ਲੋਹਟਬੱਦੀ, 20 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਈ ਨਿਰਮਲੇ ਸੰਪਰਦਾਇ (ਸ੍ਰੀ ਮੁਕਤਸਰ ਸਾਹਿਬ) ਵਾਲੀ ਦੇ ਤਪੱਸਵੀ ਮਹਾਂਪੁਰਸ਼ਾਂ ਦੇ ਅਸਥਾਨ ਸੰਤ ਬਾਬਾ ਧਿਆਨ ਸਿੰਘ, ਸੰਤ ਬਾਬਾ ਦਲੀਪ ਸਿੰਘ, ਸੰਤ ਬਾਬਾ ਮਾਨ ਸਿੰਘ ਅਤੇ ਸੰਤ ਬਾਬਾ ਚੰਨਣ ਸਿੰਘ ਦੇ ਅਸਥਾਨ ਗੁਰਦੁਆਰਾ ਬਾਬਾ ਬੁੱਢਾ ਸਰ ਸਾਹਿਬ ਲੋਹਟਬੱਦੀ ਤੋਂ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ ਵਿਸ਼ਾਲ ਨਗਰ ਕੀਰਤਨ ਦੇਰ ਰਾਤ ਪੜਾਅ ਦਰ ਪੜਾਅ ਹੁੰਦਾ ਹੋਇਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪੁੱਜਾ | ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਸ਼ਹੀਦ ਭਾਈ ਮਤੀ ਦਾਸ ਜੀ, ਸ਼ਹੀਦ ਭਾਈ ਦਿਆਲਾ ਜੀ, ਸ਼ਹੀਦ ਭਾਈ ਸਤੀ ਦਾਸ ਜੀ ਦੇ ਸਿਦਕ ਸਵੈਮਾਨ ਬੇ-ਮਿਸ਼ਾਲ ਅਦੁੱਤੀਆਂ ਲਾਸਾਨੀ ਸ਼ਹਾਦਤਾਂ ਨੂੰ ਮੁੱਖ ਰੱਖਦਿਆਂ ਸਜਾਏ ਨਗਰ ਕੀਰਤਨ ਦਾ ਸ੍ਰੀ ਅਨੰਦਪੁਰ ਸਾਹਿਬ ਪੁੱਜਣ 'ਤੇ ਮੁੱਖ ਗ੍ਰੰਥੀ ਜੋਗਿੰਦਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਵੱਡੀ ਗਿਣਤੀ ਸੰਗਤਾਂ ਨਾਲ ਸਵਾਗਤ ਕੀਤਾ | ਉਨ੍ਹਾਂ ਨਿਰਮਲੇ ਸੰਪਰਦਾਇ 'ਚੋਂ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਮੌਜੂਦਾ ਮੁਖੀ ਗੁਰਦੁਆਰਾ ਬਾਬਾ ਬੁੱਢਾ ਸਰ ਸਾਹਿਬ ਲੋਹਟਬੱਦੀ ਵਾਲਿਆਂ ਦੀਆਂ ਪੰਥਕ ਸੇਵਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਪਹਿਲਾਂ ਵੀ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਸ਼ਤਾਬਦੀ ਨੂੰ ਸਮਰਪਿਤ 15 ਮਈ 2015 ਨੂੰ ਲੋਹਟਬੱਦੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ, 20 ਅਕਤੂਬਰ 2019 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ ਸਮਾਗਮਾਂ ਨੂੰ ਸਮਰਪਿਤ ਲੋਹਟਬੱਦੀ ਤੋਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੱਕ ਵਿਸ਼ਾਲ ਨਗਰ ਕੀਰਤਨ ਸਜਾਉਣ ਦੀ ਸੇਵਾ ਕੀਤੀ ਸੀ | ਨਗਰ ਕੀਰਤਨ ਦੀ ਸੰਪੂਰਨਤਾ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਲੋਂ ਪੰਜ ਪਿਆਰਿਆਂ ਅਤੇ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੂੰ ਸਿਰੋਪਾਓ ਭੇਂਟ ਕੀਤਾ ਗਿਆ | ਸੰਤ ਲੋਹਟਬੱਦੀ ਨੇ ਕਿਹਾ ਕਿ ਨਿਰਮਲੇ ਸੰਪਰਦਾਇ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ 'ਤੇ ਚਲਦਿਆਂ ਬਾਣੀ ਅਤੇ ਬਾਣੇ ਦਾ ਪ੍ਰਚਾਰ ਕਰਨ ਲਈ ਯਤਨਸ਼ੀਲ ਹੈ | ਇਸ ਮੌਕੇ ਵੱਖ-ਵੱਖ ਸੰਤ-ਮਹਾਂਪੁਰਸ਼ ਹਾਜ਼ਰ ਸਨ |