ਬਾਘਾ ਪੁਰਾਣਾ, 7 ਨਵੰਬਰ (ਗੁਰਮੀਤ ਸਿੰਘ ਮਾਣੂੰਕੇ, ਟਿੰਕੂ ਕਾਠਪਾਲ)-ਡੀ.ਜੀ.ਪੀ. ਪੰਜਾਬ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਅਜੇ ਗਾਂਧੀ ਐਸ.ਐਸ.ਪੀ. ਮੋਗਾ ਦੇ ਦਿਸ਼ਾ ਨਿਰਦੇਸ਼ ਹੇਠ ਦਲਬੀਰ ਸਿੰਘ ਡੀ.ਐਸ.ਪੀ. ਬਾਘਾ ਪੁਰਾਣਾ ਦੀ ਅਗਵਾਈ ਹੇਠ ਐਸ.ਐਚ.ਓ. ਕਮਲਜੀਤ ਸਿੰਘ ਥਾਣਾ ਸਮਾਲਸਰ ਅਤੇ ਪੁਲਿਸ ਟੀਮ ਨੇ ਪਿੰਡ ਸਮਾਲਸਰ ਵਿਖੇ ਇਕ ਘਰ 'ਚ ਚੋਰੀ ਦੀ ਵਾਰਦਾਤ ਕਰਨ ਵਾਲੇ ਦੋਸ਼ੀਆਂ 'ਚੋਂ ਇਕ ਵਿਅਕਤੀ ਨੂੰ ਫੜਨ 'ਚ ਸਫਲਤਾ ਹਾਸਲ ਕੀਤੀ ਹੈ | ਇਸ ਮੌਕੇ ਐਸ.ਐਚ.ਓ. ਕਮਲਜੀਤ ਸਿੰਘ ਨੇ ਦੱਸਿਆ ਕਿ ਬਜਨ ਨਾਲ ਉਰਫ਼ ਜੋਗੀ ਪੁੱਤਰ ਸ਼ਿੰਦਾ ਵਾਸੀ ਫ਼ਿਰੋਜ਼ਪੁਰ ਤੇ ਸਮਾਂ ਪੁੱਤਰ ਨੋਕ ਵਾਸੀ ਫ਼ਿਰੋਜ਼ਪੁਰ ਵਲੋਂ ਪਿੰਡ ਸਮਾਲਸਰ ਵਿਖੇ ਕੌਰ ਸਿੰਘ ਦੇ ਘਰ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਇਸ ਚੋਰੀ ਦੀ ਤਫ਼ਤੀਸ਼ ਕਰ ਰਹੇ ਹੌਲਦਾਰ ਸਤਵੰਤ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਤੇਜ਼ੀ ਨਾਲ ਭਾਲ ਕੀਤੀ ਗਈ ਜਿਸ ਦੇ ਚੱਲਦਿਆਂ ਦੋਵੇਂ ਦੋਸ਼ੀਆਂ 'ਚੋਂ ਇਕ ਦੋਸ਼ੀ ਭਜਨ ਲਾਲ ਉਰਫ਼ ਜੱਗੀ ਦੇ ਰਹਾਇਸ਼ੀ 'ਤੇ ਛਾਪਾ ਮਾਰਿਆ ਗਿਆ ਤੇ ਤਲਾਸ਼ੀ ਦੌਰਾਨ ਕੁਝ ਗਹਿਣਿਆਂ 'ਚੋਂ ਇਕ ਸੋਨੇ ਦੀ ਸ਼ਾਪ, ਇਕ ਜੋੜਾ ਕਾਂਟੇ, ਚਾਂਦੀ ਦੀਆਂ ਦੋ ਲੇਡੀਜ਼ ਚੂੜੀਆਂ ਤੇ ਇਕ ਕੜਾ ਚਾਂਦੀ ਬਰਾਮਦ ਤੋਂ ਇਲਾਵਾ ਵਾਰਦਾਤ ਸਮੇਂ ਵਰਤਿਆ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀ ਭਜਨ ਲਾਲ ਉਰਫ਼ ਜੋਗੀ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਹੋਰ ਵੀ 22 ਮੁਕੱਦਮੇ ਦਰਜ ਹਨ ਤੇ ਦੂਸਰਾ ਦੋਸ਼ੀ ਸਮਾਂ ਜੋ ਫ਼ਰਾਰ ਹੈ, ਨੂੰ ਜਲਦੀ ਗਿ੍ਫ਼ਤਾਰ ਕਰਕੇ ਬਾਕੀ ਗਹਿਣੇ ਬਰਾਮਦ ਕੀਤੇ ਜਾਣਗੇ | ਇਸ ਮੌਕੇ ਪੁਲਿਸ ਨੇ ਇਕ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |