(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਮੀਕੇ ਦੇ ਮੰਮੀ ਨੇ ਬਰਫ਼ੀ ਵਾਲੀ ਪਲੇਟ ਦਾਦਾ ਜੀ-ਦਾਦੀ ਜੀ ਅੱਗੇ ਕਰਦਿਆਂ ਕਹਿਣ ਲੱਗੇ, 'ਕੋਈ ਗੱਲ ਨਹੀਂ ਬੀਜੀ, ਨਾਸ਼ਤਾ ਤਾਂ ਸਵੇਰ ਦਾ ਕੀਤਾ ਹੋਣਾ ਏ। ਇਹ ਸਾਡੇ ਮੁਹੱਲੇ ਦੀ ਬਰਫ਼ੀ ਖਾ ਕੇ ਵੇਖੋ। 'ਬੰਸਾ ਬਰਫ਼ੀ ਵਾਲਾ' ਸਾਰੇ ਸ਼ਹਿਰ ਵਿਚ ਮਸ਼ਹੂਰ ਐ।'
ਬੱਚੇ ਦਾਦਾ ਜੀ ਨਾਲ ਪਤਾ ਨਹੀਂ ਕਿਹੜੀਆਂ ਗੱਲਾਂ ਵਿਚ ਰੁੱਝੇ ਹੋਏ ਸਨ। ਦਾਦਾ ਜੀ ਵੀ ਪੂਰੀ ਤਰ੍ਹਾਂ ਬੱਚਿਆਂ ਦੀਆਂ ਗੱਲਾਂ ਵਿਚ ਮਸਤ ਸਨ। ਇਹ ਵੇਖ ਕੇ ਜੱਸ ਦੇ ਪਾਪਾ ਬੋਲੇ, 'ਬੱਚਿਓ, ਸਾਨੂੰ ਵੀ ਦਾਰ ਜੀ ਨਾਲ ਗੱਲਾਂ-ਬਾਤਾਂ ਕਰ ਲੈਣ ਦਿਓ।'
ਜੱਸ ਦੇ ਪਾਪਾ ਦੀ ਗੱਲ ਸੁਣ ਕੇ ਦਾਦਾ ਜੀ ਨੇ ਬੱਚਿਆਂ ਨੂੰ ਕਿਹਾ, 'ਤੁਸੀਂ ਤੇ ਸਾਨੂੰ ਮਿਲਦੇ ਈ ਰਹਿਣਾ ਏ, ਹੁਣ ਮੈਂ ਜ਼ਰਾ ਵੱਡੇ ਬੱਚਿਆਂ ਨਾਲ ਗੱਲਾਂ ਕਰ ਲਵਾਂ।'
ਬੱਚਿਆਂ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਬਿੱਲੂ ਦੇ ਪਾਪਾ ਕਹਿਣ ਲੱਗੇ, 'ਇਹ ਗੱਲ ਗ਼ਲਤ ਐ ਦਾਰ ਜੀ, ਸਿਰਫ਼ ਬੱਚਿਆਂ ਨੂੰ ਹੀ ਨਹੀਂ, ਤੁਸੀਂ ਸਾਨੂੰ ਵੀ ਮਿਲਦੇ ਰਹਿਣਾ ਏ।'
ਸਾਰੇ ਵੱਡੇ ਬੱਚਿਆਂ ਨੇ ਇਸ ਗੱਲ ਦੀ ਹਾਮੀ ਭਰੀ। ਹੁਣ ਸਾਰੇ ਦਾਦਾ ਜੀ-ਦਾਦੀ ਜੀ ਨੂੰ ਆਪਣੀ ਜਾਣ-ਪਹਿਚਾਣ ਕਰਾਉਣ ਲੱਗੇ। ਸਾਰਿਆਂ ਬਾਰੇ ਜਾਣ ਕੇ ਦਾਦਾ ਜੀ-ਦਾਦੀ ਜੀ ਖ਼ੁਸ਼ੀ ਵਿਚ ਫੁੱਲੇ ਨਹੀਂ ਸੀ ਸਮਾ ਰਹੇ। ਉਨ੍ਹਾਂ ਨੂੰ ਸਾਰੇ ਬੱਚਿਆਂ 'ਤੇ ਮਾਣ ਮਹਿਸੂਸ ਹੋ ਰਿਹਾ ਸੀ। ਇਸੇ ਮਾਣ ਅਤੇ ਖ਼ੁਸ਼ੀ ਵਿਚ ਉਨ੍ਹਾਂ ਦੇ ਚਿਹਰੇ ਉੱਤੇ ਇਕ ਨੂਰ ਜਿਹਾ, ਇਕ ਚਮਕ ਜਿਹੀ ਆ ਗਈ ਸੀ।
ਮੀਕੇ ਦੀ ਵੱਡੀ ਭੈਣ ਜੋ ਪਲੱਸ ਟੂ ਵਿਚ ਪੜ੍ਹਦੀ ਸੀ ਅਤੇ ਜੱਸ ਦੀ ਛੋਟੀ ਭੈਣ, ਜਿਹੜੀ ਛੇਵੀਂ ਕਲਾਸ ਵਿਚ ਪੜ੍ਹਦੀ ਸੀ, ਉਹ ਵੀ ਬਾਕੀ ਬੱਚਿਆਂ ਦੇ ਨੇੜੇ ਹੀ ਬੈਠੀਆਂ ਸਨ। ਪਹਿਲਾਂ ਤਾਂ ਉਹ ਦਾਦਾ ਜੀ-ਦਾਦੀ ਜੀ ਕੋਲੋਂ ਕੁਝ ਝਕ ਰਹੀਆਂ ਸਨ, ਕੁਝ ਸ਼ਰਮਾਅ ਰਹੀਆਂ ਸਨ ਪਰ ਥੋੜ੍ਹੀ ਦੇਰ ਵਿਚ ਹੀ ਉਨ੍ਹਾਂ ਦਾ ਝਾਕਾ ਲੱਥ ਗਿਆ ਸੀ। ਹੁਣ ਉਹ ਦਾਦਾ ਜੀ-ਦਾਦੀ ਜੀ ਨਾਲ ਪੂਰੀ ਤਰ੍ਹਾਂ ਘੁੱਲ-ਮਿਲ ਗਈਆਂ ਸਨ।
ਘੰਟਾ ਕੁ ਇਸੇ ਤਰ੍ਹਾਂ ਗੱਪ-ਸ਼ੱਪ ਅਤੇ ਹਾਸਾ-ਮਜ਼ਾਕ ਚਲਦਾ ਰਿਹਾ। ਫੇਰ ਸੋਨੂੰ ਦੇ ਪਾਪਾ ਕਹਿਣ ਲੱਗੇ, 'ਆਓ ਦਾਰ ਜੀ, ਹੁਣ ਸਾਡੇ ਵਲ ਚੱਲੀਏ।'
'ਚਲੋ ਜੀ, ਜਿੱਥੇ ਮਰਜ਼ੀ ਸਾਨੂੰ ਲੈ ਚਲੋ। ਅੱਜ ਸ਼ਾਮ ਤੀਕ ਤੁਹਾਡੇ ਹਵਾਲੇ ਹਾਂ', ਦਾਦਾ ਜੀ ਵੀ ਅੱਜ ਪੂਰੇ ਮੂਡ ਵਿਚ ਆਏ ਹੋਏ ਸਨ।
ਸੋਨੂੰ ਦੇ ਪਾਪਾ, ਦਾਦਾ ਜੀ ਦੀ ਗੱਲ ਸੁਣ ਕੇ ਕਹਿਣ ਲੱਗੇ, 'ਵਾਹ! ਦਾਰ ਜੀ, ਵਾਹ! ਤੁਹਾਡੀ ਗੱਲ ਸੁਣ ਕੇ ਮਜ਼ਾ ਆ ਗਿਆ।' ਹੁਣ ਉਹ ਮੀਕੇ ਦੇ ਪਾਪਾ ਵੱਲ ਵੇਖਦੇ ਹੋਏ ਕਹਿਣ ਲੱਗੇ, 'ਚਲੋ ਉੱਠੋ, ਹੁਣ ਓਧਰ ਚਲੀਏ।'
ਮੀਕੇ ਦੇ ਪਾਪਾ ਇਕਦਮ ਖੜ੍ਹੇ ਹੋ ਕੇ ਸੈਲੂਟ ਮਾਰਦੇ ਹੋਏ ਬੋਲੇ, 'ਚਲੋ ਜਨਾਬ, ਮੈਂ ਤੇ ਡਰਾਇਵਰੀ ਕਰਨੀ ਐ। ਮੈਨੂੰ ਜਿੱਥੇ ਕਹੋਗੇ, ਉੱਥੇ ਈ ਲੈ ਜਾਵਾਂਗਾ।'
ਉਨ੍ਹਾਂ ਦੀ ਗੱਲ ਸੁਣ ਕੇ ਅਤੇ ਸਲੂਟ ਮਾਰਦਿਆਂ ਵੇਖ ਕੇ ਬੱਚੇ-ਵੱਡੇ ਸਾਰੇ ਖਿੜਖਿੜਾ ਕੇ ਹੱਸ ਪਏ।
ਸੋਨੂੰ ਦੇ ਪਾਪਾ ਵੀ ਉਸੇ ਮਜ਼ਾਕ ਦੇ ਅੰਦਾਜ਼ ਵਿਚ ਘੜੀ ਵੇਖਦੇ ਹੋਏ ਬੋਲੇ, 'ਜਲਦੀ ਕਰੋ ਡਰਾਈਵਰ ਸਾਹਿਬ, ਤੁਸੀਂ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਦਾਦਾ ਜੀ-ਦਾਦੀ ਜੀ ਨੂੰ ਸੋਨੂੰ ਦੇ ਘਰ ਲੈ ਚਲੋ।'
'ਜੋ ਹੁਕਮ, ਸਾਹਬ', ਮੀਕੇ ਦੇ ਪਾਪਾ ਹੱਸਦੇ ਹੋਏ ਬਾਹਰ ਚਲੇ ਗਏ, ਤਾਂ ਜੋ ਕਾਰ ਘਰ ਦੇ ਬੂਹੇ ਅੱਗੇ ਲੈ ਆਉਣ।
ਦੋ ਬੱਚਿਆਂ ਨੇ ਦਾਦਾ ਜੀ ਦਾ ਇਕ-ਇਕ ਹੱਥ ਅਤੇ ਦੋ ਨੇ ਦਾਦੀ ਜੀ ਦਾ ਇਕ-ਇਕ ਹੱਥ ਫੜ ਲਿਆ। ਉਹ ਉਨ੍ਹਾਂ ਨੂੰ ਬਾਹਰ ਬੂਹੇ ਕੋਲ ਲੈ ਆਏ, ਜਿੱਥੇ ਮੀਕੇ ਦੇ ਪਾਪਾ ਕਾਰ ਲੈ ਆਏ ਸਨ। ਸਾਰੇ ਜਣੇ ਉਨ੍ਹਾਂ ਦੇ ਪਿੱਛੇ-ਪਿੱਛੇ ਆ ਰਹੇ ਸਨ।
ਦਾਦਾ ਜੀ-ਦਾਦੀ ਜੀ ਨੂੰ ਪਿਛਲੀ ਸੀਟ 'ਤੇ ਬਿਠਾਣ ਤੋਂ ਬਾਅਦ ਬੱਚੇ ਕਾਰ ਵਿਚ ਉਸੇ ਤਰ੍ਹਾਂ ਬੈਠ ਗਏ, ਜਿਸ ਤਰ੍ਹਾਂ ਉਹ ਸਵੇਰੇ ਬੈਠੇ ਸਨ। ਸਾਰਿਆਂ ਨੇ ਦਾਦਾ ਜੀ-ਦਾਦੀ ਜੀ ਨੂੰ ਹੱਥ ਜੋੜੇ ਤਾਂ ਦਾਦਾ ਜੀ ਨੇ ਥੋੜ੍ਹੀ ਹੈਰਾਨੀ ਜਿਹੀ ਨਾਲ ਪੁੱਛਿਆ, 'ਤੁਸੀਂ ਨਹੀਂ ਆਉਣਾ?'
'ਤੁਸੀਂ ਪਹੁੰਚੋ, ਅਸੀਂ ਤੁਹਾਡੇ ਮਗਰੇ ਈ ਸਕੂਟਰਾਂ 'ਤੇ ਆ ਰਹੇ ਹਾਂ', ਬਿੱਲੂ ਦੇ ਪਾਪਾ ਨੇ ਜਵਾਬ ਦਿੱਤਾ।
'ਫੇਰ ਠੀਕ ਐ', ਦਾਦਾ ਜੀ ਦੀ ਤਸੱਲੀ ਹੋ ਗਈ ਲਗਦੀ ਸੀ।
ਬੱਚਿਆਂ ਨੂੰ ਦਾਦਾ ਜੀ-ਦਾਦੀ ਜੀ ਦੇ ਆਉਣ ਦੀ ਖ਼ੁਸ਼ੀ ਤਾਂ ਹੈ ਈ ਸੀ, ਉਸ ਤੋਂ ਵੀ ਜ਼ਿਆਦਾ ਖ਼ੁਸ਼ੀ ਉਨ੍ਹਾਂ ਨੂੰ ਮਿਲ ਰਹੀ ਸੀ, ਸਾਰੇ ਦੋਸਤਾਂ ਦੇ ਮਾਂ-ਪਿਓ ਵੱਲ ਵੇਖ ਕੇ। ਸਾਰੇ ਕਿਵੇਂ ਦਾਦਾ ਜੀ-ਦਾਦੀ ਜੀ ਨਾਲ ਘੁਲ ਮਿਲ ਗਏ ਸਨ। ਕਿਵੇਂ ਉਹ ਆਪਸ ਵਿਚ ਹਾਸਾ-ਮਜ਼ਾਕ ਕਰ ਰਹੇ ਸਨ। ਕਿਵੇਂ ਸਾਰਿਆਂ ਨੇ ਇਕੱਠੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਕਿਵੇਂ ਉਨ੍ਹਾਂ ਨੇ ਖਾਣ-ਪੀਣ ਦਾ ਇੰਤਜ਼ਾਮ ਕੀਤਾ। ਇਨ੍ਹਾਂ ਸਾਰੀਆਂ ਗੱਲਾਂ ਬਾਰੇ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਸੀ। ਇਹੋ ਗੱਲ ਸੋਚ-ਸੋਚ ਕੇ ਉਹ ਹੈਰਾਨ ਵੀ ਹੋ ਰਹੇ ਸਨ ਅਤੇ ਖ਼ੁਸ਼ ਵੀ। (ਚਲਦਾ)
ਲੜੀਵਾਰ ਬਾਲ ਨਾਵਲ-46 ਅੱਧੀ ਛੁੱਟੀ ਸਾਰੀ
ਅਜੀਤ ਡੈਸਕ
08-11-2025