ਮੋਬਾਈਲ, ਟੀ.ਵੀ, ਕੰਪਿਊਟਰ ਅਤੇ ਲੈਪਟਾਪ ਆਦਿ ਉੱਤੇ ਬਿਤਾਏ ਗਏ ਸਮੇਂ ਨੂੰ 'ਸਕਰੀਨ ਸਮਾਂ' (S3R55© "9$5) ਕਿਹਾ ਜਾਂਦਾ ਹੈ। ਅਜੋਕੇ ਸਮੇਂ ਵਿਚ ਲੋਕਾਂ ਦਾ ਸਕਰੀਨ ਸਮਾਂ ਕਾਫ਼ੀ ਵੱਧ ਚੁੱਕਾ ਹੈ ਅਤੇ ਸਰੀਰਕ ਸਰਗਰਮੀਆਂ ਬਹੁਤ ਜ਼ਿਆਦਾ ਘੱਟ ਗਈਆਂ ਹਨ। ਇਸੇ ਵਹਿਣ ਵਿਚ ਵਹਿੰਦਿਆਂ ਅਜੋਕੇ ਬੱਚੇ ਵੀ ਪਿੱਛੇ ਨਹੀਂ ਰਹੇ ਹਨ। ਬੱਚੇ ਮੋਬਾਈਲਾਂ ਉੱਤੇ ਗੱਲਾਂ ਕਰਦਿਆਂ, ਚੈਟਿੰਗ ਕਰਦਿਆਂ ਅਤੇ ਗੇਮਾਂ ਖੇਡਦਿਆਂ ਲੰਮਾ ਸਮਾਂ ਬਤੀਤ ਕਰ ਦਿੰਦੇ ਹਨ। ਇਸ ਨਾਲ ਉਨ੍ਹਾਂ ਵਿਚ ਕਈ ਸਰੀਰਕ ਅਤੇ ਦਿਮਾਗੀ ਪ੍ਰੇਸ਼ਾਨੀਆਂ ਜਿਵੇਂ ਅੱਖਾਂ ਦਾ ਭਾਰਾਪਣ, ਧੌਣ ਅਤੇ ਪਿੱਠ ਦਾ ਦਰਦ ਕਰਨਾ, ਨੀਂਦ ਨਾ ਆਉਣਾ, ਚਿੰਤਾ ਅਤੇ ਮਾਨਸਿਕ ਤਣਾਅ ਆਦਿ ਜਿਹੀਆਂ ਤਕਲੀਫਾਂ ਪੈਦਾ ਹੋ ਰਹੀਆਂ ਹਨ। ਮੋਬਾਈਲ ਦੀ ਸਕਰੀਨ ਤੋਂ ਨਿਕਲਦੀ ਨੀਲੀ ਰੌਸ਼ਨੀ ਨੀਂਦ ਉੱਤੇ ਮਾੜਾ ਅਸਰ ਪਾਉਂਦੀ ਹੈ। ਸਿੱਟੇ ਵਜੋਂ ਬੱਚਿਆਂ ਦੀ ਨੀਂਦ ਘੱਟ ਜਾਂਦੀ ਹੈ। ਘੱਟ ਨੀਂਦ ਲੈਣ ਨਾਲ ਉਨ੍ਹਾਂ ਦਾ ਸਰੀਰ ਥਕਾਵਟ ਮਹਿਸੂਸ ਕਰਦਾ ਹੈ, ਦਿਮਾਗੀ ਕੰਮ ਕਰਨ ਦੀ ਇਕਾਗਰਤਾ ਸ਼ਕਤੀ ਘੱਟ ਜਾਂਦੀ ਹੈ, ਸਰੀਰ ਦੀ ਰੋਗ ਰੋਕੂ ਸਮਰੱਥਾ ਵਿਚ ਕਮੀ ਆਉਂਦੀ ਹੈ ਅਤੇ ਦਿਮਾਗ ਉਦਾਸੀ ਅਤੇ ਚਿੰਤਾ ਵਿਚ ਡੁੱਬਿਆ ਰਹਿੰਦਾ ਹੈ। ਲੰਮੇ ਸਮੇਂ ਲਈ ਮੋਬਾਈਲ ਦੀ ਵਰਤੋਂ ਕਰਨ ਨਾਲ ਧੁੰਦਲਾ ਨਜ਼ਰ ਆਉਣ ਲੱਗ ਜਾਂਦਾ ਹੈ, ਸਿਰ ਪਾਟਣ ਲੱਗ ਜਾਂਦਾ ਹੈ ਅਤੇ ਅੱਖਾਂ ਭਾਰੀਆਂ ਹੋ ਜਾਂਦੀਆਂ ਹਨ। ਜ਼ਿਆਦਾ ਦੇਰ ਤੱਕ ਮੋਬਾਈਲ ਚਲਾਉਣ ਨਾਲ ਉਨ੍ਹਾਂ ਦਾ ਪੋਸਚਰ ਖ਼ਰਾਬ ਹੋ ਜਾਂਦਾ ਹੈ ਭਾਵ ਲੱਕ ਵਿਚ ਕੁੱਬ ਪੈ ਜਾਂਦਾ ਹੈ। ਸਕਰੀਨ ਸਮਾਂ ਵਧ ਜਾਣ ਨਾਲ ਅਤੇ ਇਕੋ ਥਾਂ ਉੱਤੇ ਬੈਠੇ ਰਹਿਣ ਨਾਲ ਬੱਚਿਆਂ ਦਾ ਭਾਰ ਵਧ ਜਾਂਦਾ ਹੈ ਅਤੇ ਮੋਟਾਪਾ ਆ ਜਾਂਦਾ ਹੈ, ਜਿਸ ਨਾਲ ਛੋਟੀ ਉਮਰ ਵਿਚ ਹੀ ਸ਼ੂਗਰ, ਬਲੱਡ ਪਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ। ਸਕਰੀਨ ਉੱਤੇ ਵੱਧ ਸਮਾਂ ਬਤੀਤ ਕਰਨ ਨਾਲ ਯਾਦਾਸ਼ਤ ਘਟਦੀ ਹੈ, ਮਨ ਨੂੰ ਇਕਾਗਰ ਅਤੇ ਕੇਂਦਰਿਤ ਕਰਨ ਦੀ ਸਮਰੱਥਾ ਧੀਮੀ ਪੈ ਜਾਂਦੀ ਹੈ। ਉਹ ਸਮਾਜ ਦੇ ਦੂਜੇ ਲੋਕਾਂ ਦੇ ਸਾਹਮਣੇ ਖਲ੍ਹੋ ਕੇ ਉਨ੍ਹਾਂ ਦਾ ਟਾਕਰਾ ਨਹੀਂ ਕਰ ਸਕਦੇ ਭਾਵ ਉਨ੍ਹਾਂ ਵਿਚ ਸਮਾਜ ਤੋਂ ਇਕੱਲੇ ਰਹਿਣ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਕਈ ਵਾਰ ਤਾਂ ਉਹ ਸੋਸ਼ਲ ਮੀਡੀਆ ਦੇ ਇੰਨੇ ਨਸ਼ੇੜੀ ਹੋ ਜਾਂਦੇ ਹਨ ਕਿ ਉਨ੍ਹਾਂ ਕੋਲੋਂ ਸਮਾਰਟ ਫੋਨ ਖੋਹ ਲੈਣਾ ਜਿਵੇਂ ਕੁੱਤੇ ਕੋਲੋਂ ਹੱਡੀ ਖੋਹਣ ਦੇ ਬਰਾਬਰ ਹੋ ਜਾਂਦਾ ਹੈ। ਇਸ ਨਾਲ ਬੱਚੇ ਚਿੜਚਿੜੇ, ਗੁੱਸੇ ਵਾਲੇ ਅਤੇ ਅਨੁਸ਼ਾਸਨਹੀਣ ਹੋ ਜਾਂਦੇ ਹਨ। ਉਨ੍ਹਾਂ ਦੀ ਸਵੈ ਕਾਬੂ ਅਤੇ ਮਾਨਸਿਕ ਅਵਸਥਾ ਨੂੰ ਕੰਟਰੋਲ ਕਰ ਸਕਣ ਦੀ ਸਮਰੱਥਾ ਘੱਟ ਜਾਂਦੀ ਹੈ ਅਤੇ ਉਹ ਖਿਝੇ ਖਿਝੇ ਰਹਿਣ ਲੱਗ ਜਾਂਦੇ ਹਨ। ਲੰਮਾ ਸਮਾਂ ਟੀ.ਵੀ., ਮੋਬਾਈਲ ਅਤੇ ਕੰਪਿਊਟਰ ਨਾਲ ਚਿੰਬੜੇ ਰਹਿਣ ਨਾਲ ਉਨ੍ਹਾਂ ਦਾ ਸਮਾਜਿਕ ਅਤੇ ਭਾਵਨਾਤਮਿਕ ਵਿਕਾਸ ਨਹੀਂ ਹੁੰਦਾ। ਇਸ ਨਾਲ ਉਨ੍ਹਾਂ ਦੀ ਵਿੱਦਿਅਕ ਯੋਗਤਾ ਅਤੇ ਭਾਸ਼ਾਈ ਪਕੜ ਵਿਕਸਤ ਨਹੀਂ ਹੋ ਪਾਉਂਦੇ ਹਨ।
ਸਕਰੀਨ ਸਮੇਂ ਨੂੰ ਘੱਟ ਕਰਨ ਲਈ ਸੁਝਾਅ : ਬੱਚਿਆਂ ਵਿਚ ਸਕਰੀਨ ਸਮੇਂ ਨੂੰ ਘੱਟ ਕਰਨ ਲਈ ਉਨ੍ਹਾਂ ਦਾ ਮੋਬਾਈਲ ਜਾਂ ਟੀ.ਵੀ ਦਾ ਸਮਾਂ ਤੈਅ ਕਰਨਾ ਚਾਹੀਦਾ ਹੈ ਅਤੇ ਮਿੱਥੇ ਸਮੇਂ ਬਾਅਦ ਇਨ੍ਹਾਂ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਰੋਕ ਲਾ ਦੇਣੀ ਚਾਹੀਦੀ ਹੈ। ਬੱਚਿਆਂ ਦੀ ਪੜ੍ਹਾਈ ਵੇਲੇ ਘਰ ਦੇ ਸਿਆਣਿਆਂ ਨੂੰ ਵੀ ਇਨ੍ਹਾਂ ਦੀ ਵਰਤੋਂ ਉੱਤੇ ਸੰਜਮ ਵਰਤਣਾ ਚਾਹੀਦਾ ਹੈ। ਘਰ ਦੇ ਕੁਝ ਹਿੱਸਿਆਂ ਜਿਵੇਂ ਬੈੱਡ ਰੂਮ ਅਤੇ ਖਾਣੇ ਵਾਲੀ ਜਗ੍ਹਾ 'ਤੇ ਮੋਬਾਈਲ ਵਰਤਣ 'ਤੇ ਪੂਰੀ ਤਰ੍ਹਾਂ ਮਨਾਹੀ ਹੋਣੀ ਚਾਹੀਦੀ ਹੈ। ਮਾਪਿਆਂ ਵਲੋਂ ਬੱਚਿਆਂ ਅੰਦਰ ਸਰੀਰਕ ਸਰਗਰਮੀ ਨੂੰ ਉਤਸ਼ਾਹਤ ਕਰਨ ਲਈ ਸੈਰ 'ਤੇ ਜਾਣ ਲਈ ਅਤੇ ਰਿਵਾਇਤੀ ਖੇਡਾਂ ਖੇਡਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਬੱਚਿਆਂ ਨੂੰ ਪਰਿਵਾਰ ਅਤੇ ਸਮਾਜ ਦੇ ਲੋਕਾਂ ਨਾਲ ਆਹਮਣੋ ਸਾਹਮਣੇ ਖੱਲ੍ਹੋ ਕੇ ਗੱਲਬਾਤ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਸੌਣ ਤੋਂ ਇਕ ਘੰਟਾ ਪਹਿਲਾਂ ਹਰ ਕਿਸਮ ਦੀ ਸਕਰੀਨ ਗਤੀਵਿਧੀ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ (ਗੁਰਦਾਸਪੁਰ)।
ਮੋਬਾਈਲ : 62842-20595