ਬਰਨਾਲਾ, 15 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਬਰਨਾਲਾ ਵਿਚ ਕਿਸ ਤਰ੍ਹਾਂ ਦੇ ਵਿਕਾਸ ਕਾਰਜ ਹੋ ਰਹੇ ਹਨ ਭਾਵੇਂਕਿ ਇਸ ਸਬੰਧੀ ਤਸਵੀਰਾਂ ਪਹਿਲਾਂ ਵੀ ਸਮੇਂ-ਸਮੇਂ 'ਤੇ ਸਾਹਮਣੇ ਆਈਆਂ ਹਨ, ਪਰ ਹੁਣ ਇਸ ਦੀ ਅਸਲ ਤਸਵੀਰ ਸ਼ਹਿਰ ਦੇ ਸਭ ਤੋਂ ਪ੍ਰਮੁੱਖ ਸਦਰ ਬਾਜ਼ਾਰ ਵਿਚ ਇਕ ਮਹੀਨਾ ਪਹਿਲਾਂ ਪ੍ਰੀਮਿਕਸ ਪਾ ਕੇ ਮੁਰੰਮਤ ਕੀਤੀ ਗਈ ਸੜਕ ਵਿਚ ਮੀਂਹ ਪੈਣ ਤੋਂ ਬਾਅਦ ਵੱਡੇ-ਵੱਡੇ ਪਏ ਟੋਇਆਂ ਨਾਲ ਸਪੱਸ਼ਟ ਰੂਪ ਵਿਚ ਸਾਹਮਣੇ ਆਈ ਹੈ | ਸ਼ਹਿਰ ਵਿਚ ਘਟੀਆ ਕਿਸਮ ਦੇ ਹੋ ਰਹੇ ਵਿਕਾਸ ਕੰਮਾਂ ਪ੍ਰਤੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਚੁੱਪੀ ਅਤੇ ਜ਼ਿਲ੍ਹੇ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨਾ ਨਾ ਕੇਵਲ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ ਉੱਥੇ ਹੋ ਰਹੇ ਮਾੜੇ ਕੰਮਾਂ ਕਾਰਨ ਸ਼ਹਿਰ ਵਾਸੀਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਨਗਰ ਕੌਂਸਲ ਬਰਨਾਲਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਪ੍ਰੇਮ ਪ੍ਰੀਤਮ ਜਿੰਦਲ, ਰਾਜਿੰਦਰ ਉੱਪਲ ਤੇ ਹੋਰ ਆਗੂਆਂ ਨੇ ਕਿਹਾ ਕਿ ਸਦਰ ਬਾਜ਼ਾਰ ਸ਼ਹਿਰ ਦਾ ਮੇਨ ਬਾਜ਼ਾਰ ਹੈ | ਪਿਛਲੇ ਸਮੇਂ ਨਗਰ ਕੌਂਸਲ ਬਰਨਾਲਾ ਵਲੋਂ ਬਾਜ਼ਾਰ ਵਿਚ ਸੀਵਰੇਜ ਪਾਈਪ ਪਾਈ ਗਈ ਸੀ, ਪਾਈਪ ਪਾਉਣ ਤੋਂ ਬਾਅਦ ਪਹਿਲਾਂ ਤਾਂ ਕਾਫ਼ੀ ਸਮਾਂ ਸੜਕ ਦੀ ਮੁਰੰਮਤ ਨਹੀਂ ਕਰਵਾਈ ਗਈ ਲੇਕਿਨ ਜਦੋਂ ਪ੍ਰੀਮਿਕਸ ਪਾ ਕੇ ਮੁਰੰਮਤ ਕਰਵਾਈ ਗਈ ਤਾਂ ਸੜਕ ਇਕ ਮੀਂਹ ਵੀ ਨਹੀਂ ਝੱਲ ਸਕੀ | ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਸ਼ਾਮ ਸਮੇਂ ਪਏ ਮੀਂਹ ਤੋਂ ਬਾਅਦ ਅੱਧੇ ਤੋਂ ਵੱਧ ਸਦਰ ਬਾਜ਼ਾਰ ਵਿਚ ਸੜਕ ਉਪਰ ਥਾਂ-ਥਾਂ 'ਤੇ ਵੱਡੇ-ਵੱਡੇ ਪੈ ਗਏ ਹਨ ਤੇ ਰਾਤ ਸਮੇਂ ਇਨ੍ਹਾਂ ਟੋਇਆਂ ਵਿਚ ਡਿਗ ਕੇ ਬਹੁਤ ਸਾਰੀਆਂ ਗੱਡੀਆਂ ਦਾ ਕਾਫ਼ੀ ਨੁਕਸਾਨ ਵੀ ਹੋਇਆ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਹੋ ਰਹੇ ਵਿਕਾਸ ਕੰਮਾਂ ਵੱਲ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਬਿਲਕੁਲ ਵੀ ਧਿਆਨ ਨਹੀਂ ਹੈ | ਇਸੇ ਕਾਰਨ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਘਟੀਆ ਮੈਟੀਰੀਅਲ ਵਰਤ ਕੇ ਕੰਮ ਕੀਤੇ ਜਾ ਰਹੇ ਹਨ, ਜਿੱਥੇ ਇਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ, ਉੱਥੇ ਸਰਕਾਰੀ ਖ਼ਜ਼ਾਨੇ ਦਾ ਵੀ ਵੱਡੀ ਪੱਧਰ 'ਤੇ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਸਦਰ ਬਾਜ਼ਾਰ ਵਿਚ ਹੋਏ ਕੰਮ ਦੀ ਜਾਂਚ ਕਰਵਾ ਕੇ ਸਬੰਧਿਤ ਅਧਿਕਾਰੀਆਂ ਤੇ ਠੇਕੇਦਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਬਾਜ਼ਾਰ ਵਿਚ ਮੁੜ ਤੋਂ ਵਧੀਆ ਮੈਟੀਰੀਅਲ ਵਰਤ ਕੇ ਸੜਕ ਦੀ ਮੁਰੰਮਤ ਕਰਵਾਈ ਜਾਵੇ | ਇਸ ਮੌਕੇ ਬਲਜਿੰਦਰ ਸਿੰਘ ਟੀਟੂ, ਮਨੀਸ਼ ਬਾਂਸਲ, ਰਿੰਕੂ ਗਰਗ, ਸਤੀਸ਼ ਮੋਚਾ, ਪੰਪੋਸ਼ ਕੌਲ, ਜਗਦੇਵ ਸਿੰਘ, ਹਰਬੰਸ ਸਿੰਘ ਸਾਗੂ, ਰਾਕੇਸ਼ ਕੁਮਾਰ, ਪ੍ਰਵੀਨ ਕੁਮਾਰ ਤੇ ਰਮਨਦੀਪ ਸਿੰਗਲਾ ਆਦਿ ਮੌਜੂਦ ਸਨ |