ਰੂੜੇਕੇ ਕਲਾਂ, 15 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਧੌਲਾ ਤੇ ਕਾਹਨੇਕੇ ਦੇ ਵਿਚਕਾਰ ਖੇਤਾਂ 'ਚ ਧਨੌਲਾ ਰਜਵਾਹਾ ਟੁੱਟਣ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਵਿਚ ਪਾਣੀ ਭਰ ਗਿਆ ਹੈ | ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਰਕੇ ਰਜਵਾਹੇ ਵਿਚ ਪਾਣੀ ਵੀ ਵੱਧ ਮਾਤਰਾ ਵਿਚ ਆ ਰਿਹਾ ਸੀ ਅਤੇ ਮੀਂਹ ਕਾਰਨ ਕਿਸਾਨਾਂ ਨੇ ਰਜਵਾਹੇ ਦੇ ਮੋਘੇ ਪਾਣੀ ਦੀ ਲੋੜ ਨਾ ਹੋਣ ਕਰ ਕੇ ਬੰਦ ਕਰ ਦਿੱਤੇ ਸਨ, ਜਿਸ ਕਰ ਕੇ ਰਜਵਾਹੇ ਵਿਚ ਪਾਣੀ ਜ਼ਿਆਦਾ ਹੋ ਗਿਆ | ਜਿੱਥੋਂ ਰਜਵਾਹੇ ਦੀ ਪਟੜੀ ਕਮਜ਼ੋਰ ਸੀ ਉੱਥੇ ਪਿਛਲੀ ਰਾਤ ਥੋੜ੍ਹਾ ਪਾਣੀ ਟੁੱਟ ਗਿਆ ਸੀ | ਜਿਸ ਤੋਂ ਪਾੜ ਵਧਦਾ ਗਿਆ ਤੇ ਦਿਨ ਚੜ੍ਹਦੇ ਹੀ ਰਜਵਾਹੇ ਵਿਚ ਵੱਡਾ ਪਾੜ ਪੈ ਗਿਆ | ਕਿਸਾਨਾਂ ਦੀਆਂ ਫ਼ਸਲਾਂ ਵਿਚ ਪਾਣੀ ਭਰ ਗਿਆ | ਮੌਕੇ 'ਤੇ ਇਕੱਤਰ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਵੀ ਪਾਣੀ ਵਾਲਾ ਰਜਵਾਹਾ ਕਿਸਾਨਾਂ ਦੇ ਖੇਤਾਂ ਵਿਚ ਟੱੁਟਿਆ ਸੀ | ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵਲੋਂ ਗ਼ੌਰ ਨਾ ਕਰਨ ਕਰ ਕੇ ਹਰ ਸਾਲ ਰਜਵਾਹਾ ਟੱੁਟ ਜਾਂਦਾ ਹੈ, ਜਿਸ ਕਰ ਕੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਜਾਂਦਾ ਹੈ | ਜਿਹੜੇ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਵਿਚ ਸਬਜ਼ੀਆਂ ਦੀ ਕਾਸ਼ਤ ਕੀਤੀ ਸੀ | ਵੱਡੀ ਮਾਤਰਾ ਵਿਚ ਰਜਵਾਹੇ ਦਾ ਪਾਣੀ ਕਿਸਾਨਾਂ ਦੇ ਖੇਤਾਂ ਵਿਚ ਭਰਨ ਕਰ ਕੇ ਸਬਜ਼ੀਆਂ ਦੀਆਂ ਫ਼ਸਲਾਂ ਬਿਲਕੁਲ ਖ਼ਤਮ ਹੋ ਜਾਣਗੀਆਂ ਅਤੇ ਦੂਜੀਆਂ ਫ਼ਸਲਾਂ ਦਾ ਵੀ ਨੁਕਸਾਨ ਹੋਵੇਗਾ | ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪੁਖ਼ਤਾ ਪ੍ਰਬੰਧ ਨਾ ਹੋਣ ਕਰ ਕੇ ਇਲਾਕੇ ਦੇ ਪਿੰਡਾਂ ਦੇ ਨੌਜਵਾਨਾਂ ਨੇ ਪਿੰਡਾਂ ਦੇ ਘਰਾਂ ਵਿਚੋਂ ਬੋਰੀਆਂ ਇਕੱਠੀਆਂ ਕਰ ਕੇ ਮਿੱਟੀ ਦੀਆਂ ਭਰ ਕੇ ਇਲਾਕੇ ਦੇ ਨੌਜਵਾਨਾਂ ਨੇ ਹਿੰਮਤ ਨਾਲ ਰਜਵਾਹੇ ਦੇ ਪਾੜ ਨੂੰ ਬੰਦ ਕੀਤਾ | ਇਕੱਤਰ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਕਿਸਾਨਾਂ ਦੀਆਂ ਫ਼ਸਲਾਂ ਨੂੰ ਨਹਿਰੀ ਪਾਣੀ ਦੀ ਲੋੜ ਹੁੰਦੀ ਹੈ ਤਾਂ ਇਸ ਰਜਵਾਹੇ ਦੇ ਸਾਰੇ ਹੀ ਮੋਘਿਆਂ ਵਿਚ ਪੂਰਾ ਪਾਣੀ ਨਹੀਂ ਪੈਦਾ ਹੈ, ਜਿਸ ਕਰ ਕੇ ਕਿਸਾਨਾਂ ਨੂੰ ਖੇਤਾਂ ਦੀ ਸਿੰਚਾਈ ਲਈ ਪੂਰਾ ਨਹਿਰੀ ਪਾਣੀ ਨਹੀਂ ਮਿਲਦਾ ਹੈ | ਜਦੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਲੋੜ ਨਹੀਂ ਹੁੰਦੀ ਹੈ ਤਾਂ ਰਜਵਾਹਾ ਟੱੁਟ ਕੇ ਰਜਵਾਹੇ ਦਾ ਪਾਣੀ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਕਰ ਦਿੰਦਾ ਹੈ |