025 ਤੱਕ ਲਮਕਾਉਣਾ ਪਿਆ ਸੀ। ਅਖ਼ੀਰ 18 ਮਾਰਚ, 2025 ਨੂੰ ਸੁਨੀਤਾ ਵਿਲੀਅਮ ਅਤੇ ਉਸ ਦਾ ਸਾਥੀ ਬੱਚ ਵਿਲਮੋਰ 286 ਦਿਨਾਂ ਲਈ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਠਹਿਰਨ ਤੋਂ ਬਾਅਦ ਧਰਤੀ ਉੱਤੇ ਵਾਪਸ ਪਰਤੇ ਸਨ। ਇਸ ਤਰ੍ਹਾਂ ਸੁਨੀਤਾ ਦਾ ਪੁਲਾੜੀ ਸਫਰ ਕੁੱਲ ਮਿਲਾ ਕੇ 608 ਦਿਨਾਂ ਦਾ ਹੋ ਗਿਆ ਹੈ, ਜੋ ਕਿ ਪੈਗੀ ਵਿਟਸਨ ਦੇ 675 ਦਿਨਾਂ ਦੇ ਪੁਲਾੜੀ ਸਫਰ ਤੋਂ ਬਾਅਦ ਦੂਜੇ ਨੰਬਰ 'ਤੇ ਆਉਂਦਾ ਹੈ।
ਅਮਰੀਕਾ ਦੀ ਪੁਲਾੜੀ ਖੋਜ ਦੇ ਖੇਤਰ ਵਿਚ ਰਾਜਾ ਚਾਰੀ ਨਾਂਅ ਦੇ ਇਕ ਹੋਰ ਵਿਗਿਆਨੀ ਦਾ ਨਾਮ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਰਾਜਾ ਚਾਰੀ ਅਮਰੀਕਾ ਦੀ ਏਅਰ ਫੋਰਸ ਦਾ ਇਕ ਬੇਹੱਦ ਤਜਰਬੇਕਾਰ ਬ੍ਰਿਗੇਡੀਅਰ ਜਨਰਲ ਹੈ। ਉਸ ਦੇ ਪਿਤਾ ਦਾ ਨਾਂਅ ਸ੍ਰੀ ਨਿਵਾਸ ਵੀ. ਚਾਰੀ ਹੈ ਅਤੇ ਉਹ ਮੂਲ ਰੂਪ ਵਿਚ ਭਾਰਤ ਦੇ ਰਾਜ ਤੇਲੰਗਾਨਾ ਦੇ ਹੈਦਰਾਬਾਦ ਸ਼ਹਿਰ ਤੋਂ ਹਨ। ਰਾਜਾ ਚਾਰੀ ਅਮਰੀਕੀ ਪ੍ਰਾਈਵੇਟ ਏਜੰਸੀ ਸਪੇਸ ਐਕਸ ਦੀ 10 ਨਵੰਬਰ, 2021 ਨੂੰ ਲਾਂਚ ਕੀਤੀ ਗਈ ਉਡਾਣ ਕਰਿਊ 3 ਡਰੈਗਨ ਦਾ ਹਿੱਸਾ ਬਣਿਆ ਸੀ। ਉਹ ਅਤੇ ਉਸ ਦੀ ਟੀਮ ਦੇ ਸਾਥੀ 176 ਦਿਨਾਂ ਲਈ ਪੁਲਾੜ ਵਿਚ ਰਹੇ ਸਨ। ਇਸ ਦੌਰਾਨ ਉਸ ਨੇ ਦੋ ਵਾਰ ਸਪੇਸ ਵਾਕ ਵੀ ਕੀਤੀ ਸੀ। ਰਾਜਾ ਚਾਰੀ ਅਮਰੀਕਾ ਦੇ ਆਰਟੀਮਿਸ ਨਾਂਅ ਦੇ ਮਿਸ਼ਨ ਦਾ ਹਿੱਸਾ ਹੈ। ਇਹ ਮਿਸ਼ਨ ਚੰਦਰਮਾ ਦੇ ਦੱਖਣੀ ਧਰੁਵ ਉੱਤੇ ਮਨੁੱਖ ਨੂੰ ਉਤਾਰਨ ਲਈ ਤਿਆਰ ਕੀਤਾ ਗਿਆ ਹੈ।
ਭਾਰਤੀ ਪੁਲਾੜ ਯਾਤਰੀਆਂ ਦੇ ਕਾਰਨਾਮਿਆਂ ਦੀ ਸਭ ਤੋਂ ਤਾਜ਼ਾ ਉਦਾਹਰਨ ਸ਼ੁਭਾਸ਼ੂ ਸ਼ੁਕਲਾ ਦੀ ਹੈ। ਉਨ੍ਹਾਂ ਦੀ ਕਾਮਯਾਬੀ ਨਾਲ ਭਾਰਤ ਦੇ ਮਿਸ਼ਨਾਂ ਨੂੰ ਬਲ ਮਿਲਣ ਦੀ ਆਸ ਹੈ। ਜ਼ਿਕਰਯੋਗ ਹੈ ਕਿ ਭਾਰਤ ਆਉਂਦੇ ਸਮੇਂ ਵਿਚ ਗਗਨਯਾਨ ਪੁਲਾੜਯਾਨ ਭੇਜਣ ਦੀ ਤਿਆਰੀ ਕਰ ਰਿਹਾ ਹੈ। ਇਸ ਮਿਸ਼ਨ ਦਾ ਮੰਤਵ ਪੁਲਾੜਯਾਨ ਵਿਚ ਵਿਗਿਆਨੀਆਂ ਨੂੰ ਭੇਜ ਕੇ ਵੱਖ ਵੱਖ ਪ੍ਰਯੋਗ ਕਰਨ ਦਾ ਹੈ।

-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ (ਗੁਰਦਾਸਪੁਰ)।
ਮੋਬਾਈਲ : 6284220595

ਪਿਛਲੀ ਖ਼ਬਰ ਨਹੀਂ ਹੋਣੀਆਂ ਰੀਸਾਂ ਬਾਬਾ ਫੌਜਾ ਸਿੰਘ ਦੀਆਂ... ਅਗਲੀ ਖ਼ਬਰ ਲੋਕਤੰਤਰ ਤੋਂ ਕਾਨੂੰਨੀ ਐਮਰਜੈਂਸੀ ਵੱਲ ਵਧ ਰਿਹਾ ਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।