ਸ਼ਹਿਣਾ, 7 ਨਵੰਬਰ (ਸੁਰੇਸ਼ ਗੋਗੀ)-ਪੰਜਾਬ ਵਿਚ ਇਸ ਵਾਰ ਝੋਨੇ ਦੀ ਫ਼ਸਲ ਕਿਸਾਨਾਂ ਲਈ ਘਾਟੇ ਦਾ ਸੌਦਾ ਸਾਬਤ ਹੋਈ | ਅੱਧੇ ਪੰਜਾਬ ਦੇ ਕਿਸਾਨਾਂ ਦੀ ਫ਼ਸਲ ਨੂੰ ਹੜ੍ਹ ਦੇ ਪਾਣੀ ਨੇ ਰੋੜ ਦਿੱਤਾ, ਜਿੱਥੇ ਕਿ ਹਾਲੇ ਤੱਕ ਕਣਕ ਦੀ ਬਿਜਾਈ ਲਈ ਵੀ ਜ਼ਮੀਨ ਤਿਆਰ ਨਹੀਂ ਹੋਈ | ਮਾਲਵੇ ਦੇ ਖ਼ਿੱਤੇ ਵਿਚ ਭਾਵੇਂ ਮੀਂਹ ਨੇ ਫ਼ਸਲ ਅਤੇ ਘਰਾਂ ਦਾ ਕਾਫ਼ੀ ਨੁਕਸਾਨ ਕੀਤਾ, ਪਰ ਹੜ੍ਹ ਮਾਰੇ ਇਲਾਕੇ ਤੋਂ ਕਿਸਾਨ ਕੁੱਝ ਬਚਾਅ ਵਿਚ ਰਹੇ | ਝੋਨੇ ਦੀ ਫ਼ਸਲ ਨੂੰ ਪੱਕਣ 'ਤੇ ਆਉਣ ਸਮੇਂ ਪਈ ਤੇਲੇ ਦੀ ਮਾਰ ਨੇ ਫ਼ਸਲ ਦਾ ਇਸ ਵਾਰ ਦਸ ਤੋਂ ਪੰਦਰਾਂ ਗੱਟੇ ਝਾੜ ਘਟਾ ਦਿੱਤਾ | ਜਿਸ ਨਾਲ ਕਿਸਾਨੀ ਖ਼ਿੱਤੇ ਨੂੰ ਵੱਡਾ ਆਰਥਿਕ ਖੋਰਾ ਲੱਗਿਆ ਹੈ | ਕਿਸਾਨੀ ਨੂੰ ਝਾੜ ਘੱਟ ਲੱਗਣ ਕਾਰਨ ਲੱਗਿਆ ਆਰਥਿਕ ਖੋਰਾ ਹਰ ਕਿਸਮ ਦੀ ਦੁਕਾਨਦਾਰੀ ਨੂੰ ਵੀ ਵੱਡਾ ਝਟਕਾ ਹੈ, ਕਿਉਂਕਿ ਹਾੜੀ ਦੀ ਫ਼ਸਲ ਘਰਾਂ ਵਿਚ ਖਾਣ ਲਈ ਜ਼ਿਆਦਾਤਰ ਸਾਂਭੀ ਜਾਂਦੀ ਹੈ ਅਤੇ ਮੰਡੀਕਰਨ ਘੱਟ ਹੁੰਦਾ ਹੈ | ਜਿਸ ਲਈ ਸਭ ਤੋਂ ਵੱਧ ਆਸਾਂ ਕਿਸਾਨ ਅਤੇ ਦੁਕਾਨਦਾਰ ਦੀਆਂ ਸਾਉਣੀ ਦੀ ਫ਼ਸਲ 'ਤੇ ਹੁੰਦੀਆਂ ਹਨ | ਸਾਉਣੀ ਦੀ ਫ਼ਸਲ ਵਿਚ ਇਸ ਵਾਰ ਪਿਆ ਘਾਟਾ ਕਿਸਾਨ ਨੂੰ ਕਈ ਸਾਲ ਤੱਕ ੳੱੱਠਣ ਨਹੀਂ ਦੇਵੇਗਾ | ਉਸ ਦੇ ਨਾਲ ਹੀ ਕਿਸਾਨ ਨਾਲ ਜੁੜੀ ਦੁਕਾਨਦਾਰੀ ਦਾ ਲੈਣ ਦੇਣ ਵੀ ਖੜੋਤ ਵਿਚ ਆਉਣ ਦੀ ਸੰਭਾਵਨਾ ਹੈ | ਸਾਉਣੀ ਦੀ ਫ਼ਸਲ ਵਿਚ ਪਏ ਵੱਡੇ ਘਾਟੇ ਦੇ ਬਾਵਜੂਦ ਠੇਕੇ 'ਤੇ ਜ਼ਮੀਨ ਲੈ ਕੇ ਵਾਹੁਣ ਵਾਲੇ ਕਿਸਾਨਾਂ ਵਲੋਂ ਚੱੁਪ ਚੁਪੀਤੇ ਹੀ ਜ਼ਮੀਨ ਦੇ ਮਾਲਕ ਕਿਸਾਨਾਂ ਕੋਲ ਘਰ ਜਾ ਕੇ ਅਗਲੇ ਸਾਲ ਲਈ ਠੇਕੇ 'ਤੇ ਲੈ ਲਈਆਂ ਗਈਆਂ ਹਨ | ਕਿਸਾਨੀ ਦਾ ਦਰਦ ਰੱਖਣ ਵਾਲੇ ਕਈ ਅਗਾਂਹਵਧੂ ਕਿਸਾਨਾਂ ਨੇ ਇਸ ਗੱਲ ਦੀ ਅਲੋਚਨਾ ਵੀ ਕੀਤੀ, ਕਿ ਜ਼ਮੀਨ ਦਾ ਮਾਲਕ ਕਦੇ ਵੀ ਕਿਸੇ ਕਿਸਾਨ ਕੋਲ ਜਾ ਕੇ ਠੇਕੇ 'ਤੇ ਪੈਲੀ ਲੈਣ ਲਈ ਨਹੀਂ ਕਹਿੰਦਾ, ਬਲਕਿ ਠੇਕੇ 'ਤੇ ਲੈ ਕੇ ਜ਼ਮੀਨ ਲੈ ਕੇ ਵਾਹੁਣ ਵਾਲੇ ਕਿਸਾਨ ਇਕ ਦੂਜੇ ਤੋਂ ਚੋਰੀ ਜ਼ਮੀਨ ਠੇਕੇ 'ਤੇ ਲੈਣ ਲਈ ਪਹੁੰਚ ਕਰ ਦੇ ਹਨ | ਕੁਦਰਤੀ ਖੇਤੀ ਦੇ ਮਾਹਿਰ ਅਤੇ ਅਗਾਂਹਵਧੂ ਕਿਸਾਨ ਲਖਵੀਰ ਸਿੰਘ ਗੋਗਾ ਮੌੜ ਨੇ ਕਿਹਾ ਕਿ ਕਿਸਾਨੀ ਨੂੰ ਲਗਾਤਾਰ ਆਰਥਿਕ ਖੋਰਾ ਲੱਗਣ ਦਾ ਕਾਰਨ ਕਿਸਾਨ ਦਾ ਖੇਤਾਂ ਵਿਚ ਨਾ ਖੜਨਾ, ਇੱਥੋ ਤੱਕ ਕਿ ਪੱਠੇ ਵੱਢ ਕੇ ਵਾਪਸ ਮੁੜਨ ਤੱਕ ਹੀ ਸੀਮਤ ਰਹਿ ਗਿਆ | ਉਨ੍ਹਾਂ ਕਿਹਾ ਕਿ ਹੁਣ ਵਿਰਲੇ ਟਾਂਵੇਂ ਕਿਸਾਨਾਂ ਦੇ ਖੇਤ ਚਾਹ ਬਣਦੀ ਹੈ, ਕਿਉਂਕਿ ਚਾਹ ਵੇਲੇ ਤੱਕ ਬਹੁਤੇ ਕਿਸਾਨ ਖੇਤ ਨਹੀਂ ਰਹਿੰਦੇ | ਉਨ੍ਹਾਂ ਕਿਹਾ ਕਿ ਕਈ ਥਾਵਾਂ 'ਤੇ ਸਰਕਾਰ ਦੋਸ਼ੀ ਨਹੀਂ, ਖ਼ੁਦ ਅਸੀਂ ਕਿਸਾਨ ਵੀ ਜ਼ਿੰਮੇਵਾਰ ਹਾਂ | ਉਨ੍ਹਾਂ ਕਿਹਾ ਕਿ ਜੇਕਰ ਕਿਸਾਨੀ ਫ਼ਸਲੀ ਚੱਕਰ 'ਚੋਂ ਨਿਕਲ ਸਕੇ, ਤਾਂ ਇਸ ਲਈ ਮਿਹਨਤ ਬੇਹੱਦ ਜ਼ਰੂਰੀ ਹੈ | ਇਲਾਕੇ ਦੇ ਹੋਰਨਾਂ ਕਿਸਾਨਾਂ ਨੇ ਵੀ ਠੇਕੇ ਦੇ ਭਾਅ ਵਿਚ ਵਾਧਾ ਕਰਨ ਵਾਲੇ ਕਿਸਾਨਾਂ ਨੂੰ ਖੇਤੀ ਤੇ ਲਾਗਤ ਵਸਤਾਂ ਦੇ ਭਾਅ ਅਤੇ ਉਸ ਤੋਂ ਬਚਣ ਵਾਲੇ ਆਰਥਿਕ ਲਾਭ ਬਾਰੇ ਅਨਜਾਣ ਹੋਣ ਦਾ ਦੋਸ਼ ਵੀ ਲਾਇਆ |